Saturday, April 11, 2026

ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ ਰਾਹੀਂ ਪਿਆਰ, ਦਿਲ ਟੁੱਟਣ, ਤਾਂਘ, ਅਧਿਆਤਮਿਕਤਾ ਅਤੇ ਸਮਾਜਿਕ ਮੁੱਦਿਆਂ ਦੇ ਵਿਸ਼ਿਆਂ ਨੂੰ ਪਾਠਕਾਂ ਨਾਲ ਭਾਵਨਾਤਮਕ ਪੱਧਰ ’ਤੇ ਜੋੜਨ ਵਾਲੇ ਨਾਮਵਰ ਪੰਜਾਬੀ ਗੀਤਕਾਰ ਦੇਬੀ ਮਖਸੂਸਪੁਰੀ ਦਾ ਰੰਗਾ ਰੰਗ ਲਾਈਵ ਸ਼ੋਅ ਕਰਵਾਇਆ ਗਿਆ। ਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ, ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਦੇ ਸਹਿਯੋਗ ਨਾਲ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ ਦੇ ਯਤਨਾਂ ਸਦਕਾ ਕਰਵਾਏ ਸ਼ੋਅ ਦੌਰਾਨ ਗਾਇਕ ਮਖਸੂਸਪੁਰੀ ਨੇ ਆਪਣੇ ਪ੍ਰਸਿੱਧ ਗੀਤਾਂ ਰਾਹੀਂ ਦਰਸ਼ਕਾਂ ਦਾ ਦਿਲ ਜਿੱਤ ਲਿਆ।ਮਕਸੂਸਪੁਰੀ ਨੇ ‘ਝੂਠੀਏ ਨੀ ਲਾਰੇ ਤੇਰੇ ਨਹੀਂ ਮੁਕਣੇ, ਕਈ ਗੱਲਾਂ ਤੇਰੇ ਨਾਲ ਕਰਨੀਆਂ, ਕਿਤੇ ਭੁੱਲ ਨਾ ਜਾਵੇ, ਮਿੱਤਰ ਹੁਣ ਤੇਰੀਆਂ ਗੱਲਾਂ ਪੁੱਛੀ ਜਾਂਦੇ ਨੇ’ ਆਦਿ ਪ੍ਰਸਿੱਧ ਗੀਤਾਂ ਰਾਹੀਂ ਆਪਣੀ ਸੁਰੀਲੀ ਆਵਾਜ਼ ਅਤੇ ਰੂਹਾਨੀ ਅੰਦਾਜ਼ ਨਾਲ ਸਮਾਗਮ ਨੂੰ ਯਾਦਗਾਰੀ ਬਣਾਉਂਦਿਆਂ ਦਰਸ਼ਕਾਂ ਦਾ ਮਨੋਰੰਜਨ ਕੀਤਾ।ਮਖਸੂਸਪੁਰੀ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਹ ਮਾਣ ਮਹਿਸੂਸ ਕਰ ਰਹੇ ਹਨ, ਕਿ ਉਹ ਖਾਲਸਾ ਯੂਨੀਵਰਸਿਟੀ ਵਿਖੇ ਪਹਿਲੀ ਵਾਰ ਆਪਣਾ ਸ਼ੋਅ ਕਰਨ ਲਈ ਪੁੱਜੇ।ਉਨ੍ਹਾਂ ਕਿਹਾ ਕਿ ਖਾਲਸਾ ਸੰਸਥਾਵਾਂ ਦੇ ਮਾਣਮੱਤੇ ਇਤਿਹਾਸ ਤੋਂ ਹਰੇਕ ਵਰਗ ਜਾਣੂ ਹੈ ਅਤੇ ਇੱਥੋਂ ਪੜ੍ਹ-ਲਿਖ ਕੇ ਦੁਨੀਆ ਦੇ ਹਰੇਕ ਕੋਨੇ ’ਚ ਬੈਠੇ ਵਿਦਿਆਰਥੀ ਇਸ ਵਿੱਦਿਅਕ ਅਦਾਰੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੀ ਸੰਸਕ੍ਰਿਤੀ ਅਤੇ ਵਿਰਾਸਤ ਨਾਲ ਜੁੜੇ ਰਹਿਣਾ ਚਾਹੀਦਾ ਹੈ ਅਤੇ ਸੰਗੀਤ ਇੱਕ ਅਜਿਹੀ ਤਾਕਤ ਹੈ ਜੋ ਇਨਸਾਨ ਨੂੰ ਜੋੜਦੀ ਹੈ।


ਉਨ੍ਹਾਂ ਕਿਹਾ ਕਿ ਸਾਹਿਰ ਲੁਧਿਆਣਵੀ, ਡਾ. ਜਗਤਾਰ, ਸ਼ਿਵ ਕੁਮਾਰ ਬਟਾਲਵੀ, ਡਾ. ਸੁਰਜੀਤ ਪਾਤਰ ਵਰਗੇ ਨਾਮਵਰ ਪੰਜਾਬੀ ਸ਼ਾਇਰਾਂ ਤੋਂ ਪ੍ਰਭਾਵਿਤ ਹੋਏ ਅਤੇ 20 ਸਾਲ ਦੀ ਉਮਰ ’ਚ ਲਿਖਿਆ ਹੋਇਆ ਪਹਿਲਾ ਗਾਣਾ ਕੁਲਦੀਪ ਮਾਣਕ ਨੇ ਗਾਇਆ।ਉਨ੍ਹਾਂ ਕਿਹਾ ਕਿ ਪੜ੍ਹਾਅ ਦਰ ਪੜ੍ਹਾਅ ਗੀਤਕਾਰ ਮਨਮੋਹਨ ਵਾਰਿਸ, ਕਮਲ ਹੀਰ, ਸਰਦੂਲ ਸਿਕੰਦਰ ਅਤੇ ਹੰਸ ਰਾਜ ਹੰਸ ਵਰਗੇ ਪੰਜਾਬੀ ਕਲਾਕਾਰਾਂ ਲਈ ਵੀ ਗੀਤ ਲਿਖੇ ਹਨ।ਮਖਸੂਸਪੁਰੀ ਨੇ ਕਿਹਾ ਕਿ ਸਾਲ-1994 ’ਚ ਆਪਣੀ ਪਹਿਲੀ ਐਲਬਮ ‘ਜਦ ਮਾਂ ਨਹੀਂ ਰਹਿੰਦੀ’ ਨਾਲ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ।
ਡਾ. ਸੁਰਿੰਦਰ ਕੌਰ ਵੱਲੋਂ ਮਕਸੂਸਪੁਰੀ ਨੂੰ ਸ਼ਾਲ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਉਨ੍ਹਾਂ ਕਿਹਾ ਕਿ ਮਖਸੂਸਪੁਰੀ ਇਕ ਪੰਜਾਬੀ ਗੀਤਕਾਰ, ਸ਼ਾਇਰ ਅਤੇ ਕਵੀ ਹਨ, ਜਿਨ੍ਹਾਂ ਨੇ ਸਮਾਜਿਕ ਅਤੇ ਮਨੁੱਖੀ ਜੀਵਨ ਦੇ ਹਰੇਕ ਪਹਿਲੂਆਂ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਸ਼ਾਇਰੀ ਅਤੇ ਗੀਤਾਂ ਰਾਹੀਂ ਉਜਾਗਰ ਕੀਤਾ।ਉਨ੍ਹਾਂ ਕਿਹਾ ਕਿ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਵਿਦਿਆਰਥੀਆਂ ਦੀ ਸ਼ਖਸੀਅਤ ਦੇ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …