Saturday, April 18, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਕਰਵਾਈ ਗਈ ਵਿਸ਼ੇਸ਼ ਅਕਾਦਮਿਕ ਗੋਸ਼ਟੀ ਦੀ ਪ੍ਰਧਾਨਗੀ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਹਮੇਸ਼ਾਂ ਹੀ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਚਨਬੱਧ ਰਹੀ ਹੈ ਅਤੇ ਅਜੋਕੇ ਸਮੇੇਂ ਵਿੱਚ ਵੀ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਯੂਨੀਵਰਸਿਟੀ ਯਤਨਸ਼ੀਲ ਹੈ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ, ਬਾਬਾ ਫਰੀਦ ਜੀ ਅਤੇ ਹੋਰ ਅਧਿਆਤਮਕ ਸਖਸ਼ੀਅਤਾਂ ਦੀ ਬਾਣੀ ਸਾਨੂੰ ਆਤਮ ਚਿੰਤਨ ਕਰਨ ਲਈ ਪ੍ਰੇਰਿਤ ਕਰਦੀ ਹੈ।ਮੱਧਕਾਲੀਨ ਸਾਹਿਤ ਦੀ ਅਜੋਕੇ ਦੌਰ ਵਿੱਚ ਪ੍ਰਸੰਗਿਕਤਾ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਬੁੱਲ੍ਹੇ ਸ਼ਾਹ ਵਰਗੇ ਮਹਾਨ ਸ਼ਾਇਰਾਂ ਦਾ ਕਲਾਮ ਅੱਜ ਵੀ ਮਨੁੱਖਤਾ ਨੂੰ ਸਹੀ ਰਾਹ ਦਿਖਾਉਣ ਦੀ ਸਮਰੱਥਾ ਰੱਖਦਾ ਹੈ।  ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਹੇਠ ਸਭਿਆਚਾਰ ਮੰਤਰਾਲਾ (ਭਾਰਤ ਸਰਕਾਰ), ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਅਤੇ ਭਾਰਤ ਦੀ ਸਰਵਉੱਚ ਸਾਹਿਤਕ ਸੰਸਥਾ ਸਾਹਿਤ ਅਕਾਦੇਮੀ ਨਵੀਂ ਦਿੱਲੀ ਵੱਲੋਂ ਸਾਂਝੇ ਤੌਰ ‘ਤੇ ਕਰਵਾਈ ਗਈ ਇਸ ਅਕਾਦਮਿਕ ਗੋਸ਼ਟੀ ਦਾ ਮੁੱਖ ਵਿਸ਼ਾ ‘ਮੱਧਕਾਲੀਨ ਪੰਜਾਬੀ ਸਾਹਿਤ ਪਾਸਾਰ ਅਤੇ ਪ੍ਰਸੰਗਿਕਤਾ’ ਸੀ।ਡਾ. ਮਨਜਿੰਦਰ ਸਿੰਘ, ਮੁਖੀ ਪੰਜਾਬੀ ਅਧਿਐਨ ਸਕੂਲ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਬੂਟੇ ਭੇਟ ਕਰਕੇ ਰਸਮੀ ਤੌਰ ‘ਤੇ ਸਵਾਗਤ ਕੀਤਾ।  ਇਸ ਉਪਰੰਤ ਸਾਹਿਤ ਅਕਾਦੇਮੀ ਦੇ ਪੰਜਾਬੀ ਸਲਾਹਕਾਰ ਬੋਰਡ ਦੇ ਕਨਵੀਨਰ ਰਵੇਲ ਸਿੰਘ ਨੇ ਗੋਸ਼ਟੀ ਦੇ ਮੁੱਢਲੇ ਸ਼ਬਦ ਪੇਸ਼ ਕਰਦਿਆਂ ਕਿਹਾ ਕਿ ਮੱਧਕਾਲੀਨ ਪੰਜਾਬੀ ਸਾਹਿਤ ਜਿਸ ਵਿੱਚ ਸੂਫੀ-ਕਾਵਿ, ਗੁਰਮਤਿ-ਕਾਵਿ, ਕਿੱਸਾ-ਕਾਵਿ ਅਤੇ ਬੀਰ-ਕਾਵਿ ਸ਼ਾਮਲ ਹਨ।ਸਾਡੀ ਅਜੋਕੀ ਮਾਨਸਿਕਤਾ ਅਤੇ ਸਾਹਿਤਕ ਬਣਤਰ ਦੀ ਜੜ੍ਹ ਹੈ। ਉਨ੍ਹਾਂ ਨੇ ਆਪਣੇ ਸਵਾਗਤੀ ਸ਼ਬਦਾਂ ਵਿੱਚ ਸਾਹਿਤ ਅਕਾਦੇਮੀ ਦੇ ਕੰਮਕਾਜ ਅਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਅਕਾਦੇਮੀ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ।ਉਨ੍ਹਾਂ ਨੇ ਜ਼ੋਰ ਦਿੱਤਾ ਕਿ ਜਦੋਂ ਤੱਕ ਅਸੀਂ ਆਪਣੀਆਂ ਬਹੁ-ਸਭਿਆਚਾਰ ਵਾਲੀਆਂ ਮੱਧਕਾਲੀ ਜੜ੍ਹਾਂ ਨਾਲ ਨਹੀਂ ਜੁੜਦੇ, ਉਦੋਂ ਤੱਕ ਅਸੀਂ ਅਜੋਕੇ ਸਾਹਿਤਕ ਰੁਝਾਨਾਂ ਨੂੰ ਸਹੀ ਅਰਥਾਂ ਵਿੱਚ ਨਹੀਂ ਸਮਝ ਸਕਦੇ। ਮੁੱਖ ਮਹਿਮਾਨ ਵਜੋਂ ਸ਼ਾਮਿਲ ਸਾਹਿਤ ਅਕਾਦੇਮੀ ਦੇ ਪ੍ਰਧਾਨ ਮਾਧਵ ਕੌਸ਼ਿਕ ਨੇ ਆਪਣੇ ਸੰਬੋਧਨ ਵਿੱਚ ਭਾਰਤੀ ਸਾਹਿਤ ਦੇ ਵਿਸ਼ਾਲ ਕੈਨਵਸ ‘ਤੇ ਪੰਜਾਬੀ ਸਾਹਿਤ ਦੀ ਵਿਲੱਖਣ ਪਛਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬੀ ਦਾ ਮੱਧਕਾਲੀਨ ਸਾਹਿਤ ਮਾਨਵਵਾਦ ਅਤੇ ਵਿਸ਼ਵ ਸ਼ਾਂਤੀ ਦਾ ਸੁਨੇਹਾ ਦਿੰਦਾ ਹੈ, ਜੋ ਅੱਜ ਦੇ ਸੰਘਰਸ਼ਾਂ ਭਰੇ ਦੌਰ ਵਿੱਚ ਹੋਰ ਵੀ ਵਧੇਰੇ ਸਾਰਥਕ ਹੈ।
ਇਸ ਸੈਸ਼ਨ ਵਿੱਚ ਕੁੰਜ਼ੀਵਤ ਭਾਸ਼ਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਆਫ ਐਮੀਨੈਂਸ ਮਨਮੋਹਨ ਸਿੰਘ ਨੇ ਦਿੱਤਾ।ਉਨ੍ਹਾਂ ਨੇ ਆਪਣੇ ਗੰਭੀਰ ਅਤੇ ਖੋਜ-ਭਰਪੂਰ ਭਾਸ਼ਣ ਰਾਹੀਂ ਮੱਧਕਾਲੀਨ ਪੰਜਾਬੀ ਸਾਹਿਤ ਦੇ ਵੱਖ-ਵੱਖ ਪਾਸਾਰਾਂ ਨੂੰ ਅਕਾਦਮਿਕ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ।ਪਹਿਲੇ ਸੈਸ਼ਨ ਦੇ ਅੰਤ ਵਿੱਚ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਮਨਜਿੰਦਰ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।ਪੂਰੇ ਉਦਘਾਟਨੀ ਸੈਸ਼ਨ ਦਾ ਸੰਚਾਲਨ ਅਸਿਸਟੈਂਟ ਪ੍ਰੋਫੈਸਰ ਬਲਜੀਤ ਕੌਰ ਰਿਆੜ ਨੇ ਕੀਤਾ।
ਪਹਿਲੇ ਸੈਸ਼ਨ ਦੀ ਪ੍ਰਧਾਨਗੀ ਉੱਘੀ ਸਾਹਿਤਕਾਰ ਜਸਪਾਲ ਕੌਰ ਕਾਂਗ ਨੇ ਕੀਤੀ।ਸ੍ਰੀਮਤੀ ਵਨੀਤਾ ਨੇ ਆਪਣੇ ਪਰਚੇ ਬਾਰੇ ਕਿਹਾ ਕਿ ਮੱਧਕਾਲੀ ਸਾਹਿਤ ਵਿਭਿੰਨ ਸੂਖਮ ਅਤੇ ਪ੍ਰਦਰਸ਼ਨ ਕਲਾਵਾਂ ਦਾ ਸੰਗਮ ਹੈ।ਉਹਨਾਂ ਗੁਰਬਾਣੀ ਦੇ ਵਿਸ਼ੇਸ਼ ਪ੍ਰਸੰਗ ਵਿੱਚ ਨ੍ਰਿਤ ਕਲਾ ਦਾ ਵਿਸਤ੍ਰਿਤ ਵੇਰਵਾ ਪ੍ਰਦਾਨ ਕੀਤਾ।
ਡਾ. ਰਵਿੰਦਰ ਸਿੰਘ ਨੇ ਕਿਹਾ ਕਿ ਗੁਰਬਾਣੀ ਦਾ ਅਦਵੈਤਵਾਦੀ ਨਜ਼ਰੀਆ ਵਿਭਿੰਨ ਅਧਿਆਤਮਕ, ਰਾਜਨੀਤਕ ਅਤੇ ਸਮਾਜਿਕ ਮਸਲਿਆਂ ਦਾ ਸਮਾਧਾਨ ਪੇਸ਼ ਕਰਦਾ ਹੈ।ਅਵਤਾਰ ਸਿੰਘ ਨੇ ਕਿਹਾ ਕਿ ਮੱਧਕਾਲੀ ਸਾਹਿਤ ਧਰਮ, ਅਰਥ, ਕਾਮ ਅਤੇ ਮੋਕਸ਼ ਦੇ ਆਪਸੀ ਸਮਿਨਵੈ ਰਾਹੀਂ ਜ਼ਿੰਦਗੀ ਵਿੱਚ ਤਵਾਜ਼ਨ ਰੱਖਣ ਦੇ ਆਹਰ ਕਰਦਾ ਹੈ।
ਆਪਣੇ ਪ੍ਰਧਾਨਗੀ ਭਾਸ਼ਣ ਵਿਚ ਜਸਪਾਲ ਕੌਰ ਕਾਂਗ ਨੇ ਕਿਹਾ ਕਿ ਇਸ ਸੈਸ਼ਨ ਵਿੱਚ ਪੇਸ਼ ਕੀਤੇ ਗਏ ਵਿਚਾਰ ਮੱਧਕਾਲੀ ਸਾਹਿਤ ਅਤੇ ਗੁਰਬਾਣੀ ਦੇ ਡੂੰਘੇ ਪਾਸਾਰਾਂ ਨੂੰ ਬਾਖ਼ੂਬੀ ਉਜਾਗਰ ਕਰਦੇ ਹਨ।ਉਹਨਾਂ ਸਮੂਹ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀ ਵਿਚਾਰ-ਚਰਚਾ ਗੰਭੀਰ ਵਿਸ਼ਿਆਂ ਨੂੰ ਸਰਲ ਅਤੇ ਸਪੱਸ਼ਟ ਰੂਪ ਵਿੱਚ ਅੰਕਿਤ ਕਰਨ ‘ਚ ਸਹਾਇਕ ਸਿੱਧ ਹੁੰਦੀ ਹੈ।ਇਸ ਸੈਸ਼ਨ ਦਾ ਸੰਚਾਲਨ ਅਸਿਸਟੈਂਟ ਪ੍ਰੋਫੈਸਰ ਹਰਿੰਦਰ ਕੌਰ ਸੋਹਲ ਕੌਰ ਨੇ ਕੀਤਾ।
ਦੂਜੇ ਸੈਸ਼ਨ ਵਿੱਚ ਪ੍ਰੋ. ਗੁਰਪਾਲ ਸਿੰਘ ਸੰਧੂ ਨੇ ਵਿਸ਼ੇਸ਼ ਭਾਸ਼ਣ ਵਿੱਚ ਕਿਹਾ ਕਿ ਸਾਹਿਤ ਦੇ ਵਿਸ਼ਲੇਸ਼ਣ ਦਾ ਕਾਲਮੁਲਕ ਸੰਦਰਭ ਇਸਦਾ ਕਾਵਿ-ਸ਼ਾਸਤਰ ਸਿਰਜਣ ਵਿੱਚ ਸਹਾਇਕ ਸਿੱਧ ਹੋ ਸਕਦਾ ਹੈ।ਹਰਿੰਦਰ ਕੌਰ ਸੋਹਲ ਨੇ ਪਰਚਾ ਪ੍ਰਸਤੁਤ ਕਰਦਿਆਂ ਕਿਹਾ ਕਿ ਮੱਧਕਾਲੀ ਸਾਹਿਤ ਪੰਜਾਬ ਦੇ ਸਮਾਜਿਕ, ਧਾਰਮਿਕ ਅਤੇ ਸਿਆਸੀ ਪਰਿਵਰਤਨਾਂ ਦਾ ਇੱਕ ਜੀਵੰਤ ਦਸਤਾਵੇਜ਼ ਹੈ।ਇਸ ਦੌਰ ਦੀ ਸਭ ਤੋਂ ਮਹੱਤਵਪੂਰਨ ਪ੍ਰਾਪਤੀ ਸੂਫੀ ਕਾਵਿ ਹੈ, ਜਿਸ ਨੇ ਰੂਹਾਨੀ ਇਸ਼ਕ ਰਾਹੀਂ ਮਾਨਵਵਾਦ ਦਾ ਪ੍ਰਚਾਰ ਕੀਤਾ।ਸਿਮਰਨਜੀਤ ਸਿੰਘ ਦਾ ਵਿਚਾਰ ਸੀ ਕਿ ਇਸ ਕਾਲ ਵਿੱਚ ਭਾਸ਼ਾ ਦੇ ਪੱਧਰ `ਤੇ ਅਰਬੀ, ਫ਼ਾਰਸੀ ਅਤੇ ਸੰਸਕ੍ਰਿਤ ਦੇ ਸ਼ਬਦਾਂ ਦਾ ਪੰਜਾਬੀਕਰਨ ਬੜੀ ਸਹਿਜਤਾ ਨਾਲ ਹੋਇਆ।ਕੰਵਲਦੀਪ ਕੌਰ ਨੇ ਆਪਣੇ ਖੋਜ਼ ਪੱਤਰ ਨੂੰ ਪੜ੍ਹਦਿਆਂ ਮੱਧਕਾਲੀਨ ਸਾਹਿਤ ਦੀ ਪ੍ਰਸੰਗਿਕਤਾ ਨੂੰ ਨਵੇਂ ਸਿਧਾਂਤਾਂ ਦੇ ਰੋਸ਼ਨੀ ਵਿੱਚ ਪਰਖਣ ਦੀ ਕੋਸ਼ਿਸ਼ ਕੀਤੀ।ਇਸ ਸੈਸ਼ਨ ਦਾ ਸੰਚਾਲਨ ਅਸਿਸਟੈਂਟ ਪ੍ਰੋਫੈਸਰ ਰਾਜਵਿੰਦਰ ਕੌਰ ਨੇ ਕੀਤਾ।ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਡਾ. ਧਰਮ ਸਿੰਘ ਨੇ ਕਿਹਾ ਕਿ ਅਜਿਹੀਆਂ ਗੋਸ਼ਟੀਆਂ ਸਾਹਿਤਕ ਸੰਵਾਦ ਨੂੰ ਜਿਉਂਦਾ ਰੱਖਣ ਲਈ ਬਹੁਤ ਜ਼ਰੂਰੀ ਹਨ।ਸਾਹਿਤ ਅਕਾਦਮੀ ਅਤੇ ਯੂਨੀਵਰਸਿਟੀ ਦੇ ਇਸ ਸਾਂਝੇ ਉਪਰਾਲੇ ਨੇ ਖੋਜਾਰਥੀਆਂ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ।
ਇਸ ਮੌਕੇ ਡਾ. ਮੇਘਾ ਸਲਵਾਨ, ਡਾ. ਸਿਮਰਨਜੀਤ ਸਿੰਘ, ਡਾ. ਅਕਾਲ ਅੰਮ੍ਰਿਤ ਕੌਰ, ਡਾ. ਸੁਨੀਲ ਕੁਮਾਰ (ਮੁਖੀ ਹਿੰਦੀ ਵਿਭਾਗ), ਡਾ. ਹਸਨ ਰੇਹਾਨ, ਡਾ. ਵਿਸ਼ਾਲ ਭਾਰਦਵਾਜ, ਪ੍ਰਵੀਨ ਪੁਰੀ (ਡਾਇਰੈਕਟਰ ਲੋਕ ਸੰਪਰਕ ਵਿਭਾਗ), ਡਾ. ਅਮਰਜੀਤ ਸਿੰਘ, ਡਾ. ਰਾਜ ਕੁਮਾਰ, ਖ਼ਾਲਿਦ ਹੁਸੈਨ, ਹਰਦੀਪ ਸਿੰਘ ਦੀਪ, ਦੀਪ ਦਵਿੰਦਰ, ਡਾ. ਭਾਰਤਬੀਰ ਸੰਧੂ, ਡਾ. ਰਵਿੰਦਰ ਸਾਹਨੀ, ਡਾ. ਹੀਰਾ ਸਿੰਘ, ਡਾ. ਕੰਵਲਜੀਤ ਕੌਰ, ਡਾ. ਕੰਵਲਦੀਪ ਕੌਰ, ਡਾ. ਹਰਿੰਦਰ ਸਿੰਘ ਤੁੜ, ਡਾ. ਜਸਪਾਲ ਸਿੰਘ,ਡਾ. ਅੰਜੂ ਬਾਲਾ ਅਤੇ ਡਾ. ਚੰਦਨਪ੍ਰੀਤ ਸਿੰਘ ਤੋਂ ਇਲਾਵਾ ਕਈ ਵਿਦਵਾਨ ਅਤੇ ਮਾਹਿਰ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਮੇਜਰ ਅੰਮ੍ਰਿਤਪਾਲ ਵੱਲੋਂ ਪ੍ਰੇਰਨਾਦਾਇਕ ਲੈਕਚਰ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਵੱਲੋਂ ਭਾਰਤੀ ਫ਼ੌਜ ਦੇ …