Wednesday, March 4, 2026

ਖ਼ਾਲਸਾ ਕਾਲਜ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਾਕੇ ਨੂੰ ਸਮਰਪਿਤ ਸੈਮੀਨਾਰ

ਅੰਮ੍ਰਿਤਸਰ, 8 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਧਾਰਮਿਕ ਅਧਿਐਨ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਾਕੇ ਨੂੰ ਸਮਰਪਿਤ ‘ਸ੍ਰੀ ਗੁਰੂ ਤੇਗ ਬਹਾਦਰ ਜੀ: ਜੀਵਨ ਫ਼ਲਸਫ਼ਾ ਅਤੇ ਸ਼ਹਾਦਤ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਨਿਰਦੇਸ਼ਾਂ ’ਤੇ ਕਰਵਾਏ ਗਏ ਉਕਤ ਸੈਮੀਨਾਰ ਦੀ ਆਰੰਭਤਾ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਕਾਲਜ ਸ਼ਬਦ ਅਤੇ ਦਸਮ ਗੁਰੂ ਜੀ ਦੁਆਰਾ ਨੌਵੇਂ ਗੁਰੁ ਜੀ ਦੇ ਸ਼ਹੀਦੀ ਸਾਕੇ ਸਬੰਧੀ ਰਚਿਤ ਸ਼ਬਦ ਦਾ ਗਾਇਣ ਕਰਕੇ ਕੀਤੀ ਗਈ।
ਵਿਭਾਗ ਇੰਚਾਰਜ ਅਤੇ ਡੀਨ ਆਰਟਸ ਐਂਡ ਹਿਊਮੈਨਟਿਜ਼ ਪ੍ਰੋ. ਜਸਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ, ਬੁਲਾਰਿਆਂ, ਸਰੋਤਿਆਂ ਅਤੇ ਵਿਦਿਆਰਥੀਆਂ ਨੂੰ ‘ਜੀ ਆਇਆ’ ਆਖਿਆ।ਸੈਮੀਨਾਰ ਦੇ ਉਦਘਾਟਨੀ ਭਾਸ਼ਣ ’ਚ ਬੋਲਦਿਆਂ ਪ੍ਰਿੰ: ਡਾ. ਰੰਧਾਵਾ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਅਤੇ ਸ਼ਹਾਦਤ ਸੰਸਾਰ ਭਰ ਲਈ ਇੱਕ ਸਰਵੋਤਮ ਮਿਸਾਲ ਹੈ।ਗੁਰੂ ਜੀ ਨੇ ਸਮਕਾਲੀ ਹਕੂਮਤ ਦੇ ਜ਼ਬਰ ਦਾ ਸਾਹਮਣਾ ਕਰਦਿਆਂ ਅਤੇ ਧਰਮ ਦੀ ਰਾਖੀ ਖਾਤਰ ਸ਼ਹਾਦਤ ਦਿੱਤੀ ਜਿਸ ਨਾਲ ਭੈਭੀਤ ਲੋਕਾਈ ’ਚ ਨਿਰਭੈਤਾ ਦਾ ਸੰਚਾਰ ਹੋਇਆ।
ਸੈਮੀਨਾਰ ਵਿੱਚ ਵਿਦਵਾਨ ਬੁਲਾਰਿਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ, ਫ਼ਲਸਫ਼ੇ ਅਤੇ ਸ਼ਹਾਦਤ ਸਬੰਧੀ ਵੱਖ-ਵੱਖ ਪੱਖਾਂ ’ਤੇ ਬਹੁਮੁੱਲੀ ਜਾਣਕਾਰੀ ਸਾਂਝੀ ਕੀਤੀ।ਡਾ. ਮੁਹੱਬਤ ਸਿੰਘ ਨੇ ‘ਗੁਰਮੁਖੀ ਸਰੋਤਾਂ ’ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ’ ਵਿਸ਼ੇ ’ਤੇ ਬੋਲਦਿਆਂ ਗੁਰਮੁਖੀ ’ਚ ਲਿਖਤ ਸਰੋਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕੁਝ ਬ੍ਰਜ ਅਤੇ ਦੇਵਨਾਗਰੀ ’ਚ ਲਿਖਤ ਸਰੋਤਾਂ ਦਾ ਜ਼ਿਕਰ ਕਰਦਿਆਂ ਗੁਰਮੁਖੀ ਸਰੋਤਾਂ ’ਚ ਦਰਜ਼ ਗੁਰੂ ਜੀ ਦੇ ਜੀਵਨ, ਆਭਾ ਅਤੇ ਸ਼ਹਾਦਤ ਆਦਿ ਸਬੰਧੀ ਵੇਰਵਿਆਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ।
ਦੂਜੇ ਵਿਦਵਾਨ ਬਲਦੀਪ ਸਿੰਘ ਰਾਮੂਵਾਲੀਆ ਨੇ ‘ਸ਼ਹਾਦਤ’ ਸ਼ਬਦ ਦੇ ਇਤਿਹਾਸਕ ਪਿਛੋਕੜ ਅਤੇ ਇਸ ਅਰਥਾਂ ਦੇ ਸੰਚਾਰ ਸਬੰਧੀ ਜਾਣੂ ਕਰਵਾਇਆ।ਉਨ੍ਹਾਂ ਨੇ ਸਿੱਖ ਇਤਿਹਾਸਕ ਪਰੰਪਰਾ ਵਿੱਚ ‘ਸਾਕਾ’ ਸ਼ਬਦ ਦੀ ਮੌਲਿਕਤਾ ਅਤੇ ਇਸ ਦੀ ਸ਼ਹਾਦਤ ਸ਼ਬਦ ਨਾਲੋਂ ਵਿਲੱਖਣਤਾ ਉਜਾਗਰ ਕਰਦਿਆਂ ਸਿੱਖ ਧਰਮ ’ਚ ਸ਼ਹਾਦਤ ਸ਼ਬਦ ਦੇ ਪ੍ਰਚਲਣ ਸਬੰਧੀ ਰੌਸ਼ਨੀ ਪਾਈ।ਰਾਮੂਵਾਲੀਆ ਨੇ ਸ਼ਹਾਦਤ ਦੇ ਪ੍ਰਸੰਗ ’ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ ਵਿਲੱਖਣਤਾ ਦਾ ਪੱਖ ਵੀ ਬਾਖੂਬੀ ਪ੍ਰਗਟ ਕੀਤਾ।
ਉਘੇ ਸਿੱਖ ਵਿਦਵਾਨ ਪ੍ਰੋ. ਬਲਵੰਤ ਸਿੰਘ ਢਿੱਲੋਂ ਨੇ ਸੈਮੀਨਾਰ ਦੇ ਪ੍ਰਧਾਨਗੀ ਬੋਲਾਂ ਰਾਹੀਂ ਗੁਰੂ ਜੀ ਦੇ ਵਿਰਸੇ ਤੇ ਵਿਰਾਸਤ ਤੋਂ ਜਾਣੂ ਕਰਵਾਇਆ।ਉਨ੍ਹਾਂ ਨੇ ਗ਼ੁਲਾਮ ਹੁਸੈਨ ਦੁਆਰਾ ਲਿਖਤ ਇਕ ਫ਼ਾਰਸੀ ਸਰੋਤ ’ਤੇ ਅਧਾਰਿਤ ਪਿਛਲੇਰੀਆਂ ਕੁੱਝ ਅੰਗਰੇਜ਼ੀ ਅਤੇ ਹੋਰ ਲਿਖਤਾਂ ’ਚ ਗੁਰੂ ਜੀ ਸਬੰਧੀ ਦਰਜ਼ ਗਲਤ ਤੱਥਾਂ ਦਾ ਸੱਚ ਸਾਹਮਣੇ ਰੱਖਿਆ।
ਉਨ੍ਹਾਂ ਨੇ ਦੱਸਿਆ ਕਿ ਕਿਵੇਂ ਇਕ ਤਤਕਾਲੀ ਮੁਗ਼ਲ ਹਕੂਮਤ ਪੱਖੀ ਵਿਅਕਤੀ ਦੀਆਂ ਮਨ-ਘੜਤ ਗੱਲਾਂ ’ਤੇ ਅਧਾਰਿਤ ਇੱਕ ਲਿਖਤ ਨੂੰ ਅਧਾਰ ਬਣਾ ਕੇ ਗੁਰੂ ਤੇਗ ਬਹਾਦਰ ਜੀ ਦੀ ਉੱਚੀ-ਸੁੱਚੀ ਸ਼ਖਸ਼ੀਅਤ ਬਾਰੇ ਕੂੜ ਪ੍ਰਚਾਰ ਕਰਕੇ ਤੁਅੱਸਬੀ ਬਾਦਸ਼ਾਹ ਔਰੰਗਗ਼ੇਬ ਅਤੇ ਉਸ ਦੀ ਹਕੂਮਤ ਨੂੰ ਸਹੀ ਸਿੱਧ ਕਰਨ ਦੇ ਯਤਨ ਹੁੰਦੇ ਰਹੇ ਹਨ।ਉਨ੍ਹਾਂ ਕਿਹਾ ਕਿ ਇਸ ਬ੍ਰਿਤਾਂਤ ਨੂੰ ਜਾਣਦਿਆਂ ਹੋਇਆਂ ਵੀ ਨਾਮਵਰ ਇਤਹਾਸਕਾਰਾਂ ਨੇ ਇਸ ਬਾਰੇ ਚੁੱਪੀ ਵੱਟੀ ਰੱਖੀ ਅਤੇ ਇਹ ਅਕਾਦਮਿਕ ਖੇਤਰ ਦੇ ਸਿਲੇਬਸ ਅਤੇ ਪਾਠ ਪੁਸਤਕਾਂ ਵਿੱਚ ਪਿੱਛਲੇ ਕਾਫੀ ਸਮੇਂ ਤੋਂ ਪੜ੍ਹਾਇਆ ਜਾ ਰਿਹਾ ਹੈ।ਉਨ੍ਹਾਂ ਨੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਸਹੀ ਤੇ ਪ੍ਰਮਾਣਿਕ ਸਰੋਤਾਂ ਦੀ ਪਰਖ-ਪੜਚੋਲ ਕਰਨ ਸਬੰਧੀ ਕੁੱਝ ਨੁਕਤੇ ਵੀ ਦੱਸੇ।ਅਖੀਰ ’ਚ ਧਾਰਮਿਕ ਅਧਿਐਨ ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ. ਸੁਖਪਾਲ ਸਿੰਘ ਨੇ ਸੈਮੀਨਾਰ ’ਚ ਸ਼ਾਮਿਲ ਮਹਿਮਾਨਾਂ, ਬੁਲਾਰਿਆਂ, ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …