Saturday, February 21, 2026

ਖ਼ਾਲਸਾ ਯੂਨੀਵਰਸਿਟੀ ਵਿਖੇ ਸਾਹਿਰ ਲੁਧਿਆਣਵੀ ਅਤੇ ਅਮ੍ਰਿਤਾ ਪ੍ਰੀਤਮ ਦੇ ਸਬੰਧਾਂ ਬਾਰੇ ਨਾਟਕ ‘ਵੋ ਅਫਸਾਨਾ’ ਦਾ ਮੰਚਨ

ਅੰਮ੍ਰਿਤਸਰ, 20 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਸਾਹਿਤ ਅਤੇ ਰੰਗਮੰਚ ਰਾਹੀਂ ਇਤਿਹਾਸਕ ਅਤੇ ਰੂਹਾਨੀ ਸਬੰਧਾਂ ਨੂੰ ਨਵੀਂ ਪੀੜ੍ਹੀ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਇਆ ਜਾ ਸਕਦਾ ਹੈ ਅਤੇ ਅੱਜ ਰਾਬਤਾ ਟੀਮ ਦੇ ਫਨਕਾਰਾਂ ਦੁਆਰਾ ‘ਵੋ ਅਫਸਾਨਾ’ ਦੇ ਸ਼ਾਨਦਾਰ ਮੰਚਨ ਨੇ ਇਹ ਸਾਬਤ ਕੀਤਾ ਹੈ।ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਪ੍ਰਸਿੱਧ ਕਵੀ ਅਤੇ ਸ਼ਾਇਰ ਸਾਹਿਰ ਲੁਧਿਆਣਵੀ ਅਤੇ ਮਹਾਨ ਲੇਖਿਕਾ ਅਮਿ੍ਰਤਾ ਪ੍ਰੀਤਮ ਦੇ ਰੂਹਾਨੀ ਅਤੇ ਸਾਹਿਤਕ ਸਬੰਧਾਂ ’ਤੇ ਆਧਾਰਿਤ ਉਕਤ ਵਿਸ਼ੇਸ਼ ਨਾਟਕ ਦੀ ਜੈਸ਼ਰੀ ਅਤੇ ਸ਼ਮੀਰ ਵੱਲੋਂ ਆਪਣੀ ਸ਼ਾਨਦਾਰ ਪ੍ਰਤਿਭਾ ਰਾਹੀਂ ਪੇਸ਼ ਕੀਤੇ ਮੰਚਨ ਉਪਰੰਤ ਕੀਤਾ।
ਉਨ੍ਹਾਂ ਕਿਹਾ ਕਿ ਸਾਹਿਤ ਸਮਾਜ ਦਾ ਦਰਪਣ ਹੁੰਦਾ ਹੈ ਅਤੇ ਸਾਹਿਰ ਤੇ ਅਮ੍ਰਿਤਾ ਦਾ ਰਿਸ਼ਤਾ ਸਿਰਫ਼ ਨਿੱਜੀ ਪ੍ਰੇਮ ਕਹਾਣੀ ਨਹੀਂ, ਸਗੋਂ ਦੋ ਰੂਹਾਂ ਦਾ ਰਚਨਾਤਮਕ ਮਿਲਾਪ ਸੀ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸੰਸਕ੍ਰਿਤਿਕ ਯਤਨ ਵਿਦਿਆਰਥੀਆਂ ’ਚ ਸੰਵੇਦਨਸ਼ੀਲਤਾ ਅਤੇ ਸਿ੍ਰਜਨਾਤਮਕ ਸੋਚ ਨੂੰ ਉਤਸ਼ਾਹਿਤ ਕਰਦੇ ਹਨ।
ਸ: ਛੀਨਾ ਨੇ ਕਿਹਾ ਕਿ ਕਿਵੇਂ ਵੰਡ ਦੇ ਦੌਰ ਅਤੇ ਸਮਾਜਿਕ ਹਾਲਾਤਾਂ ਨੇ ਦੋਵੇਂ ਰਚਨਕਾਰਾਂ ਦੀ ਜ਼ਿੰਦਗੀ ਅਤੇ ਰਿਸ਼ਤੇ ਨੂੰ ਪ੍ਰਭਾਵਿਤ ਕੀਤਾ, ਇਸ ਪਹਿਲੂ ਨੂੰ ਨਾਟਕ ਰਾਹੀਂ ਬਾਖੂਬੀ ਦਰਸਾਇਆ ਗਿਆ।ਇਸ ਵਿੱਚ ਦੋਵੇਂ ਨੇ ਆਪਣੇ-ਆਪਣੇ ਅੰਦਾਜ਼ ’ਚ ਪ੍ਰੇਮ, ਦਰਦ, ਵਿਛੋੜੇ ਅਤੇ ਆਸ ਨੂੰ ਕਲਮਬੱਧ ਕੀਤਾ।ਉਨ੍ਹਾਂ ਦੀ ਰਚਨਾ ’ਚ ਜਿੱਥੇ ਸਮਾਜਿਕ ਅਸਮਾਨਤਾਵਾਂ ਦਾ ਦਰਦ ਹੈ, ਉਥੇ ਮਨੁੱਖਤਾ ਅਤੇ ਪ੍ਰੇਮ ਦੀ ਗੂੰਜ਼ ਵੀ ਸੁਣਾਈ ਦਿੰਦੀ ਹੈ।
ਖ਼ਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਦੇ ਯਤਨਾਂ ਸਦਕਾ ਖ਼ਾਲਸਾ ਕਾਲਜ ਫਾਰ ਵੂਮੈਨ ਦੇ ਆਡੀਟੋਰੀਅਮ ਵਿਖੇ ਕਰਵਾਏ ਗਏ ਉਕਤ ਨਾਟਕ ਦਾ ਉਦੇਸ਼ ਵਿਦਿਆਰਥੀਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਦੋ ਮਹਾਨ ਰਚਨਕਾਰਾਂ ਦੇ ਜੀਵਨ, ਉਨ੍ਹਾਂ ਦੀ ਸੋਚ ਅਤੇ ਉਨ੍ਹਾਂ ਦੇ ਅਨਕਹੇ ਪ੍ਰੇਮ ਅਫਸਾਨੇ ਨਾਲ ਰੂਬਰੂ ਕਰਵਾਉਣਾ ਸੀ।ਜਿਸ ਦੌਰਾਨ ’ਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ, ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ, ਐਗਜੇਮੀਨੇਸ਼ਨ ਕੰਟਰੋਲਰ ਡੀਨ ਡਾ. ਕੰਵਲਜੀਤ ਸਿੰਘ ਵੀ ਮੌਜ਼ੂਦ ਸਨ।
ਡਾ. ਮਹਿਲ ਸਿੰਘ ਅਤੇ ਡਾ. ਕੁਮਾਰ ਨੇ ਦੱਸਿਆ ਕਿ ਉਕਤ ਨਾਟਕ ’ਚ ਸਾਹਿਰ ਲੁਧਿਆਣਵੀ ਅਤੇ ਅਮ੍ਰਿਤਾ ਪ੍ਰੀਤਮ ਦੀ ਪਹਿਲੀ ਮੁਲਾਕਾਤ ਤੋਂ ਲੈ ਕੇ ਉਨ੍ਹਾਂ ਦੇ ਰਿਸ਼ਤੇ ਦੇ ਉਤਾਰ-ਚੜ੍ਹਾਵਾਂ ਤੱਕ ਦੇ ਪਲਾਂ ਨੂੰ ਅਦਾਕਾਰਾਂ ਵੱਲੋਂ ਭਾਵਪੂਰਨ ਢੰਗ ਨਾਲ ਦਰਸਾਇਆ ਗਿਆ।ਉਨ੍ਹਾਂ ਕਿਹਾ ਕਿ ਅਦਾਕਾਰ ਜੈਸ਼ਰੀ, ਸ਼ਮੀਰ, ਗਾਇਕ ਸ਼੍ਰੀਆ, ਰਾਜੇਸ਼ ਅਤੇ ਬੈਕਸਟੇਜ਼ ਅਤੇ ਲਾਈਟ ਸਵਾਤੀ ਸਮੂਹ ਟੀਮ ਵੱਲੋਂ ਮੰਚ ਸਜਾਵਟ, ਪਿਛੋਕੜ ਸੰਗੀਤ ਅਤੇ ਕਾਵਿਤਰੀ ਪਾਠ ਨੇ ਦਰਸ਼ਕਾਂ ਨੂੰ ਉਸ ਦੌਰ ’ਚ ਲੈ ਜਾ ਕੇ ਖੜਾ ਕਰ ਦਿੱਤਾ।ਸਾਹਿਰ ਦੀਆਂ ਨਜ਼ਮਾਂ ਅਤੇ ਅਮ੍ਰਿਤਾ ਦੀਆਂ ਕਵਿਤਾਵਾਂ ਦੇ ਅੰਸ਼ਾਂ ਨੇ ਹਾਲ ’ਚ ਇੱਕ ਅਦਭੁੱਤ ਖ਼ਾਮੋਸ਼ੀ ਅਤੇ ਗਹਿਰਾਈ ਪੈਦਾ ਕੀਤੀ।
ਫਨਕਾਰਾਂ ਨੇ ਕਿਹਾ ਇਹ ਨਾਟਕ ਸਿਰਫ਼ ਇੱਕ ਪ੍ਰੇਮ ਕਹਾਣੀ ਨਹੀਂ, ਸਗੋਂ ਦੋ ਮਹਾਨ ਕਲਮਕਾਰਾਂ ਦੀ ਅੰਦਰੂਨੀ ਯਾਤਰਾ ਦਾ ਪ੍ਰਤੀਕ ਹੈ।ਡਾ. ਕੁਮਾਰ ਨੇ ਕਿਹਾ ਕਿ ਇਹ ਨਾਟਕ ਮਾਤ-ਭਾਸ਼ਾ ਪੰਜਾਬੀ ਨੂੰ ਸਮਰਪਿਤ ਸੀ ਅਤੇ ਯੂਨੀਵਰਸਿਟੀ ਵੱਲੋਂ ਅਜਿਹੇ ਪ੍ਰੋਗਰਾਮ ਭਵਿੱਖ ’ਚ ਵੀ ਇਵੇਂ ਹੀ ਜਾਰੀ ਰਹਿਣਗੇ ਤਾਂ ਜੋ ਵਿਦਿਆਰਥੀ ਸਾਹਿਤਕ ਵਿਰਾਸਤ ਨਾਲ ਜੁੜੇ ਰਹਿਣ ਅਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਸਮਝ ਸਕਣ।
ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਸੰਤੋਖ ਸਿੰਘ ਸੇਠੀ, ਪਰਮਜੀਤ ਸਿੰਘ ਬੱਲ, ਲਖਵਿੰਦਰ ਸਿੰਘ ਢਿੱਲੋਂ, ਕੌਂਸਲ ਦੇ ਮੈਂਬਰ ਰਮਿੰਦਰ ਕੌਰ, ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ, ਖ਼ਾਲਸਾ ਕਾਲਜ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਡਾਇਰੈਕਟਰ ਡਾ. ਮੰਜ਼ੂ ਬਾਲਾ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ, ਸ੍ਰੀਮਤੀ ਤੇਜਿੰਦਰ ਕੌਰ ਛੀਨਾ ਏ.ਐਸ ਚਮਕ ਤੋਂ ਇਲਾਵਾ ਹੋਰ ਅਦਾਰਿਆਂ ਦਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

Check Also

ਕੇਂਦਰੀ ਹਲਕੇ ਵਿੱਚ 5 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਜਾਰੀ ਰਹਿਣਗੇ -ਵਿਧਾਇਕ ਡਾ. ਅਜੇ ਗੁਪਤਾ

ਅੰਮ੍ਰਿਤਸਰ, 19 ਫਰਵਰੀ (ਸੁਖਬੀਰ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ …