Monday, February 9, 2026

ਪਿੰਗਲਵਾੜਾ ਪਰਿਵਾਰ ਦੀ 72ਵੀਂ ਲੜਕੀ ਦਾ ਅਨੰਦ ਕਾਰਜ

ਅੰਮ੍ਰਿਤਸਰ, 9 ਫਰਵਰੀ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜ਼ਿ.) ਦੀ ਮਾਨਾਂਵਾਲਾ ਬ੍ਰਾਂਚ ਦੇ ਵਿਹੜੇ ਵਿੱਚ ਪਿੰਗਲਵਾੜਾ ਪਰਿਵਾਰ ਦੀ ਲੜਕੀ ਕਿਰਨਦੀਪ ਕੌਰ (ਉਰਫ ਕਲਾਵਤੀ) ਦਾ ਆਨੰਦ ਕਾਰਜ਼ ਨਵਜੋਤ ਸਿੰਘ ਸਪੁੱਤਰ ਹਰਜਿੰਦਰ ਸਿੰਘ ਨਿਵਾਸੀ ਵਾਰਡ ਨੰਬਰ 11, ਗਲੀ ਜੋਗਿੰਦਰ ਸਿੰਘ ਵਾਲੀ, ਕਾਜੀਕੋਟ ਰੋਡ ਤਰਨ-ਤਾਰਨ-ਨਾਲ ਐਤਵਾਰ ਨੂੰ ਗੁਰਦੁਆਰਾ ਸਾਹਿਬ ਮਾਨਾਂਵਾਲਾ ਬ੍ਰਾਂਚ ਪਿੰਗਲਵਾੜਾ ਵਿਖੇ ਪੂਰੀ ਧਾਰਮਿਕ ਸ਼ਰਧਾ ਅਤੇ ਮਰਿਆਦਾ ਅਨੁਸਾਰ ਹੋਇਆ।ਸਮਾਗਮ ਵਿੱਚ ਪਿੰਗਲਵਾੜਾ ਪ੍ਰਬੰਧਕ ਕਮੇਟੀ, ਸੇਵਾਦਾਰਾਂ, ਸਟਾਫ ਮੈਂਬਰਾਂ, ਸੰਗਤ ਅਤੇ ਪਿੰਗਲਵਾੜਾ ਪਰਿਵਾਰ ਦੇ ਮੈਂਬਰਾਂ ਵੱਲੋਂ ਉਤਸ਼ਾਹ ਪੂਰਵਕ ਸ਼ਿਰਕਤ ਕੀਤੀ ਗਈ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਦੀਆਂ ਸਾਰੀਆਂ ਰਸਮਾਂ ਸਤਿਕਾਰ ਸਹਿਤ ਕੀਤੀਆਂ ਗਈਆਂ ਅਤੇ ਅਰਦਾਸ ਉਪਰੰਤ ਨਵੇਂ ਜੋੜੇ ਨੂੰ ਸੰਗਤਾਂ ਨੇ ਅਸ਼ੀਰਵਾਦ ਦਿੱਤਾ।
ਇਹ ਪਿੰਗਲਵਾੜਾ ਪਰਿਵਾਰ ਦੀ ਲੜਕੀ ਦਾ 72ਵਾਂ ਆਨੰਦ ਕਾਰਜ ਸੀ, ਪਰ ਵਿਸ਼ੇਸ਼ ਤੌਰ ‘ਤੇ ਇਹ ਆਨੰਦ ਕਾਰਜ ਗੂੰਗੇ-ਬਹਿਰੇ ਜੋੜੇ ਦਾ ਪੰਜਵਾਂ ਆਨੰਦ ਕਾਰਜ ਸੀ।ਇਸ ਤੋਂ ਪਹਿਲਾਂ ਵੀ ਪਿੰਗਲਵਾੜਾ ਵੱਲੋਂ 4 ਗੂੰਗੀਆਂ-ਬਹਿਰੀਆਂ ਧੀਆਂ ਦੇ ਵਿਆਹ ਕਰਵਾਏ ਜਾ ਚੁੱਕੇ ਹਨ।
ਦੋਵੇਂ ਨਵਵਿਆਹੇ ਬੱਚੇ ਸੁਣਨ ਅਤੇ ਬੋਲਣ ਵਿੱਚ ਅਸਮਰੱਥ ਹੋਣ ਕਾਰਨ, ਇਸ ਆਨੰਦ ਕਾਰਜ ਨੂੰ ਵਿਸ਼ੇਸ਼ ਤੌਰ ‘ਤੇ ਸਾਈਨ ਭਾਸ਼ਾ (ਇਸ਼ਾਰਿਆਂ ਦੀ ਭਾਸ਼ਾ) ਦੀ ਮਦਦ ਨਾਲ ਕਰਵਾਇਆ ਗਿਆ।ਇਸ ਦੌਰਾਨ ਸਾਈਨ ਲੈਂਗਏਜ ਜਾਣਨ ਵਾਲੇ ਟੀਚਰਾਂ ਵੱਲੋਂ ਗੁਰਬਾਣੀ ਦੇ ਅਰਥ, ਲਾਵਾਂ ਅਤੇ ਆਨੰਦ ਕਾਰਜ ਦੀ ਪੂਰੀ ਪ੍ਰਕਿਰਿਆ ਨਵੇਂ ਜੋੜੇ ਨੂੰ ਇਸ਼ਾਰਿਆਂ ਰਾਹੀਂ ਸਮਝਾਈ ਗਈ, ਤਾਂ ਜੋ ਦੋਵੇਂ ਬੱਚੇ ਹਰ ਰਸਮ ਨੂੰ ਪੂਰੀ ਤਰ੍ਹਾਂ ਸਮਝ ਸਕਣ ਅਤੇ ਮਨੋਂ-ਤਨੋਂ ਇਸ ਪਵਿੱਤਰ ਬੰਧਨ ਦਾ ਅਹਿਸਾਸ ਕਰ ਸਕਣ।ਪਿੰਗਲਵਾੜਾ ਸੰਸਥਾ ਵੱਲੋਂ ਇਹ ਵੀ ਯਕੀਨੀ ਬਣਾਇਆ ਗਿਆ ਕਿ ਨਵੇਂ ਜੋੜੇ ਨੂੰ ਘਰੇਲੂ ਸਾਮਾਨ, ਕੱਪੜੇ, ਜ਼ਰੂਰੀ ਵਸਤੂਆਂ ਅਤੇ ਵਿਆਹ ਸੰਬੰਧੀ ਹੋਰ ਸਹਾਇਤਾ ਮੁਹੱਈਆ ਕਰਵਾਈ ਗਈ, ਤਾਂ ਜੋ ਉਹ ਆਪਣਾ ਨਵਾਂ ਜੀਵਨ ਸੁਚੱਜੇ ਢੰਗ ਨਾਲ ਸ਼ੁਰੂ ਕਰ ਸਕਣ।
ਇਸ ਸਮਾਗਮ ਦੌਰਾਨ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਪਿੰਗਲਵਾੜਾ ਸੰਸਥਾ ਦਾ ਮੁੱਖ ਉਦੇਸ਼ ਸਿਰਫ਼ ਇਲਾਜ਼ ਜਾਂ ਰਿਹਾਇਸ਼ ਹੀ ਨਹੀਂ, ਸਗੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਮਾਜ ਵਿੱਚ ਇੱਜ਼ਤ, ਸੁਰੱਖਿਆ ਅਤੇ ਸਥਿਰ ਭਵਿੱਖ ਪ੍ਰਦਾਨ ਕਰਨਾ ਹੈ।ਇਸ ਤਰ੍ਹਾਂ ਦੇ ਆਨੰਦ ਕਾਰਜ਼ ਸਮਾਜ ਵਿੱਚ ਸਮਾਨਤਾ, ਦਇਆ ਅਤੇ ਮਨੁੱਖੀ ਮੁੱਲਾਂ ਨੂੰ ਮਜ਼ਬੂਤ ਕਰਦੇ ਹਨ।ਸਾਰਿਆਂ ਵਲੋਂ ਨਵੇਂ ਜੋੜੇ ਲਈ ਸੁਖਮਈ, ਸਫਲ ਅਤੇ ਖੁਸ਼ਹਾਲ ਵਿਆਹਸ਼ੁਦਾ ਜੀਵਨ ਦੀ ਅਰਦਾਸ ਕੀਤੀ ਗਈ।
ਜੋੜੀ ਨੂੰ ਪਿੰਗਲਵਾੜਾ ਸੰਸਥਾ ਦੇ ਮੁਖੀ ਡਾ. ਇੰਦਰਜੀਤ ਕੌਰ, ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ, ਰਾਜਬੀਰ ਸਿੰਘ ਮੈਂਬਰ, ਰਜਿੰਦਰ ਸਿੰਘ (ਪੱਪੂ), ਪ੍ਰਸ਼ਾਸਕ ਮਾਨਾਂਵਾਲਾ ਬ੍ਰਾਂਚ, ਤਿਲਕ ਰਾਜ ਜਨਰਲ ਮੈਨੇਜਰ, ਰਜਿੰਦਰਪਾਲ ਸਿੰਘ ਡਾਇਰੈਕਟਰ ਡੈਫ ਸਕੂਲ, ਹਰਪਾਲ ਸਿੰਘ ਕੇਅਰ ਟੇਕਰ, ਸਾਬਕਾ ਇੰਸਪੈਕਟਰ ਰਾਜਵਿੰਦਰ ਕੌਰ, ਮੈਡੀਕਲ ਸਟਾਫ਼, ਹੋਸਟਲ ਇੰਚਾਰਜ਼ ਅਤੇ ਹੋਰ ਸਖਸ਼ੀਅਤਾ ਨੇ ਆਸ਼ੀਰਵਾਦ ਦਿੱਤਾ।

Check Also

ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ‘ਪੰਜਾਬ ਰਤਨ’ ਪੁਰਸਕਾਰ ਨਾਲ ਸਨਮਾਨਿਤ

ਅੰਮ੍ਰਿਤਸਰ 9 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ …