Monday, May 18, 2026

ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਹੇਠ ਗਲੋਬਲ ਪੱਧਰ ‘ਤੇ ਨਵੀਆਂ ਉਚਾਈਆਂ ਛੂਹੀਆਂ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਦੂਰਦਰਸ਼ੀ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇੱਕ ਹੋਰ ਵੱਡੀ ਅੰਤਰਰਾਸ਼ਟਰੀ ਉਪਲੱਬਧੀ ਹਾਸਲ ਕੀਤੀ ਹੈ। ਯੂਨੀਵਰਸਿਟੀ ਦੇ ਬਾਇਓਟੈਕਨੋਲੋਜੀ ਵਿਭਾਗ ਨੂੰ ਜਪਾਨ ਦੀ ਪ੍ਰਸਿੱਧ ਕੰਪਨੀ ਹੋਰਿਬਾ ਲਿਮ. ਜਪਾਨ ਵੱਲੋਂ 22 ਲੱਖ ਦਾ ਇੰਡਸਟਰੀ-ਸਪਾਂਸਰਡ ਰਿਸਰਚ ਪ੍ਰੋਜੈਕਟ ਪ੍ਰਦਾਨ ਕੀਤਾ ਗਿਆ ਹੈ।
ਇਹ ਸਾਂਝ ਯੂਨੀਵਰਸਿਟੀ ਦੀ ਗਲੋਬਲ ਪੱਧਰ ‘ਤੇ ਵਧ ਰਹੀ ਪਛਾਣ ਨੂੰ ਦਰਸਾਉਂਦੀ ਹੈ।ਇਸ ਪ੍ਰੋਜੈਕਟ ਅਧੀਨ ਹੋਰਿਬਾ ਵੱਲੋਂ ਤਿਆਰ ਕੀਤੀ ਗਈ ਤੇਜ਼ ਕੀਟਨਾਸ਼ਕ ਜਾਂਚ ਕਿੱਟ ਦੀ ਕਾਰਗੁਜ਼ਾਰੀ, ਸਹੀਪਨ ਅਤੇ ਸੰਵੇਦਨਸ਼ੀਲਤਾ ਦੀ ਜਾਂਚ ਜ਼ਮੀਨੀ ਪੱਧਰ ‘ਤੇ ਪੰਜਾਬ ਵਿੱਚ ਕੀਤੀ ਜਾਵੇਗੀ।
ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਇਹ ਉਪਲੱਬਧੀ ਯੂਨੀਵਰਸਿਟੀ ਦੀ ਇਨੋਵੇਸ਼ਨ-ਅਧਾਰਿਤ ਰਿਸਰਚ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ।ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਕਿਸਾਨਾਂ ਲਈ ਬਹੁਤ ਫਾਇਦਾਮੰਦ ਸਾਬਤ ਹੋਵੇਗਾ, ਕਿਉਂਕਿ ਇਸ ਨਾਲ ਖੇਤਾਂ ਵਿੱਚ ਹੀ ਕੀਟਨਾਸ਼ਕ ਅਵਸ਼ੇਸ਼ਾਂ ਦੀ ਤੁਰੰਤ ਜਾਂਚ ਸੰਭਵ ਹੋ ਸਕੇਗੀ।
ਪੰਜਾਬ ਵਿੱਚ ਕੀਟਨਾਸ਼ਕਾਂ ਦੀ ਵਧ ਵਰਤੋਂ ਕਾਰਨ ਖਾਦ ਸੁਰੱਖਿਆ ਅਤੇ ਮਨੁੱਖੀ ਸਿਹਤ ਲਈ ਚੁਣੌਤੀਆਂ ਪੈਦਾ ਹੋ ਰਹੀਆਂ ਹਨ।ਮੌਜ਼ੂਦਾ ਜਾਂਚ ਪ੍ਰਣਾਲੀਆਂ ਮਹਿੰਗੀਆਂ ਅਤੇ ਸਮੇਂ ਲੈਣ ਵਾਲੀਆਂ ਹਨ, ਜਿਸ ਕਰਕੇ ਕਿਸਾਨ ਪੱਧਰ ‘ਤੇ ਇਹ ਸਹੂਲਤ ਉਪਲੱਬਧ ਨਹੀਂ।ਇਹ ਨਵੀਂ ਤਕਨਾਲੋਜੀ ਇਸ ਖਾਮੀ ਨੂੰ ਪੂਰਾ ਕਰੇਗੀ।ਇਸ ਪ੍ਰੋਜੈਕਟ ਨਾਲ ਕਿਸਾਨ ਆਪਣੀ ਫਸਲ ਦੀ ਗੁਣਵੱਤਾ ਦੀ ਜਾਂਚ ਖੁਦ ਕਰ ਸਕਣਗੇ, ਮਾਰਕੀਟ ਵਿੱਚ ਭਰੋਸਾ ਵਧੇਗਾ ਅਤੇ ਵਧੀਆ ਮੁੱਲ ਮਿਲੇਗਾ।ਖਾਦ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਵੀ ਆਸਾਨ ਹੋਵੇਗੀ।
ਇਹ ਪ੍ਰੋਜੈਕਟ ਯੂਨੀਵਰਸਿਟੀ ਦੇ ਬਾਇਓਟੈਕਨੋਲੋਜੀ ਵਿਭਾਗ ਵਿੱਚ ਪ੍ਰੋ. ਪ੍ਰਤਾਪ ਕੁਮਾਰ ਪਾਤੀ (ਪ੍ਰਿੰਸੀਪਲ ਇਨਵੈਸਟੀਗੇਟਰ) ਅਤੇ ਡਾ. ਨਵਦੀਪ ਕੌਰ (ਕੋ-ਪ੍ਰਿੰਸੀਪਲ ਇਨਵੈਸਟਿਗੇਟਰ) ਦੀ ਅਗਵਾਈ ਹੇਠ ਚਲਾਇਆ ਜਾਵੇਗਾ।
ਵਾਈਸ ਚਾਂਸਲਰ ਨੇ ਇਸ ਉਪਲੱਬਧੀ ਲਈ ਵਿਭਾਗ ਅਤੇ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਾਂਝ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅੰਤਰਰਾਸ਼ਟਰੀ ਪੱਧਰ ‘ਤੇ ਪਛਾਣ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਕਿਸਾਨਾਂ ਦੀ ਭਲਾਈ ਅਤੇ ਖਾਦ ਸੁਰੱਖਿਆ ਵਿੱਚ ਅਹਿਮ ਯੋਗਦਾਨ ਪਾਏਗੀ।

Check Also

ਕਰਮਜੀਤ ਰਿੰਟੂ ਨੇ ਰਾਮਨਗਰ ਪੰਚਾਇਤ ‘ਚ ਸੜਕਾਂ ਤੇ ਗਲੀਆਂ ਬਣਾਉਣ ਦੇ ਕਾਰਜ਼ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 16 ਮਈ (ਜਗਦੀਪ ਸਿੰਘ) – ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਉੱਤਰੀ ਵਿਧਾਨ …