Monday, September 21, 2026

ਮੰਚ ਵਲੋਂ ਮੋਹਨ ਸਿੰਘ ਸੇਵਾਮੁਕਤ ਪੰਜਾਬ ਸਟੇਟ ਡਰੱਗ ਕੰਟਰੋਲਰ ਦੇ ਦੇਹਾਂਤ `ਤੇ ਦੁੱਖ਼ ਦਾ ਪ੍ਰਗਟਾਵਾ

ਅੰਮ੍ਰਿਤਸਰ, 18 ਜਨਵਰੀ (ਜਗਦੀਪ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਮੋਹਨ ਸਿੰਘ ਸੇਵਾਮੁਕਤ ਪੰਜਾਬ ਸਟੇਟ ਡਰੱਗ ਕੰਟਰੋਲਰ ਤੇ ਲਾਇਸੈਂਸਿੰਗ ਅਥਾਰਟੀ ਆਫ਼ ਪੰਜਾਬ ਦੇ ਅਕਾਲ ਚਲਾਣੇ `ਤੇ ਦੁੱਖ਼ ਦਾ ਪ੍ਰਗਟਾਵਾ ਕੀਤਾ ਗਿਆ ਹੈ। ਮੰਚ ਦੇ ਸਰਪ੍ਰਸਤ ਪ੍ਰੋਫ਼ੈਸਰ ਮੋਹਣ ਸਿੰਘ, ਡਾ. ਚਰਨਜੀਤ ਸਿੰਘ ਗੁਮਟਾਲਾ, ਮਨਮੋਹਨ ਸਿੰਘ ਬਰਾੜ, ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਹਰਦੀਪ ਸਿੰਘ ਚਾਹਲ, ਇੰਜ. ਹਰਜਾਪ ਸਿੰਘ ਔਜਲਾ, ਪ੍ਰਧਾਨ ਸੁਰਿੰਦਰਜੀਤ ਸਿੰਘ ਬਿੱਟੂ, ਜਨਰਲ ਸਕੱਤਰ ਯੋਗੇਸ਼ ਕਾਮਰਾ ਤੇ ਮੈਂਬਰਾਨ ਵਲੋਂ ਜਾਰੀ ਇਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਉਹ ਬਹੁਤ ਹੀ ਨੇਕ, ਦਿਆਲੂ ਤੇ ਮਿਲਣਸਾਰ ਸਨ। ਉਨ੍ਹਾਂ ਦਾ ਜਨਮ 14 ਮਾਰਚ 1947 ਨੁੰ ਸ. ਸੇਵਾ ਸਿੰਘ ਦੇ ਗ੍ਰਹਿ ਅੰਮ੍ਰਿਤਸਰ ਵਿਖੇ ਹੋਇਆ, ਉਹ ਘਰ ਵਿੱਚ ਸਭ ਤੋਂ ਛੋਟੇ ਸਪੁੱਤਰ ਸਨ।ਉਨ੍ਹਾਂ ਨੇ ਸਰਕਾਰੀ ਹਾਇਰ ਸੈਕੰਡਰੀ ਸਕੂਲ ਟਾਊਨ ਹਾਲ ਅੰਮ੍ਰਿਤਸਰ ਤੋਂ 1964 ਵਿੱਚ ਹਾਇਰ ਸੈਕੰਡਰੀ ਪਾਸ ਕੀਤੀ ਤੇ 1967 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬੀ.ਐਸ.ਸੀ ਮੈਡੀਕਲ ਕੀਤੀ।ਉਨ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 1970 ਵਿਚ ਬੀ.ਫਾਰਮੇਸੀ ਤੇ 1972 ਵਿੱਚ ਐਮ.ਫਾਰਮੇਸੀ ਕੀਤੀ ਤੇ ਇਸੇ ਸਾਲ ਗੌਰਮਿੰਟ ਵੁੋਮੈਨ ਪੌਲੀਟੈਕਨਿਕ ਕਾਲੇਜ ਚੰਡੀਗੜ੍ਹ ਲੈਕਚਰਾਰ ਲੱਗ ਗਏ।ਇੱਕ ਸਾਲ ਇੱਥੇ ਨੌਕਰੀ ਕੀਤੀ ।1973 ਵਿੱੱਚ ਉਨ੍ਹਾਂ ਦਾ ਵਿਆਹ ਸ੍ਰੀਮਤੀ ਕੁਲਦੀਪ ਕੌਰ ਨਾਲ ਹੋਇਆ। ਫਿਰ ਉਨ੍ਹਾਂ ਫਰੀਦਾਬਾਦ ਦਵਾਈਆਂ ਬਨਾਉਣ ਦੀ ਕੰਪਨੀ ਵਿੱਚ ਮੈਨੂਫੈਕਚਰਿੰਗ ਕੈਮਿਸਟ ਦੀ ਇੱਕ ਸਾਲ ਨੌਕਰੀ ਕੀਤੀ ਤੇ 1974 ਵਿੱਚ ਪੰਜਾਬ ਸਰਕਾਰ ਵਿੱਚ ਬਤੌਰ ਡਰੱਗ ਇੰਸਪੈਕਟਰ ਅਫਸਰ ਨਿਯੁੱਕਤ ਹੋਏ। 2002 ਵਿੱਚ ਉਨ੍ਹਾਂ ਨੂੰ ਪਦ ਉਨਤ ਕਰਕੇ ਸਟੇਟ ਡਰੱਗਜ਼ ਕੰਟਰੋਲ ਅਤੇ ਲਾਇਸੈਂਸਿੰਗ ਅਥਾਰਟੀ ਆਫ ਪੰਜਾਬ ਬਣਾ ਦਿੱਤਾ ਗਿਆ, ਜਿਸ ਤੋਂ ਉਹ 31 ਮਾਰਚ 2005 ਵਿੱਚ ਸੇਵਾ ਮੁਕਤ ਹੋਏ।ਉਹ ਫਾਰਮੇਸੀ ਕੌਂਸਲ ਆਫ ਪੰਜਾਬ ਤੇ ਫਾਰਮੇਸੀ ਕੌਂਸਲ ਆਫ ਇੰਡੀਆ ਦੇ ਵੀ ਮੈਂਬਰ ਰਹੇ। ਉਹ ਅੰਮ੍ਰਿਤਸਰ ਵਿਕਾਸ ਮੰਚ ਦੇ ਮੁੱਢਲੇ ਮੈਂਬਰਾਂ ਵਿੱਚੋਂ ਇੱਕ ਸਨ। ਉਨ੍ਹਾਂ ਦੇ ਦੋ ਬੇਟੇ ਹਨ। ਵੱਡਾ ਲੜਕਾ ਸਰਵਿੰਦਰ ਸਿੰਘ ਦੀ ਫਾਰਮਾਸਿਊਟੀਕਲ ਕੰਪਨੀ ਹੈ ਤੇ ਛੋਟਾ ਬੇਟਾ ਸਿਮਰਜੋਤ ਸਿੰਘ ਜਰਮਨ ਵਿੱਚ ਕੰਪਿਊਟਰ ਸੋਫਟਵੇਅਰ ਇੰਜੀਨੀਅਰ ਹੈ। ਉਹ 11 ਜਨਵਰੀ 2026 ਨੂੰ ਇਸ ਫਾਨੀ ਦੁਨੀਆਂ ਤੋਂ ਕੂਚ ਕਰ ਗਏ।

 

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …