Thursday, May 21, 2026

ਗੁਰੂ ਨਾਨਕ ਦੇੇਵ ਯੂਨੀਵਰਸਿਟੀ ‘ਚ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਦਾ ਉਦਘਾਟਨ – ਵਾਈਸ ਚਾਂਸਲਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਹੈ ਕਿ ਅਧਿਆਪਕ ਦਾ ਜਜ਼ਬਾ, ਵਚਨਬੱਧਤਾ ਅਤੇ ਤਿਆਰੀ ਹੀ ਤਕਨਾਲੋਜੀ ਅਤੇ ਉਪਲਬਧ ਸਰੋਤਾਂ ਦਾ ਸਭ ਤੋਂ ਵਧੀਆ ਢੰਗ ਨਾਲ ਉਪਯੋਗ ਯਕੀਨੀ ਬਣਾ ਸਕਦੀ ਹੈ।ਉਹ ਯੂਨੀਵਰਸਿਟੀ ਦੇ ਮਾਲਵੀਆ ਮਿਸ਼ਨ ਅਧਿਆਪਕ ਸਿਖਲਾਈ ਕੇਂਦਰ ਵੱਲੋਂ ਆਯੋਜਿਤ ਆਨਲਾਈਨ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਭੂਮਿਕਾ ਆਰਟੀਫੀਸ਼ੀਅਲ ਇੰਟੈਲੀਜੈੈਂਸ ਦੇ ਯੁੱਗ ਵਿੱਚ ਵੀ ਸਾਰਥਕ ਹੈ ਅਤੇ ਅਧਿਆਪਕ ਹੀ ਸਮਾਜ ਅਤੇ ਰਾਸ਼ਟਰ ਦੇ ਅਸਲ ਨਿਰਮਾਤਾ ਹਨ।ਉਨ੍ਹਾਂ ਨਵੇਂ ਅਧਿਆਪਕਾਂ ਨੂੰ ਚੰਗੇ ਅਧਿਆਪਕ ਬਣਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਅਰਥਪੂਰਨ ਅਤੇ ਸਮਾਜ-ਉਪਯੋਗੀ ਖੋਜ ਰਾਹੀਂ ਹੀ ਨਵੀਨਤਾ ਅਤੇ ਉਤਮਤਾ ਨੂੰ ਮਜ਼ਬੂਤੀ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਮੁੱਲ, ਨੈਤਿਕਤਾ ਅਤੇ ਇਮਾਨਦਾਰੀ ਸਿੱਖਿਆ ਦੀ ਮੂਲ ਆਧਾਰਸ਼ਿਲਾ ਹਨ ਅਤੇ ਜੇਕਰ ਸਿੱਖਿਆ ਵਿੱਚ ਨੈਤਿਕਤਾ ਨਾਲ ਸਮਝੌਤਾ ਹੋ ਜਾਵੇ ਤਾਂ ਉਹ ਆਪਣਾ ਅਸਲ ਮਕਸਦ ਪੂਰਾ ਨਹੀਂ ਕਰ ਸਕਦੀ। ਉਨ੍ਹਾਂ ਮਨੁੱਖਤਾ ਅਤੇ ਮਾਨਵੀ ਮੁੱਲਾਂ ਨੂੰ ਅਪਣਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।
ਚਾਰ ਹਫ਼ਤਿਆਂ ਦੇ ਇਸ ਆਨਲਾਈਨ ਪ੍ਰੋਗਰਾਮ ਲਈ 94 ਭਾਗੀਦਾਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ, ਜੋ ਮਾਲਵੀਆ ਮਿਸ਼ਨ ਅਧਿਆਪਕ ਸਿਖਲਾਈ ਕੇਂਦਰ ਦੀ ਵਧ ਰਹੀ ਪ੍ਰਸਿੱਧੀ ਅਤੇ ਅਧਿਆਪਕਾਂ ਦੇ ਪੇਸ਼ਾਵਰ ਹੁਨਰ ਨਿਖਾਰਨ ਪ੍ਰਤੀ ਉਤਸ਼ਾਹ ਨੂੰ ਦਰਸਾਉਂਦੀ ਹੈ।ਸਮਾਗਮ ਦੀ ਸ਼ੁਰੂਆਤ ਅਰਦਾਸ ਨਾਲ ਹੋਈ।ਮਾਲਵੀਆ ਮਿਸ਼ਨ ਅਧਿਆਪਕ ਸਿਖਲਾਈ ਕੇਂਦਰ ਦੇ ਡਾਇਰੈਕਟਰ ਪ੍ਰੋ. ਬਲਵਿੰਦਰ ਸਿੰਘ ਨੇ ਭਾਗੀਦਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਧਿਆਪਕ ਆਪਣੇ ਆਪ ਵਿੱਚ ਇੱਕ ਮਹੱਤਵਪੂਰਨ ਸਰੋਤ ਹੁੰਦੇ ਹਨ ਅਤੇ ਉਨ੍ਹਾਂ ਨੂੰ ਉਪਲੱਬਧ ਸਾਧਨਾਂ ਦਾ ਪੂਰਾ ਲਾਭ ਲੈਣਾ ਚਾਹੀਦਾ ਹੈ।ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਰੇਖਾ ਹਾਂਡਾ ਨੇ ਮਾਲਵੀਆ ਮਿਸ਼ਨ ਸਿਖਲਾਈ ਦੇ ਉਦੇਸ਼ਾਂ ਅਤੇ ਕੇਂਦਰ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕੇਂਦਰ ਦੀ ਕਾਰਗੁਜ਼ਾਰੀ, ਬੁਨਿਆਦੀ ਢਾਂਚੇ ਅਤੇ ਕੀਤੀਆ ਜਾ ਰਹੀਆਂ ਪਹਿਲਕਦਮੀਆਂ ਨੂੰ ਵੀ ਉਜਾਗਰ ਕੀਤਾ।
ਕੋਰਸ ਕੋਆਰਡੀਨੇਟਰ ਡਾ. ਵਰਿੰਦਰ ਕੌਰ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਅਤੇ ਅਰਥਪੂਰਨ ਸਿੱਖਣ ਅਨੁਭਵ ਦਾ ਭਰੋਸਾ ਦਿਵਾਇਆ।ਪ੍ਰੋਗਰਾਮ ਦੇ ਕੋ-ਕੋਆਰਡੀਨੇਟਰ ਡਾ. ਰੂਪਨ ਢਿੱਲੋਂ ਨੇ ਸਮੂਹ ਸੈਸ਼ਨ ਦਾ ਸੰਚਾਲਨ ਕੀਤਾ ਅਤੇ ਭਾਗੀਦਾਰਾਂ ਨੂੰ ਪ੍ਰੋਗਰਾਮ ਦੀ ਰੂਪ-ਰੇਖਾ, ਸੈਸ਼ਨਾਂ ਅਤੇ ਮੁਲਾਂਕਣ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ।

Check Also

ਖਾਲਸਾ ਕਾਲਜ ਨਰਸਿੰਗ ਨੇ ਵਿਸ਼ਵ ਮਲੇਰੀਆ ਜਾਗਰੂਕਤਾ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 20 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵੱਲੋਂ ਵਿਸ਼ਵ ਮਲੇਰੀਆ ਜਾਗਰੂਕਤਾ …