ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ) – ਸ੍ਰੀ ਅਮਰਦੀਪ ਸਿੰਘ ਬੈਂਸ ਸਿਵਲ ਜੱਜ (ਸੀਨੀਅਰ ਡਿਵਿਜ਼ਨ)-ਕਮ-ਸੈਕਟਰੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ
ਅੰਮ੍ਰਿਤਸਰ ਵੱਲੋਂ ਸੋਸ਼ਲ ਮੀਡੀਆ `ਤੇ ਫੈਲ ਰਹੀ ਗਲਤ ਅਤੇ ਧੋਖੇਬਾਜ਼ ਜਾਣਕਾਰੀ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੈਸ ਬਿਆਨ ਜਾਰੀ ਕਰਕੇ ਇਹ ਸਪੱਸਟ ਕੀਤਾ ਹੈ ਕਿ ਕੁੱਝ ਵੀਡੀਓ਼ ਅਤੇ ਸੁਨੇਹੇ ਜਿਨ੍ਹਾਂ ਵਿੱਚ ਲੋਕ ਅਦਾਲਤਾਂ ਵਿੱਚ ਬਿਜਲੀ ਬਿੱਲਾਂ ਦੀ ਪੂਰੀ ਛੂਟ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਹ ਨਕਲੀ, ਗੁੰਮਰਾਹ ਕਰਨ ਵਾਲੇ ਅਤੇ ਬੇਬੁਨਿਆਦ ਹਨ।
ਉਨ੍ਹਾਂ ਦੱਸਿਆ ਕਿ 14 ਮਾਰਚ 2026 ਨੂੰ ਦੇਸ਼ ਭਰ ਵਿੱਚ ਸਮੇਤ ਅੰਮ੍ਰਿਤਸਰ ਰਾਸ਼ਟਰੀ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਗਿਆ ਸੀ, ਜਿਥੇ ਵੱਡੀ ਗਿਣਤੀ ‘ਚ ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਗਿਆ। ਕੁੱਝ ਬਿਜਲੀ ਬਿੱੱਲਾਂ ਨਾਲ ਸਬੰਧਤ ਮਾਮਲਿਆਂ ਵਿੱਚ ਸੀਮਿਤ ਰਾਹਤ ਜਿਵੇਂ ਸਮਝੌਤੇ ਜਾਂ ਛੋਟੀਆਂ ਛੂਟਾਂ ਦਿੱਤੀਆਂ ਗਈਆਂ ਸਨ, ਪਰ ਕਿਸੇ ਵੀ ਮਾਮਲੇ ਵਿੱਚ ਬਿਜਲੀ ਬਿੱਲਾਂ ਦੀ ਪੂਰੀ ਛੂਟ ਨਾ ਤਾਂ ਐਲਾਨੀ ਗਈ ਅਤੇ ਨਾ ਹੀ ਦਿੱਤੀ ਗਈ।
ਸ੍ਰੀ ਅਮਰਦੀਪ ਸਿੰਘ ਬੈਂਸ ਨੇ ਕਿਹਾ ਕਿ ਇਸ ਦੇ ਬਾਵਜ਼ੂਦ, ਕੁੱਝ ਗਲਤ ਤੱਤ ਨਕਲੀ ਵੀਡੀਓ ਅਤੇ ਪੋਸਟਾਂ ਰਾਹੀਂ ਝੂਠੇ ਦਾਅਵੇ ਕਰ ਰਹੇ ਹਨ, ਨਕਲੀ ਲੋਗੋ ਅਤੇ ਪਹਿਚਾਣਾਂ ਦੀ ਵਰਤੋਂ ਕਰਦੇ ਹੋਏ ਲੋਕਾਂ ਨੂੰ ਫਾਰਮ ਭਰਨ ਜਾਂ ਪੈਸੇ ਟਰਾਂਸਫਰ ਕਰਨ ਲਈ ਕਹਿ ਰਹੇ ਹਨ।ਇਹ ਸਾਰੇ ਦਾਅਵੇ ਪੂਰੀ ਤਰ੍ਹਾਂ ਝੂਠੇ ਹਨ ਅਤੇ ਲੋਕਾਂ ਨਾਲ ਧੋਖਾਧੜੀ ਕਰਨ ਦੇ ਉਦੇਸ਼ ਨਾਲ ਕੀਤੇ ਜਾ ਰਹੇ ਹਨ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਨਾ ਤਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਅਤੇ ਨਾ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ (ਪੀ.ਐਸ.ਪੀ.ਸੀ.ਐਲ) ਵੱਲੋਂ ਕੋਈ ਇਸ ਤਰ੍ਹਾਂ ਦੀ ਘੋਸ਼ਣਾ ਕੀਤੀ ਗਈ ਹੈ। ਨਾਗਰਿਕਾਂ ਨੂੰ ਸੁਚੇਤ ਕੀਤਾ ਕਿ ਇਸ ਤਰ੍ਹਾਂ ਦੀਆਂ ਧੋਖਾਧੜੀ ਵਾਲੀਆਂ ਗਤੀਵਿਧੀਆਂ ਦਾ ਮਕਸਦ ਲੋਕਾਂ ਤੋਂ ਪੈਸੇ ਅਤੇ ਸੰਵੇਦਨਸ਼ੀਲ ਨਿੱਜੀ ਜਾਣਕਾਰੀ ਪ੍ਰਾਪਤ ਕਰਨਾ ਹੈ।
ਸਿਵਲ ਜਜ ਸੀਨੀਅਰ ਡਵੀਜ਼ਨ ਨੇ ਸਖ਼ਤ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਕੋਈ ਵੀ ਵਿਅਕਤੀ ਜੋ ਇਸ ਤਰ੍ਹਾਂ ਦੀ ਨਕਲੀ ਸਮੱਗਰੀ ਤਿਆਰ ਕਰਦਾ ਜਾਂ ਫੈਲਾਉਂਦਾ ਪਾਇਆ ਗਿਆ, ਉਸ ਦੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਸ ਵਿੱਚ ਗ੍ਰਿਫ਼ਤਾਰੀ, ਜੁਰਮਾਨੇ ਅਤੇ ਮੁਕੱਦਮਾ ਸ਼ਾਮਲ ਹਨ।
ਉਨ੍ਹਾਂ ਜਨਤਾ ਲਈ ਸਲਾਹ ਜਾਰੀ ਕਰਦਿਆਂ ਕਿਹਾ ਕਿ ਸਿਰਫ਼ ਸਰਕਾਰੀ ਸਰੋਤਾਂ ਤੋਂ ਮਿਲਣ ਵਾਲੀ ਜਾਣਕਾਰੀ `ਤੇ ਹੀ ਭਰੋਸਾ ਕਰੋ। ਅਣਜਾਣ ਲਿੰਕਾਂ ‘ਤੇ ਕਲਿੱਕ ਨਾ ਕਰੋ ਅਤੇ ਆਪਣੀ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ।ਇਸ ਤਰ੍ਹਾਂ ਦੇ ਗੁੰਮਰਾਹ ਕਰਨ ਵਾਲੇ ਸੁਨੇਹਿਆਂ ਦੇ ਆਧਾਰ ‘ਤੇ ਪੈਸੇ ਟ੍ਰਾਂਸਫਰ ਨਾ ਕਰੋ।ਉਨ੍ਹਾਂ ਕਿਹਾ ਕਿ ਜਨਤਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਦੇ ਹੈਲਪਲਾਈਨ ਨੰਬਰ 0183-2220205 ਜਾਂ ਟੋਲ-ਫ਼ਰੀ ਨੰਬਰ 15100 `ਤੇ ਸੰਪਰਕ ਕਰ ਸਕਦੀ ਹੈ ਜਾਂ ਆਪਣੇ ਨੇੜਲੇ ਲੀਗਲ ਏਡ ਕਲੀਨਿਕ ‘ਤੇ ਜਾ ਸਕਦੀ ਹੈ।
Check Also
ਗੁਰੂ ਨਾਨਕ ਦੇਵ ਯੂਨੀਵਰਿਸਟੀ ਦਾ ਵਿੱਤੀ ਸਾਲ 2026-27 ਦਾ 773 ਕਰੋੜ 17 ਲੱਖ 42 ਹਜ਼ਾਰ ਰੁਪਏ ਦਾ ਬਜ਼ਟ ਪਾਸ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਤੀ ਸਾਲ 2026-27 …
Punjab Post Daily Online Newspaper & Print Media