ਏ.ਆਈ ਮਨੁੱਖ ਦੀ ਸਹਾਇਤਾ ਲਈ, ਨਾ ਕਿ ਮਨੁੱਖ ਇਸ ਦੇ ਗੁਲਾਮ ਬਣਨ – ਵੀ.ਸੀ ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 13 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਕਿਹਾ ਕਿ
ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ) ਮਨੁੱਖ ਦੀ ਸਹਾਇਤਾ ਲਈ ਬਣਾਈ ਗਈ ਹੈ ਨਾ ਕਿ ਮਨੁੱਖ ਇਸ ਦੇ ਗੁਲਾਮ ਬਣ ਕੇ ਰਹਿ ਜਾਣ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ “ਸਰਬੱਤ ਦੇ ਭਲੇ” ਦੇ ਸੰਦੇਸ਼ ਨੂੰ ਧਿਆਨ ਵਿੱਚ ਰੱਖਦਿਆਂ ਤਕਨਾਲੋਜੀ ਦਾ ਇਸਤੇਮਾਲ ਮਨੁੱਖੀ ਭਲਾਈ ਅਤੇ ਸਾਰਿਆਂ ਦੇ ਕਲਿਆਣ ਲਈ ਕੀਤਾ ਜਾਣਾ ਚਾਹੀਦਾ ਹੈ।ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸਹਾਇਤਾ ਨਾਲ ਖੇਤੀਬਾੜੀ ਵਿੱਚ ਵਿਕਾਸ ਦੀਆਂ ਅਸੀਮ ਸੰਭਾਵਨਾਵਾਂ ਮੌਜ਼ੂਦ ਹਨ, ਜਿਸ ਦੇ ਇਸਤੇਮਾਲ ਨਾਲ ਪੈਦਾਵਾਰ ਅਤੇ ਗੁਣਵੱਤਾ ਵਧਾਈ ਜਾ ਸਕਦੀ ਹੈ।ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬ ਸਕੂਲ ਆਫ ਇਕਨਾਮਿਕਸ ਵੱਲੋਂ ਰੂਸਾ ਅਧੀਨ ਕਰਵਾਏ ਇਕ ਰੋਜ਼ਾ ਸੈਮੀਨਾਰ “ਐਮਪਾਵਰਿੰਗ ਐਗਰੀਕਲਚਰਲ ਸਸਟੇਨੇਬਿਲਟੀ ਥਰੂ ਆਰਟੀਫਿਸ਼ਲ ਇੰਟੈਲੀਜੈਂਸ” ਨੂੰ ਸੰਬੋਧਨ ਕਰ ਰਹੇ ਸਨ।
ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਏ.ਆਈ ਖੇਤੀਬਾੜੀ ਵਿੱਚ ਵੱਡਾ ਬਦਲਾਅ ਲਿਆ ਸਕਦੀ ਹੈ।ਇਸ ਨਾਲ ਕਿਸਾਨਾਂ ਨੂੰ ਫ਼ਸਲਾਂ ਦੀ ਸੰਭਾਲ, ਮਿੱਟੀ ਦੀ ਜਾਂਚ, ਪਾਣੀ ਦੀ ਬਚਤ ਅਤੇ ਉਤਪਾਦਨ ਵਧਾਉਣ ਵਿੱਚ ਮਦਦ ਮਿਲੇਗੀ।ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ ਨਵੀਂ ਦਿੱਲੀ ਅਤੇ ਏ.ਜੀ.ਐਚ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ ਪੋਲੈਂਡ ਨਾਲ ਕੀਤੇ ਜਾ ਰਹੇ ਸਾਂਝੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ।
ਸੈਮੀਨਾਰ ਵਿੱਚ ਏ.ਜੀ.ਐਚ ਯੂੂੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ, ਪੋਲੈਂਡ ਤੋਂ ਪਹੁੰਚੇ ਵਿਦਵਾਨ ਪ੍ਰੋ. ਡਾਇਰੂਸਜ਼ ਸਲਾ ਨੇ ਕਿਹਾ ਕਿ ਖੇਤੀਬਾੜੀ ਅਤੇ ਏ.ਆਈ ਦਾ ਮਿਲਾਪ ਭਵਿੱਖ ਲਈ ਬਹੁਤ ਲਾਭਦਾਇਕ ਹੈ।ਪ੍ਰੋ. ਡਾਇਰੂਸਜ਼ ਸੀਕੋਨ ਨੇ ਵਿਦਿਆਰਥੀਆਂ ਨੂੰ ਆਪਣੀ ਯੂਨੀਵਰਸਿਟੀ ਵਿੱਚ ਮਾਸਟਰਜ਼ ਅਤੇ ਪੀ.ਐਚ.ਡੀ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ।ਮੁੱਖ ਭਾਸ਼ਣ ਦਿੰਦਿਆਂ ਪ੍ਰੋ. ਗਗਨਦੀਪ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਨਵੀਆਂ ਸੋਚਾਂ ਅਤੇ ਤਕਨਾਲੋਜੀ ਨਾਲ ਖੇਤੀਬਾੜੀ ਨੂੰ ਮਜ਼ਬੂਤ ਕਰਨ ਦੀ ਪੂਰੀ ਸਮਰੱਥਾ ਹੈ।
Punjab Post Daily Online Newspaper & Print Media