Sunday, February 22, 2026

ਛੀਨਾ ਨੇ ਹਿੰਦ-ਪਾਕਿ ਸਰਹੱਦੀ ਵਾੜ ਦੇ ਹੱਲ ਲਈ ਮੋਦੀ ਸਰਕਾਰ ਦੀ ਕੀਤੀ ਸ਼ਲਾਘਾ

ਅੰਮ੍ਰਿਤਸਰ, 27 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਭਾਰਤ-ਪਾਕਿ ਸਰਹੱਦ ’ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਸਾਲ 1990 ਦੇ ਦਹਾਕੇ ਦੌਰਾਨ ਸਥਾਪਿਤ ਕੰਡਿਆਲੀ ਤਾਰ ਦੇ ਨਤੀਜੇ ਵਜੋਂ ਹਜ਼ਾਰਾਂ ਏਕੜ ਵਾਹੀਯੋਗ ਜ਼ਮੀਨ ਖੁਸਣ ਕਾਰਨ ਕਿਸਾਨਾਂ ਦੇ ਚਿਰਾਂ ਤੋਂ ਲਟਕ ਰਹੇ ਮਸਲੇ ਨੂੰ ਮੋਦੀ ਸਰਕਾਰ ਵੱਲੋਂ ਹੱਲ ਕਰਨ ਦੇ ਸ਼ਲਾਘਾਯੋਗ ਫੈਸਲੇ ਦਾ ਅੱਜ ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਪੁਰਜ਼ੋਰ ਸਵਾਗਤ ਕੀਤਾ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨੁਕੀਲੀ ਤਾਰ ਨੂੰ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਤਬਦੀਲ ਕਰਕੇ ਕਿਸਾਨ ਹਿੱਤ ਵੱਡਾ ਫੈਸਲਾ ਲਿਆ ਹੈ।
ਸ: ਛੀਨਾ ਨੇ ਮੋਦੀ ਅਤੇ ਸ਼ਾਹ ਨੂੰ ਲਿਖੇ ਆਪਣੇ ਪੱਤਰ ਸਬੰਧੀ ਜਾਣਕਾਰੀ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਕੰਡਿਆਲੀ ਤਾਰ ਨੂੰ ਅੰਤਰਰਾਸ਼ਟਰੀ ਸਰਹੱਦ ਦੇ ਨਜ਼ਦੀਕ ਮੁੜ ਸਥਾਪਿਤ ਕਰਕੇ ਹਜ਼ਾਰਾਂ ਏਕੜ ਵਾਹੀਯੋਗ ਜ਼ਮੀਨ ਕਿਸਾਨਾਂ ਨੂੰ ਬਚਾ ਕੇ ਦੇਣ ਲਈ ਉਚਿੱਤ ਫ਼ੈਸਲਾ ਲਿਆ।ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਾਰਨ ਸਰਹੱਦੀ ਸੁਰੱਖਿਆ ਨੂ ਮਜ਼ਬੂਤ ਕਰਨ ਸਬੰਧੀ ਉਕਤ ਫੈਸਲੇ ਲਈ ਠੋਸ ਕਦਮ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਇਹ ਮੁੱਦਾ ਦਹਾਕਿਆਂ ਤੋਂ ਹਜ਼ਾਰਾਂ ਕਿਸਾਨਾਂ ਲਈ ਕੰਡਿਆਲੀ ਵਾੜ ਤੋਂ ਬਾਹਰ ਜਾ ਕੇ ਖੇਤੀ ਨੂੰ ਵਾਹਣ ਸਬੰਧੀ ਸਮੱਸਿਆ ਦਾ ਕਾਰਨ ਬਣਿਆ ਹੋਇਆ ਸੀ।ਉਨ੍ਹਾਂ ਕਿਹਾ ਕਿ ਸਾਲ 1990 ਨੂੰ ਸੁਰੱਖਿਆ ਚੁਣੌਤੀਆਂ ਕਾਰਨ ਭਾਰਤੀ ਖੇਤਰ ਦੇ ਅੰਦਰ ਬਣਾਈ ਗਈ ਵਾੜ ਸਦਕਾ ਖੇਤੀਯੋਗ ਜ਼ਮੀਨ ਦੇ ਵੱਡੇ ਹਿੱਸੇ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਸਨ।ਉਨ੍ਹਾਂ ਕਿਹਾ ਕਿ ਇਸ ਤਹਿਤ ਕਿਸਾਨਾਂ ਨੂੰ ਨਿਯਮਿਤ ਸਮਾਂ ਸੀਮਾ ਤਹਿਤ ਅਤੇ ਸਖ਼ਤ ਸੁਰੱਖਿਆ ਪ੍ਰੋਟੋਕੋਲ ਹੇਠ ਕੰਮ ਕਰਨ ਲਈ ਮਜ਼ਬੂਰ ਰਹਿ ਕੇ ਰੋਜ਼ੀ-ਰੋਟੀ ਕਮਾਉਣਾ ਬਹੁਤ ਔਖਾ ਲੱਗਦਾ ਸੀ।
ਉਨ੍ਹਾਂ ਵਾੜ ਦੀ ਤਬਦੀਲੀ ਰਾਹੀਂ ਸਮੱਸਿਆ ਨੂੰ ਹੱਲ ਕਰਨ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਸਰਹੱਦ ਪਾਰ ਤਸਕਰੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਵੀ ਕਾਫ਼ੀ ਹੱਦ ਤੱਕ ਰੋਕੇਗਾ।
ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਵਾੜ ਦੇ ਨਵੀਂ ਅੰਤਰਰਾਸ਼ਟਰੀ ਸਰਹੱਦ ਵਿਚਕਾਰਲੀ ਜ਼ਮੀਨ ਨੂੰ ਸਰਕਾਰ ਵੱਲੋਂ ਐਕਵਾਇਰ ਕਰਕੇ ਬੀ.ਐਸ.ਐਫ ਦੇ ਸਿੱਧੇ ਨਿਯੰਤਰਣ ਹੇਠ ਰੱਖਿਆ ਜਾਵੇ।ਬੀ.ਐਸ.ਐਫ਼ ਜ਼ਮੀਨ ਦੀ ਵਰਤੋਂ ਦਾਲਾਂ ਦੀ ਕਾਸ਼ਤ ਲਈ ਕਰ ਸਕਦੀ ਹੈ ਅਤੇ ਜਿਥੇ ਟਿਊਬਵੈਲ ਉਪਲੱਬਧ ਹਨ, ਉਥੇ ਉਹ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਬਜ਼ੀਆਂ ਦੀ ਪੈਦਾਵਾਰ ਕਰ ਸਕਦੇ ਹਨ ਅਤੇ ਵਾਧੂ ਉਤਪਾਦ ਖੁੱਲ੍ਹੇ ਬਾਜ਼ਾਰ ’ਚ ਵੀ ਵੇਚੇ ਜਾ ਸਕਦੇ ਹਨ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …