ਅੰਮ੍ਰਿਤਸਰ 29 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਸੂਫੀ ਗਾਇਕ ਮਨਮੀਤ ਸਿੰਘ ਸੈਣ ਅੱਜ ਤੋਂ ਚਾਰ ਸਾਲ ਪਹਿਲਾਂ ਇੱਕ ਦੁਖਦਾਈ ਘਟਨਾ ਵਾਪਰਨ ਕਰਕੇ
ਆਪਣੇ ਪਰਿਵਾਰ ਨੂੰ ਭਰ ਜਵਾਨੀ `ਚ ਅਸਹਿ ਤੇ ਅਕਹਿ ਵਿਛੋੜਾ ਦੇ ਗਿਆ ਸੀ।ਉਸ ਦੀ ਯਾਦ `ਚ ਉਹਨਾਂ ਦੇ ਪਿਤਾ ਸ਼ੰਕਰ ਸੁਖਦੇਵ ਸਿੰਘ ਵੱਧਨ ਵਲੋਂ ਸੰਪਾਦਿਤ ਕੀਤੀ ਪੁਸਤਕ “ਫੱਕਰ ਤੇਰੇ ਸ਼ਹਿਰ ਦਾ” ਇੰਦਰਜੀਤ ਸਿੰਘ ਬਾਸਰਕੇ ਚੇਅਰਮੈਨ ਸਮਾਲ ਸਕੇਲ ਇੰਡਸਟਰੀ ਭਾਰਤ ਸਰਕਾਰ ਵਲੋਂ ਆਪਣੇ ਦਫ਼ਤਰ ਵਿਖੇ ਲੋਕ ਅਰਪਣ ਕੀਤੀ ਗਈ।ਸ਼ੰਕਰ ਸੁਖਦੇਵ ਸਿੰਘ ਵੱਧਨ ਨੇ ਆਪਣੇ ਹੋਣਹਾਰ ਸਪੁੱਤਰ ਸੂਫ਼ੀ ਗਾਇਕ ਮਨਮੀਤ ਦੀਆਂ ਯਾਦਾਂ ਤਾਜ਼ੀਆਂ ਕਰਦਿਆਂ ਦੱਸਿਆ ਕਿ ਮਨਮੀਤ ਸਿੰਘ ਸੈਣ ਤੇ ਕਿਰਨਪਾਲ ਸਿੰਘ ਸੈਣ “ਸੈਣ ਬ੍ਰਦਰਜ਼” ਵਜੋਂ ਜਾਣੇ ਜਾਂਦੇ ਸਨ।ਸੂਫ਼ੀ ਗਾਇਕੀ ਦੇ ਖੇਤਰ ਵਿੱਚ ਸਾਡੇ ਪਰਿਵਾਰ ਨਾਲ ਹਮਦਰਦੀ ਤੇ ਸਨੇਹ ਰੱਖਣ ਵਾਲੇ ਲੇਖਕਾਂ ਨੇ ਆਪਣੇ ਜਜ਼ਬਾਤਾਂ ਤੇ ਅਹਿਸਾਸਾਂ ਨੂੰ ਲੇਖ ਅਤੇ ਕਵਿਤਾਵਾਂ ਰਾਹੀਂ ਯਾਦ ਕਰਦਿਆਂ ਮਨਮੀਤ ਸਿੰਘ ਸੈਣ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।ਪ੍ਰਿੰਸੀਪਲ ਰਣਜੀਤ ਸਿੰਘ, ਚੇਅਰਮੈਨ ਇੰਦਰਜੀਤ ਸਿੰਘ ਬਾਸਰਕੇ, ਮਰਕਸ ਪਾਲ ਗੁਮਟਾਲਾ ਤੇ ਸੁਖਬੀਰ ਸਿੰਘ ਖੁਰਮਣੀਆਂ ਅਤੇ ਹੋਰਨਾਂ ਨੇ ਕਿਹਾ ਕਿ ਲੇਖਕ, ਗਾਇਕ, ਕਲਾਕਾਰ ਤੇ ਅਦਾਕਾਰ ਆਪਣੀਆਂ ਕਲਾ ਕ੍ਰਿਤਾਂ ਰਾਹੀਂ ਸਦਾ ਲੋਕ ਮਨਾ `ਚ ਵੱਸਦੇ ਰਹਿੰਦੇ ਹਨ।ਮਨਮੀਤ ਸੈਣ ਦੇ ਪਿਤਾ ਸ਼ੰਕਰ ਸੁਖਦੇਵ ਸਿੰਘ ਵੱਧਨ ਨਾਲ ਯਾਦਾਂ ਤਾਜ਼ੀਆਂ ਕਰਦਿਆਂ ਹਾਜ਼ਰੀਨ ਨੇ ਮਾਹੌਲ ਨੂੰ ਬਹੁਤ ਭਾਵੁਕ ਕਰ ਦਿੱਤਾ।ਪੁਸਤਕ ਵਿੱਚਲੀਆਂ ਕਵਿਤਾਵਾਂ `ਚ ਮਨਮੀਤ ਦੇ ਤੁਰ ਜਾਣ ਮਗਰੋਂ ਹਰੇਕ ਰਿਸ਼ਤੇ ਦਾ ਦਰਦ ਬਿਆਨ ਹੋਇਆ ਹੈ।ਵੱਖ ਵੱਖ ਲੇਖਕਾਂ ਵਲੋਂ ਲਿਖੀਆਂ ਲਿਖਤਾਂ ਪੁੱਤਰ ਦੇ ਵਿਛੋੜੇ ਪ੍ਰਤੀ ਦਿਲ ਨੂੰ ਧੂਹ ਪਾਉਣ ਦੇ ਨਾਲ-ਨਾਲ ਵੈਰਾਗ ਦਾ ਸਿਖ਼ਰ ਹੋ ਨਿਬੜੀਆਂ ਹਨ।
ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਨਰਿੰਦਰ ਸਿੰਘ ਨੋਨੀ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਭੱਲਾ ਕਲੋਨੀ ਛੇਹਰਟਾ, ਜਤਿੰਦਰ ਸਿੰਘ ਕੁੱਕੂ, ਅਸ਼ੋਕ ਸ਼ਰਮਾ, ਕਿਰਨਪਾਲ ਸਿੰਘ ਕੇ.ਪੀ, ਡਾ: ਮਨਪ੍ਰੀਤ ਸਿੰਘ, ਮਲੂਕ ਸਿੰਘ ਮਿੰਟੂ, ਕਰਮਜੀਤ ਸਿੰਘ ਬਾਸਰਕੇ ਚੇਅਰਮੈਨ ਮਨਮੋਹਨ ਸਿੰਘ ਬਾਸਰਕੇ ਯਾਦਗਾਰੀ ਟਰੱਸਟ, ਅਮਨਦੀਪ ਸਿੰਘ ਹਾਜ਼ਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media