
ਫਾਜ਼ਿਲਕਾ, 15 ਜਨਵਰੀ (ਵਿਨੀਤ ਅਰੋੜਾ) -ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜਨਤਾ ਦੇ ਸੇਵਕ ਬਣ ਕੇ ਆਪਣੀ ਡਿਉਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ ਅਤੇ ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਲੋਕਾਂ ਨੂੰ ਮਿੱਥੇ ਸਮੇਂ ਅੰਦਰ ਸੇਵਾਵਾਂ ਮੁਹੱਈਆ ਕਰਾਉਣੀਆਂ ਚਾਹੀਦੀਆਂ ਹਨ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ । ਇਹ ਆਦੇਸ਼ ਪੰਜਾਬ ਦੇ ਕੈਬਿਨੇਟ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਚੇਅਰਮੈਨ ਜਿਲ੍ਹਾ ਸ਼ਕਾਇਤ ਨਿਵਾਰਨ ਕਮੇਟੀ ਨੇ ਕਮੇਟੀ ਦੀ ਮਹੀਨਾਵਾਰ ਮੀਟਿੰਗ ਮੌਕੇ ਅਧਿਕਾਰੀਆਂ ਨੂੰ ਦਿੱਤੇ ।ਇਸ ਮੀਟਿੰਗ ਵਿਚ ਸਾਂਸਦ ਸ.ਸ਼ੇਰ ਸਿੰਘ ਘੁਬਾਇਆ, ਕੈਬਿਨੇਟ ਮੰਤਰੀ ਚੋ. ਸੁਰਜੀਤ ਕੁਮਾਰ ਜਿਆਣੀ, ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਵੀ ਹਾਜਰ ਸਨ ।
ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਚੇਅਰਮੈਨ ਤੇ ਬਾਕੀ ਕਮੇਟੀ ਮੈਂਬਰਾਂ ਨੂੰ ਜੀ ਆਇਆਂ ਕਿਹਾ ਅਤੇ ਪ੍ਰਾਪਤ ਸ਼ਕਾਇਤਾਂ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਜਿਲ੍ਹਾ ਸ਼ਕਾਇਤ ਨਿਵਾਰਨ ਕਮੇਟੀ ਵਿਚ 20 ਤੋਂ ਵੱਧ ਸ਼ਕਾਇਤਾਂ ਰੱਖੀਆਂ ਗਈਆਂ ਜਿਸ ਵਿਚ ਮੰਤਰੀ ਜੀ ਅਤੇ ਮੈਂਬਰਾਂ ਨੇ ਸ਼ਕਾਇਤ ਕਰਤਾ ਅਤੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਦੇ ਪੱਖ ਸੁਨਣ ਤੋਂ ਬਾਅਦ ਉਨ੍ਹਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਅਤੇ ਬਕਾਇਆ 2 ਸ਼ਕਾਇਤਾਂ ਦੇ ਨਿਪਟਾਰੇ ਲਈ 1 ਹਫਤੇ ਦਾ ਸਮਾਂ ਦਿੱਤਾ । ਇਸ ਮੌਕੇ ਕੈਬਿਨੇਟ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਜਿਲ੍ਹਾ ਸ਼ਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਹਰ ਮਹੀਨੇ ਹੋਵੇਗੀ ਅਤੇ ਆਪਣੀ ਡਿਉਟੀ ਵਿਚ ਕੋਤਾਹੀ ਕਰਨ ਵਾਲੇ ਅਤੇ ਮੀਟਿੰਗ ਵਿਚ ਹਾਜਰ ਨਾ ਹੋਣ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ ਬਰਾੜ ਨੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਸਰਕਾਰੀ ਕੰਮਾਂ ਵਿਚ ਪੂਰੀ ਪਾਰਦਰਸ਼ਤਾ ਲਿਆਂਦੀ ਜਾਵੇਗੀ ਅਤੇ ਡਿਉਟੀ ਵਿਚ ਕੋਤਾਹੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਪੂਰੀ ਸਖ਼ਤੀ ਵਰਤੀ ਜਾਵੇਗੀ । ਇਸ ਤੋਂ ਪਹਿਲਾਂ ਸਥਾਨਕ ਨਹਿਰੀ ਵਿਸ਼ਰਾਮ ਘਰ ਵਿਖੇ ਕੈਬਿਨੇਟ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਨੂੰ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ ।
ਮੀਟਿੰਗ ਦੌਰਾਂਨ ਕੈਬਿਨਟ ਮੰਤਰੀ ਚੋ. ਸੁਰਜੀਤ ਕੁਮਾਰ ਜਿਆਣੀ ਅਤੇ ਮੈਂਬਰ ਲੋਕ ਸਭਾ ਸ. ਸ਼ੇਰ ਸਿੰਘ ਘੁਬਾਇਆ ਨੇ ਸਿੰਚਾਈ ਮੰਤਰੀ ਸ. ਸ਼ਰਨਜੀਤਸਿੰਘ ਢਿੱਲੋਂ ਨੂੰ ਇਲਾਕੇ ਦੀਆਂ ਸਿੰਚਾਈ ਤੇ ਸੇਮ ਆਦਿ ਦੀ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਅਤੇ ਸਿੰਚਾਈ ਮੰਤਰੀ ਨੇ ਇਨ੍ਹਾਂ ਦੇ ਹਲ ਲਈ ਭਰੋਸਾ ਦਿੱਤਾ।ਮੀਟਿੰਗ ਦੌਰਾਂਨ ਸ਼੍ਰੀ ਸਵਪਨ ਸ਼ਰਮਾ ਐਸ.ਐਸ.ਪੀ, ਸ. ਚਰਨਦੇਵ ਸਿੰਘ ਮਾਨ ਵਧੀਕ ਡਿਪਟੀ ਕਮਿਸ਼ਨਰ, ਅਕਾਲੀ ਦਲ ਦਿਹਾਤੀ ਦੇ ਜਿਲ੍ਹਾ ਪ੍ਰਧਾਨ ਸ. ਗੁਰਪਾਲ ਸਿੰਘ ਗਰੇਵਾਲ, ਅਸ਼ੋਕ ਅਨੇਜਾ, ਜੱਥੇਦਾਰ ਕੌਰ ਸਿੰਘ, ਸ. ਕੁਲਪ੍ਰੀਤ ਸਿੰਘ ਸਹਾਇਕ ਕਮਿਸ਼ਨਰ, ਸੁਭਾਸ਼ ਖਟਕ ਐਸ.ਡੀ.ਐਮ. ਫਾਜਿਲਕਾ, ਸ.ਰਾਜਪਾਲ ਸਿੰਘ ਐਸ.ਡੀ.ਐਮ. ਅਬੋਹਰ, ਸ. ਗੁਰਜੀਤ ਸਿੰਘ ਐਸ.ਡੀ.ਐਮ. ਜਲਾਲਾਬਾਦ, ਸ. ਲਖਵਿੰਦਰ ਸਿੰਘ ਰੋਹੀਵਾਲਾ, ਸ. ਬੱਬੂ ਜੈਮਲ ਵਾਲਾ, ਸਵੀ ਕਾਠਪਾਲ, ਸ. ਗੁਰਪ੍ਰੀਤ ਸਿੰਘ ਲਵਲੀ ਕਾਠਪਾਲ, ਸ.ਪਰਮਜੀਤ ਸਿੰਘ ਵੈਰੜ, ਅਸ਼ੋਕ ਆਹੂਜਾ, ਅਨਿਲ ਸੇਠੀ, ਬਲਜੀਤ ਸਹੋਤਾ, ਕਾਮਰੇਡ ਹੰਸ ਰਾਜ ਗੋਲਡਨ ਤੋ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਜਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਤੇ ਸ਼ਕਾਇਤ ਕਰਤਾ ਹਾਜਰ ਸਨ ।
Punjab Post Daily Online Newspaper & Print Media