Thursday, May 21, 2026

ਖਾਲਸਾ ਕਾਲਜ ਵਿਖੇ ‘ਖਾਦਾਂ ਦੀ ਸੰਤੁਲਿਤ ਵਰਤੋਂ’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਵੱਲੋਂ ਆਈ.ਸੀ.ਏ.ਆਰ-ਕੇਂਦਰੀ ਆਲੂ ਖੋਜ਼ ਸੰਸਥਾ, ਜਲੰਧਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਅੰਮ੍ਰਿਤਸਰ ਦੇ ਸਹਿਯੋਗ ਨਾਲ ‘ਖਾਦਾਂ ਦੀ ਸੰਤੁਲਿਤ ਵਰਤੋਂ ’ਤੇ ਤੀਬਰ ਮੁਹਿੰਮ’ ਵਿਸ਼ੇ ’ਤੇ ਕਿਸਾਨਾਂ ਅਤੇ ਬੀ.ਐਸ.ਸੀ ਖੇਤੀਬਾੜੀ ਦੇ ਵਿਦਿਆਰਥੀਆਂ ਲਈ ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਉਲੀਕਿਆ ਗਿਆ ਉਕਤ ਸੈਮੀਨਾਰ ਦਾ ਮਕਸਦ ਖੇਤੀਬਾੜੀ ਅਤੇ ਵਾਤਾਵਰਣ ਸੁਰੱਖਿਆ ਦੀ ਵਿਗਿਆਨਕ ਸਮਝ ਲਈ ਖਾਦਾਂ ਦੀ ਸਮਝਦਾਰੀ ਨਾਲ ਵਰਤੋਂ ਦੀ ਮਹੱਤਤਾ ਸੀ।
ਸੈਮੀਨਾਰ ਦੀ ਸ਼ੁਰੂਆਤ ਆਈ.ਸੀ.ਏ.ਆਰ-ਕੇਂਦਰੀ ਆਲੂ ਖੋਜ਼ ਸੰਸਥਾ, ਜਲੰਧਰ ਸੀਨੀਅਰ ਵਿਗਿਆਨੀ ਡਾ. ਪ੍ਰਿੰਸ ਕੁਮਾਰ ਵੱਲੋਂ ‘ਆਲੂ ਉਤਪਾਦਨ ’ਚ ਸੰਤੁਲਿਤ ਪੌਸ਼ਟਿਕ ਤੱਤ ਪ੍ਰਬੰਧਨ’ ਵਿਸ਼ੇ ’ਤੇ ਦਿੱਤੇ ਗਏ ਭਾਸ਼ਣ ਨਾਲ ਹੋਈ।ਉਨ੍ਹਾਂ ਆਲੂ ਦੇ ਬੀਜ਼ ਉਤਪਾਦਨ ’ਚ ਪੰਜਾਬ ਦੀ ਮਹੱਤਵਪੂਰਨ ਭੂਮਿਕਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਦੇਸ਼ ਭਰ ਦੇ ਕਿਸਾਨਾਂ ਨੂੰ ਸਿਹਤਮੰਦ ਅਤੇ ਬਿਮਾਰੀ ਮੁਕਤ ਬੀਜ਼ ਦੀ ਸਮੇਂ ਸਿਰ ਉਪਲੱਬਧਤਾ ਯਕੀਨੀ ਬਣਾਉਣ ਲਈ ਪੰਜਾਬ ’ਚ ਵਿਗਿਆਨਕ ਆਲੂ ਬੀਜ਼ ਉਤਪਾਦਨ ਜ਼ਰੂਰੀ ਹੈ।
ਮੁੱਖ ਮਹਿਮਾਨ ਵਜੋਂ ਪੁੱਜੇ ਪ੍ਰਿੰ: ਡਾ. ਰੰਧਾਵਾ ਨੇ ਵਿਦਿਆਰਥੀਆਂ ਅਤੇ ਕਿਸਾਨਾਂ ਦੇ ਲਾਭ ਲਈ ਅਜਿਹੇ ਜਾਣਕਾਰੀ ਭਰਪੂਰ ਸੈਮੀਨਾਰ ਕਰਵਾਉਣ ਲਈ ਪ੍ਰਬੰਧਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦੌਰਾਨ ਦੂਜਾ ਲੈਕਚਰ ਉਪਰੋਕਤ ਸੰਸਥਾ ਦੇ ਸੀਨੀਅਰ ਵਿਗਿਆਨੀ ਡਾ. ਬ੍ਰਜੇਸ਼ ਨਾਰੇ ਵਲੋਂ ‘ਖੇਤੀਬਾੜੀ ’ਚ ਏ.ਆਈ ਅਤੇ ਮਕੈਟਰੋਨਿਕਸ’ ਵਿਸ਼ੇ ’ਤੇ ਦਿੱਤਾ ਗਿਆ।ਉਨ੍ਹਾਂ ਨੇ ਪ੍ਰੀਸੀਜ਼ਨ ਐਗਰੀਕਲਚਰ ਵਿਦ ਮਕੈਟਰੋਨਿਕਸ ਐਂਡ ਰੋਬੋਟਿਕਸ, ਆਈ.ਓ.ਟੀ ਅਧਾਰਿਤ ਫਾਰਮ ਆਟੋਮੇਸ਼ਨ, ਮਸ਼ੀਨ ਵਿਜ਼ਨ ਅਤੇ ਏ.ਆਈ ਅਤੇ ਬਲਾਕ ਚੇਨ ਤਕਨਾਲੋਜੀ ਦੇ ਉਪਯੋਗ ਬਾਰੇ ਚਰਚਾ ਕੀਤੀ।ਸੀ.ਪੀ.ਆਰ.ਆਈ ਦੁਆਰਾ ਵਿਕਸਿਤ ਕੀਤੀਆਂ ਗਈਆਂ ਮਸ਼ੀਨਾਂ ਜਿਵੇਂ ਕਿ ਗ੍ਰੇਡਿੰਗ ਸੌਰਟਿੰਗ ਲਾਈਨ, ਕਾਊਂਟਿੰਗ ਮਸ਼ੀਨ ਅਤੇ ਮਨੁੱਖ ਰਹਿਤ ਰੋਬੋਟਿਕ ਗਰਾਊਂਡ ਵਹੀਕਲ ਐਪਲੀਕੇਸ਼ਨ ਬਾਰੇ ਕਿਸਾਨਾਂ ਅਤੇ ਵਿਦਿਆਰਥੀਆਂ ਨਾਲ ਚਰਚਾ ਕੀਤੀ ਗਈ।
ਇਸ ਪ੍ਰੋਗਰਾਮ ਵਿੱਚ ਮੌਜ਼ੂਦ ਕਿ੍ਰ੍ਰੀ ਵਿਗਿਆਨ ਕੇਂਦਰ ਅੰਮ੍ਰਿਤਸਰ ਦੇ ਪ੍ਰੋਫੈਸਰ ਡਾ. ਰਮਿੰਦਰ ਕੌਰ ਹੁੰਦਲ ਅਤੇ ਡਾ. ਰਾਜਨ ਭੱਟ ਨੇ ਕਿਸਾਨਾਂ ਨੂੰ ਖੇਤੀਬਾੜੀ ’ਚ ਖਾਦਾਂ ਦੀ ਸਮਝਦਾਰੀ ਅਤੇ ਸੰਤੁਲਿਤ ਵਰਤੋਂ ਬਾਰੇ ਜਾਗਰੂਕ ਕੀਤਾ। ਜਦਕਿ ਕ੍ਰਿਸ਼ੀ ਕੇਂਦਰ ਤੋਂ ਐਸੋਸੀਏਟ ਡਾਇਰੈਕਟਰ ਡਾ. ਬਿਕਰਮਜੀਤ ਸਿੰਘ ਨੇ ਕਿਸਾਨਾਂ ਨੂੰ ਖੇਤੀਬਾੜੀ ਉਤਪਾਦਨ ਅਤੇ ਵਾਤਾਵਰਣ ਸੰਭਾਲ ਲਈ ਵਿਗਿਆਨਕ ਪੌਸ਼ਟਿਕ ਤੱਤ ਪ੍ਰਬੰਧਨ ਅਭਿਆਸਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ।ਇਹ ਸੈਮੀਨਾਰ ਵਿਭਾਗ ਮੁਖੀ ਡਾ. ਗੁਰਬਖਸ਼ ਸਿੰਘ, ਡਾ. ਕੰਵਲਜੀਤ ਸਿੰਘ, ਡਾ. ਅਮਰਜੀਤ ਕੌਰ, ਡਾ. ਲਵਲੀਨ ਕੌਰ ਅਤੇ ਹੋਰਨਾਂ ਫੈਕਲਟੀ ਮੈਂਬਰਾਂ ਦੁਆਰਾ ਸਾਂਝੇ ਯਤਨਾਂ ਨਾਲ ਆਯੋਜਿਤ ਕੀਤਾ ਗਿਆ।

 

Check Also

ਖਾਲਸਾ ਕਾਲਜ ਨਰਸਿੰਗ ਨੇ ਵਿਸ਼ਵ ਮਲੇਰੀਆ ਜਾਗਰੂਕਤਾ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 20 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵੱਲੋਂ ਵਿਸ਼ਵ ਮਲੇਰੀਆ ਜਾਗਰੂਕਤਾ …