ਅੰਮ੍ਰਿਤਸਰ, 28 ਮਾਰਚ (ਦੀਪ ਦਵਿੰਦਰ ਸਿੰਘ) – ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ, ਸਭਿਆਚਾਰਕ ਮਾਮਲੇ ਵਿਭਾਗ
(ਭਾਰਤ ਸਰਕਾਰ), ਭਾਸ਼ਾ ਵਿਭਾਗ, ਪੰਜਾਬ ਅਤੇ ਵਿਰਸਾ ਵਿਹਾਰ ਸੁਸਾਇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਸ਼੍ਰੋਮਣੀ ਨਾਟਕਕਾਰ ਸਵ: ਸ੍ਰੀ ਜਤਿੰਦਰ ਬਰਾੜ ਦੀ ਯਾਦ ਵਿੱਚ 21 ਤੋਂ 30 ਮਾਰਚ ਤੱਕ ਚੱਲਣ ਵਾਲੇ 26ਵੇਂ ਰਾਸ਼ਟਰੀ ਰੰਗਮੰਚ ਉਸਤਵ ਦੇ ਸਤਵੇਂ ਦਿਨ ਮਨਿੰਦਰ ਕਾਂਗ ਦੁਆਰਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਿਤ ਕੀਤਾ ਨਾਟਕ ‘ਭਾਰ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਕੀਤਾ ਗਿਆ। ਨਾਟਕ ਤੋਂ ਪਹਿਲਾਂ ਵਿਸ਼ਵ ਰੰਗਮੰਚ ਦਿਵਸ ਨੂੰ ਸਮਰਪਿਤ ਸ਼ਾਨਦਾਰ ਸਮਾਗਮ ਕੀਤਾ ਗਿਆ।ਸਭ ਤੋਂ ਪਹਿਲਾਂ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਇੰਟਰਨੈਸ਼ਨਲ ਥੀਏਟਰ ਇੰਸਟੀਚਿਊਟ ਆਈ.ਟੀ.ਆਈਵਿਸ਼ਵ ਪ੍ਰਦਰਸ਼ਨ ਕਲਾ ਸੰਗਠਨ ਦਾ ਵਿਸ਼ਵ ਰੰਗਮੰਚ ਦਿਵਸ 2026 ਸੁਨੇਹਾ ਵਿਲੇਮ ਡਾਫੋ, ਅਮਰੀਕਾ ਅਦਾਕਾਰ, ਥੀਏਟਰ ਨਿਰਮਾਤਾ ਵੱਲੋਂ ਲਿਖਿਆ ਸਥਾਨਕ ਕਲਾਕਾਰਾਂ ਨੂੰ ਪੜ ਕੇ ਸੁਣਾਇਆ। ਕੁਸ਼ਾਗਰ ਕਾਲੀਆ ਵੱਲੋਂ ਰੰਗਮੰਚ ਦਾ ਗੀਤਾ ਗਾਇਆ।ਇਸ ਤੋਂ ਬਾਅਦ ‘ਭਾਰ’ ਨਾਟਕ ਦਾ ਮੰਚਣ ਕੀਤਾ ਗਿਆ।
1984 ਦਾ ਦੌਰ ਅਸੀਂ ਅਖੀਂ ਵੇਖਿਆ ਹੈ ਅਤੇ ਉਸ ਦੌਰ ਦੀਆਂ ਦੋਵਾਂ ਧਿਰਾਂ ਵਲੋਂ ਹੁੰਦੀਆਂ ਜ਼ਿਆਦਤੀਆਂ ਦੀਆਂ ਖ਼ਬਰਾਂ ਦੇ ਵੀ ਅਸੀਂ ਗਵਾਹ ਹਾਂ, ਉਸ ਦੌਰ ਨੇ ਸਾਂਝੇ ਭਾਈਚਾਰੇ ਦੇ ਰਿਸ਼ਤਿਆਂ ਤੇ ਸੰਵੇਦਨਾ ਵਿੱਚ ਤਤ੍ਰੇੜ ਪਾਉਣੀ ਚਾਹੀ ਸੀ।ਇਹ ਨਾਟਕ ਵਹਿਸ਼ਤ ਤੇ ਦਹਿਸ਼ਤ ਦੇ ਦਿਨਾਂ ਦੀ ਨਿਸ਼ਾਨਦੇਹੀ ਕਰਦਾ ਹੈ।ਇਹ ਨਾਟਕ ਪੰਜਾਬ ਦੇ ਉਸ ਸਮੇਂ ਉਤੇ ਝਾਤ ਪਾਉਂਦਾ ਹੈ ਜਦੋਂ ਪੰਜਾਬ ਵਿੱਚ ਕਾਲੀ ਬੋਲੀ ਹਨ੍ਹੇਰੀ ਵਗ ਰਹੀਂ ਸੀ ਅਤੇ ਮਾਂਵਾ ਦੇ ਪੁੱਤਰ ਅਣਆਈ ਮੌਤ ਮਰ ਰਹੇ ਸੀ।ਉਸ ਵੇਲੇ ਛੋਟੇ ਬੱਚੇ ਵੀ ਇਸ ਹਨ੍ਹੇਰ ਗਰਦੀ ਦਾ ਸ਼ਿਕਾਰ ਹੋ ਰਹੇ ਸੀ।ਇਹ ਨਾਟਕ ਮੁੱਖ ਕਿਰਦਾਰ ਵੱਲੋਂ ਇੱਕ ਛੋਟੀ ਬੱਚੀ ਦੀ ਮੌਤ ਦੇ ਜ਼ਮੀਰ ਉਪਰ ਪਏ ਭਾਰ ਦੀ ਮੂੰਹ ਬੋਲਦੀ ਤਸਵੀਰ ਹੈ।ਮਨਿੰਦਰ ਕਾਂਗ ਦੀ ਕਹਾਣੀ ’ਤੇ ਅਧਾਰਿਤ ਕਹਾਣੀ ਦਾ ਰੰਗਮੰਚ ਸ਼ੈਲੀ ਵਿਚ ਨਾਟਕ ‘ਭਾਰ’ ਦਾ ਮੰਚਣ ਸਾਡੇ ਲਈ ਬਹੁਤ ਉਤਸ਼ਾਹ ਵਾਲਾ ਤੇ ਵਿਸ਼ੇਸ਼ ਹੈ।ਮਨਿੰਦਰ ਕਾਂਗ ਪੰਜਾਬੀ ਕਹਾਣੀ ਦਾ ਬਹੁਤ ਵੱਡਾ ਨਾਮ ਹੈ।ਉਸਦੀਆਂ ਕਹਾਣੀਆਂ ਵਿੱਚ 1984 ਦੇ ਸਮਿਆਂ ਦਾ ਇਤਿਹਾਸ ਹੈ।ਉਸਦੀਆਂ ਕਹਾਣੀਆਂ ਮਾਨਵੀ ਸੰਵੇਦਨਾ ਦੀ ਸੂਖ਼ਮ ਪੇਸ਼ਕਾਰੀ ਹੈ।ਇਸ ਨਾਟਕ ਦੀ ਪੇਸ਼ਕਾਰੀ ਨੂੰ ਹੋਰ ਵੀ ਭਰਵਾਂ ਤੇ ਗੁੰਦਵਾਂ ਬਣਾਉਣ ਲਈ ਮੈਂ ਦਹਿਸ਼ਤ ਦੇ ਦਿਨਾਂ ਵਿਚ ਲਿਖੀ ਗਈ ਕਵਿਤਾ ਨੂੰ ਇਸ ਦਾ ਹਿੱਸਾ ਬਣਾਇਆ ਹੈ, ਇਹ ਕਵਿਤਾਵਾਂ ਸੁਖਚੈਨ ਮਿਸਤਰੀ, ਪਾਲ ਕੌਰ ਤੇ ਅਜਾਇਬ ਸਿੰਘ ਹੁੰਦਲ ਦੀਆਂ ਲਿਖੀਆਂ ਹਨ।ਇਨ੍ਹਾਂ ਕਵਿਤਾਵਾਂ ਨਾਲ ਇਸ ਨਾਟਕ ਅੰਦਰਲੀ ਸੰਵੇਦਨਾ, ਹਕੂਮਤੀ ਜ਼ਬਰ ਅਤੇ ਬੇਕਸੂਰਾਂ ਨਾਲ ਹੋਈ ਜ਼ਿਆਦਤੀ ਵੀ ਭਰਵੇਂ ਰੂਪ ’ਚ ਪੇਸ਼ ਹੋਈ ਹੈ।ਇਸ ਨਾਟਕ ਵਿੱਚ ਸਾਜਨ ਕੋਹਿਨੂਰ ਨੇ ਦਮਦਾਰ ਅਦਾਕਾਰੀ ਪੇਸ਼ ਕੀਤੀ।ਨਾਟਕ ਦਾ ਰੋਸ਼ਨੀ ਪ੍ਰਭਾਵ ਅਕਾਸ਼ਦੀਪ ਤੇ ਯੁਵਨੀਸ਼ ਸ਼ਰਮਾ ਵੱਲੋਂ ਦਿੱਤਾ ਗਿਆ।
ਨਾਟਕ ਤੋਂ ਬਾਅਦ ਵਿਸ਼ਵ ਰੰਗਮੰਚ ਦਿਵਸ ਨੂੰ ਸਮਰਪਿਤ ਸਾਡਾ ਨਾਟ ਘਰ ਦੀ ਟੀਮ ਵਲੋਂ ਬਾਲ ਨਾਟਕ ਤੇ ਐਕਸ਼ਨ ਗੀਤ ਪੇਸ਼ ਕੀਤੇ ਗਏ। ਸਮਾਗਮ ਵਿ ਚ ਪਹਿਲਾ ਸ੍ਰੀ ਜਤਿੰਦਰ ਬਰਾੜ ਯਾਦਗਾਰੀ ਸਨਮਾਨ ਪ੍ਰਸਿ ਧ ਨਾਟਕਕਾਰ ਡਾ. ਆਤਮਜੀਤ ਨੂੰ ਦਿੱਤਾ ਗਿਆ।ਰੰਗਮੰਚ ਦੇ ਖੇਤਰ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੇ 30 ਦੇ ਕਰੀਬ ਸਥਾਨਕ ਕਲਕਾਰਾਂ ਦਾ ਮਾਣ ਸਨਮਾਨ ਕੀਤਾ ਗਿਆ।
ਇਸ ਮੌਕੇ ਵਿਰਸਾ ਵਿਹਾਰ ਦੇ ਸਕੱਤਰ ਰਮੇਸ਼ ਯਾਦਵ, ਡਾ. ਹਰਿਭਜਨ ਸਿੰਘ ਭਾਟੀਆ, ਨਾਟਕਕਾਰ ਜਗਦੀਸ਼ ਸਚਦੇਵਾ, ਅਦਾਕਾਰ ਹਰਦੀਪ ਗਿੱਲ, ਭੁਪਿੰਦਰ ਸਿੰਘ ਸੰਧੂ, ਹੀਰਾ ਰੰਧਾਵਾ, ਪਵਨਦੀਪ, ਜਸਵੰਤ ਸਿੰਘ ਜੱਸ, ਸੁਮੀਤ ਸਿੰਘ ਸਮੇਤ ਸਥਾਨਕ ਰੰਗਕਰਮੀ ਅਤੇ ਨਾਟ ਪ੍ਰੇਮੀ ਹਾਜ਼ਰ ਸਨ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਵਾਰ ਮੈਮੋਰੀਅਲ ਤੱਕ ਯਾਦਗਾਰੀ ਮੋਟਰਸਾਈਕਲ ਰਾਈਡ ਦਾ ਆਯੋਜਨ 12 ਜੁਲਾਈ ਨੂੰ
ਅੰਮ੍ਰਿਤਸਰ, 10 ਜੁਲਾਈ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਦਲਵਿੰਦਰਜੀਤ ਸਿੰਘ ਆਈ.ਏ.ਐਸ ਨੇ …
Punjab Post Daily Online Newspaper & Print Media