Monday, April 27, 2026

26ਵੇਂ ਰਾਸ਼ਟਰੀ ਰੰਗਮੰਚ ਉਸਤਵ ਦੇ ਨੌਵੇਂ ਦਿਨ ਨਾਟਕ ‘ਧੂਪ ਕਾ ਏਕ ਟੁਕੜਾ-ਡੇਢ ਇੰਚ ਉਪਰ’ ਦਾ ਮੰਚਣ

ਅੰਮ੍ਰਿਤਸਰ, 29 ਮਾਰਚ (ਦੀਪ ਦਵਿੰਦਰ ਸਿੰਘ) – ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ, ਸਭਿਆਚਾਰਕ ਮਾਮਲੇ ਵਿਭਾਗ ਭਾਰਤ ਸਰਕਾਰ, ਭਾਸ਼ਾ ਵਿਭਾਗ, ਪੰਜਾਬ ਅਤੇ ਵਿਰਸਾ ਵਿਹਾਰ ਸੁਸਾਇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਸ਼੍ਰੋਮਣੀ ਨਾਟਕਕਾਰ ਸਵ: ਜਤਿੰਦਰ ਬਰਾੜ ਦੀ ਯਾਦ ਵਿੱਚ 21 ਤੋਂ 30 ਮਾਰਚ ਤੱਕ ਚੱਲਣ ਵਾਲੇ 26ਵੇਂ ਰਾਸ਼ਟਰੀ ਰੰਗਮੰਚ ਉਸਤਵ ਦੇ ਨੌਵੇਂ ਦਿਨ ਅਭਿਨਵ ਰੰਗਮੰਡਲ ਉਜੈਨ ਦੀ ਟੀਮ ਵੱਲੋਂ ਨਿਰਮਲ ਵਰਮਾ ਦੁਆਰਾ ਲਿਖਿਆ ਅਤੇ ਸ਼ਰਦ ਸ਼ਰਮਾ ਦਾ ਨਿਰਦੇਸ਼ਿਤ ਕੀਤਾ ਨਾਟਕ ‘ਧੂਪ ਕਾ ਏਕ ਟੁਕੜਾ-ਡੇਢ ਇੰਚ ਉਪਰ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਮੰਚਣ ਕੀਤਾ ਗਿਆ।
ਨਿਰਮਲ ਵਰਮਾ ਦੀ ਕਹਾਣੀ ‘ਡੇਢ ਇੰਚ ਉਪਰ’, ਜੋ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇ ਜਰਮਨੀ ਵਿੱਚ ਸੈਟ ਕੀਤੀ ਗਈ ਹੈ।ਇੱਕ ਬੁੱਢੇ ਆਦਮੀ ਦੀ ਇਕੱਲਤਾ, ਡਰ ਅਤੇ ਅਣਮਨੁੱਖਤਾ ਦੀ ਕਹਾਣੀ ਦੱਸਦੀ ਹੈ, ਜਿਸਦੀ ਪਤਨੀ ਨੂੰ ਗੇਸਟਾਪੋ ਚੁੱਕ ਕੇ ਲੈ ਗਿਆ ਹੈ।ਉਹ ਇਸ ਭਿਆਨਕ ਹਕੀਕਤ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕਰਦਾ ਹੈ।ਇੱਕ ਆਮ ਜ਼ਿੰਦਗੀ ਜਿਉਣ ਦਾ ਦਿਖਾਵਾ ਕਰਦਾ ਹੈ, ਬੀਅਰ ਪੀਂਦਾ ਹੈ ਅਤੇ ਮਾਨਸਿਕ ਤੌਰ ’ਤੇ ‘ਜ਼ਮੀਨ ਤੋਂ ਡੇਢ ਇੰਚ ਉੱਪਰ’ ਉਠਦਾ ਹੈ, ਜੋ ਕਿ ਇਕੱਲਤਾ, ਮੌਤ ਅਤੇ ਹਕੀਕਤ ਦੀ ਅਨਿਸ਼ਚਿਤਤਾ ਨੂੰ ਦਰਸਾਉਂਦਾ ਹੈ।ਨਿਰਮਲ ਵਰਮਾ ਦੀ ਕਹਾਣੀ ‘ਏ ਪੀਸ ਆਫ ਸਨਸ਼ਾਈਨ’ ਆਧੁਨਿਕ ਮਹਾਂਨਗਰੀ ਜੀਵਨ ਦੀ ਇਕੱਲਤਾ, ਵਿਸਥਾਪਨ ਅਤੇ ਮਨੁੱਖੀ ਸੰਵੇਦਨਾਵਾਂ ਦੇ ਨੁਕਸਾਨ ਦਾ ਇੱਕ ਦਰਦਨਾਕ ਪ੍ਰਗਟਾਵਾ ਹੈ।ਇਹ ਨਾਇਕਾ ਦੀ ਸ਼ਹਿਰੀ ਇਕੱਲਤਾ ਅਤੇ ਅਤੀਤ ਦੀਆਂ ਯਾਦਾਂ ਵਿਚਕਾਰ ਸੰਤੁਲਨ ਦੀ ਖੋਜ਼ ਨੂੰ ਦਰਸਾਉਂਦੀ ਹੈ, ਜਦੋਂ ਉਹ ਬੈਂਚ ਤੋਂ ਬੈਂਚ ਤੱਕ ਭਟਕਦੀ ਹੈ।ਇਸ ਨਾਟਕ ਵਿੱਚ ਸ਼ਰਦ ਸ਼ਰਮਾ, ਸੰਕਲਪ ਸ਼ਰਮਾ ਤੇ ਕਾਮਨਾ ਭੱਟ ਨੇ ਦਮਦਾਰ ਅਦਾਕਾਰੀ ਪੇਸ਼ ਕੀਤੀ।ਨਾਟਕ ਦਾ ਸੰਗੀਤ ਰੂਬਲ ਸ਼ਰਮਾ ਅਤੇ ਰੋਸ਼ਨੀ ਪ੍ਰਭਾਵ ਰਾਘਵੇਂਦਰ ਕੋਸ਼ਿਕ ਵੱਲੋਂ ਦਿੱਤਾ ਗਿਆ।
ਇਸ ਮੌਕੇ ਕੇਵਲ ਧਾਲੀਵਾਲ, ਡਾ. ਹਰਿਭਜਨ ਸਿੰਘ ਭਾਟੀਆ, ਭੁਪਿੰਦਰ ਸਿੰਘ ਸੰਧੂ, ਜਸਵੰਤ ਸਿੰਘ ਜੱਸ, ਅਦਾਕਾਰ ਹਰਦੀਪ ਗਿੱਲ, ਸੁਮੀਤ ਸਿੰਘ ਆਦਿ ਸਮੇਤ ਨਾਟ ਪ੍ਰੇਮੀ ਤੇ ਦਰਸ਼ਕ ਹਾਜ਼ਰ ਸਨ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …