Thursday, April 2, 2026

ਖਾਲਸਾ ਕਾਲਜ ਵਿਖੇ ਨਵੀਂ ਸਿੱਖਿਆ ਨੀਤੀ 2020 ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਕਰਵਾਇਆ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਪੰਜਾਬੀ ਅਧਿਐਨ ਵਿਭਾਗ ਵਲੋਂ ਭਾਰਤ ਸਰਕਾਰ ਦੇ ਸਿੱਖਿਆ ਮਤਰਾਲੇ ਦੇ ਆਈ.ਆਈ.ਸੀ ਐਕਟੀਵਿਟੀ ਪ੍ਰੋਗਰਾਮ ਅਧੀਨ ‘ਰਾਸ਼ਟਰੀ ਸਿੱਖਿਆ ਦਿਵਸ’ ਨੂੰ ਸਮਰਪਿਤ ਨਵੀਂ ਸਿੱਖਿਆ ਨੀਤੀ-2020 ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੀ ਅਗਵਾਈ ਹੇਠ ਪੰਜਾਬੀ ਸਾਹਿਤ ਸਭਾ ਦੇ ਇੰਚਾਰਜ਼ ਡਾ. ਹੀਰਾ ਸਿੰਘ ਅਤੇ ਡਾ. ਮਿੰਨੀ ਸਲਵਾਨ ਦੇ ਸਹਿਯੋਗ ਨਾਲ ਕਰਵਾਏ ਗਏ ਉਕਤ ਸਮਾਗਮ ’ਚ ਕਾਲਜ ਦੇ ਡੀਨ ਅਕਾਦਮਮਿਕ ਮਾਮਲੇ ਡਾ. ਤਮਿੰਦਰ ਸਿੰਘ ਭਾਟੀਆ ਨੇ ਮੁੱਖ ਵਕਤਾ ਅਤੇ ਡਾ. ਗੁਰਸ਼ਰਨ ਕੌਰ ਪ੍ਰਧਾਨ ਆਈ.ਆਈ.ਸੀ ਕਾਲਜ ਧੂਨਿਟ ਅਤੇ ਮੁਖੀ ਪੰਜਾਬੀ ਵਿਭਾਗ ਡਾ. ਪਰਮਿੰਦਰ ਸਿੰਘ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।
ਪ੍ਰਿੰ: ਡਾ. ਰੰਧਾਵਾ ਨੇ ਕਿਹਾ ਕਿ ਸੈਮੀਨਾਰ ਦਾ ਉਦੇਸ਼ ਨਵੀਂ ਸਿੱਖਿਆ ਨੀਤੀ ਦੇ ਮੁੱਖ ਪਹਿਲੂਆਂ, ਉਦੇਸ਼ਾਂ ਅਤੇ ਉੱਚ ਸਿੱਖਿਆ ਸੰਸਥਾਵਾਂ ’ਚ ਇਸ ਦੀ ਕਾਰਗੁਜ਼ਾਰੀ ਦੀ ਵਿਸਤਿਤ ਜਾਣਕਾਰੀ ਦੇਣਾ ਹੈ।ਉਨ੍ਹਾਂ ਕਿਹਾ ਕਿ ਕਾਲਜ ’ਚ ਇਸ ਨੀਤੀ ਅਨੁਸਾਰ ਕੋਰਸ ਚੱਲ ਰਹੇ ਹਨ।ਵਿਦਿਆਰਥੀ ਇਸ ਨੀਤੀ ਤਹਿਤ ਵਿਗਿਆਨ, ਸਾਹਿਤ ਅਤੇ ਹੋਰ ਅੰਤਰ-ਅਨੁਸ਼ਾਸਨੀ ਵਿਸ਼ਿਆਂ ਨਾਲ ਜਾਣਕਾਰੀ ਹਾਸਲ ਕਰ ਸਕਦੇ ਹਨ।
ਡਾ. ਗੁਰਸ਼ਰਨ ਕੌਰ ਨੇ ਨਵੀਂ ਸਿੱਖਿਆ ਨੀਤੀ 2020 ਦੇ ਟੀਚਿਆਂ ਅਤੇ ਉਦੇਸ਼ਾਂ ਸਬੰਧੀ ਚਰਚਾ ਕਰਦਿਆਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਪਹਿਲੇ ਸਿੱਖਿਆ ਮੰਤਰੀ ਅਤੇ ਮਹਾਨ ਸੁਤੰਤਰਤਾ ਸੈਨਾਨੀ ਮੌਲਾਨਾ ਅਬੁਲ ਕਲਾਮ ਆਜਾਦ ਦੀ ਜਨਮ ਵਰੇਗੰਢ ਨੂੰ ਸਮਰਪਿਤ ਹੈ।ਉਨ੍ਹਾਂ ਨੇ 1947 ਤੋਂ 1958 ਤੱਕ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਵਜੋਂ ਸੇਵਾ ਨਿਭਾਈ।ਸਾਲ 2008 ’ਚ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੇ ਉਨ੍ਹਾਂ ਦੇ ਜਨਮ ਦਿਨ ਨੂੰ ਰਾਸ਼ਟਰੀ ਸਿੱਖਿਆ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ।
ਡਾ. ਭਾਟੀਆ ਨੇ ਕਿਹਾ ਕਿ ਉਪਰੋਕਤ ਨੀਤੀ ਦਾ ਉਦੇਸ਼ ਗਰੀਬੀ, ਅਗਿਆਨਤਾ ਅਤੇ ਗੁਲਾਮ ਸਿੱਖਿਆ ਨੀਤੀ ਆਦਿ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਸੀ।ਇਸ ਨਵੀਂ ਸਿੱਖਿਆ ਨੀਤੀ ਤਹਿਤ ਜੇਕਰ ਕੋਈ ਵਿਦਿਆਰਥੀ ਕਿਸੇ ਕਾਰਨ ਕਰਕੇ ਆਪਣੀ ਪੜ੍ਹਾਈ ਅੱਧ-ਵਿੱਚੋਂ ਛੱਡਣ ਲਈ ਮਜ਼ਬੂਰ ਹੁੰਦਾ ਹੈ ਤਾਂ ਉਹ ਦੁਬਾਰਾ ਉਸ ਕੋਰਸ ’ਚ ਦਾਖਲ ਹੋ ਕੇ ਆਪਣੀ ਡਿਗਰੀ ਪੂਰੀ ਕਰ ਸਕਦਾ ਹੈ।ਸਭਾ ਦੇ ਵਿਦਿਆਰਥੀ ਦਮਨਪ੍ਰੀਤ ਵੱਲੋਂ ਮੌਲਾਨਾ ਅਬੁਲ ਕਲਾਮ ਆਜਾਦ ਦੇ ਜੀਵਨ ’ਤੇ ਵਿਚਾਰਧਾਰਾ ਨੂੰ ਦਰਸਾਉਂਦੀ ਗਿਆਨ ਭਰਪੂਰ ਪੀ.ਪੀ.ਟੀ ਦੀ ਪੇਸ਼ਕਾਰੀ ਕੀਤੀ ਗਈ।ਅੰਤ ’ਚ ਪੰਜਾਬੀ ਵਿਭਾਗ ਮੁੱਖੀ ਡਾ. ਪਰਮਿੰਦਰ ਸਿੰਘ ਨੇ ਆਏ ਹੋਏ ਮਹਿਮਾਨ, ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।ਮੰਚ ਦਾ ਸੰਚਾਲਨ ਡਾ. ਹੀਰਾ ਸਿੰਘ ਵੱਲੋਂ ਕੀਤਾ ਗਿਆ।
ਇਸ ਮੌਕੇ ਡਾ. ਜਸਬੀਰ ਸਿੰਘ, ਡਾ. ਪਰਮਿੰਦਰਜੀਤ ਕੌਰ, ਡਾ. ਗੁਰਿੰਦਰ ਕੌਰ, ਡਾ. ਗੁਰਸ਼ਰਨ ਸਿੰਘ, ਡਾ. ਮਾਨਤ ਮਸੀਹ, ਪ੍ਰੋ. ਹਰਵਿੰਦਰ ਕੌਰ, ਪ੍ਰੋ. ਅੰਮ੍ਰਿਤਪਾਲ ਕੌਰ, ਡਾ. ਗੁਰਪ੍ਰੀਤ ਸਿੰਘ, ਡਾ. ਮਨੀਸ਼ ਕੁਮਾਰ, ਡਾ. ਨਵਜੋਤ ਕੌਰ, ਡਾ. ਯਾਦਵਿੰਦਰ ਕੌਰ, ਡਾ. ਸੰਦੀਪ ਕੌਰ, ਡਾ. ਦਯਾ ਸਿੰਘ, ਡਾ. ਮੇਜਰ ਸਿੰਘ, ਪ੍ਰੋ. ਬਲਗੇਰ ਸਿੰਘ, ਪ੍ਰੋ. ਰਵਿੰਦਰ, ਡਾ. ਸੰਦੀਪ ਕੌਰ, ਡਾ. ਪ੍ਰਭਜੀਤ ਕੌਰ, ਪ੍ਰੋ. ਸਤਨਾਮ ਸਿੰਘ ਆਦਿ ਹਾਜ਼ਰ ਸਨ।

Check Also

ਲਿਵਾਸਾ ਹਸਪਤਾਲ ਉਨਤ ਮੈਡੀਕਲ ਡਾਇਗਨੌਸਟਿਕਸ ਵਿੱਚ ਮੋਹਰੀ

ਅੰਮ੍ਰਿਤਸਰ, 2 ਅਪ੍ਰੈਲ (ਜਗਦੀਪ ਸਿੰਘ) – ਆਧੁਨਿਕ ਮੈਡੀਕਲ ਵਿੱਚ ਅਜਿਹੇ ਮਾਮਲੇ ਵਧ ਰਹੇ ਹਨ, ਜਿਥੇ …