Saturday, May 23, 2026

ਨਗਰ ਨਿਗਮ ਵਲੋਂ ਰਾਤ ਅਤੇ ਸਵੇਰ ਦੀ ਕੀਤੀ ਅਚਨਚੇਤ ਸਫਾਈ ਚੈਕਿੰਗ, ਚਲਾਨ ਵੀ ਕੱਟੇ

ਅੰਮ੍ਰਿਤਸਰ, 23 ਮਈ (ਜਗਦੀਪ ਸਿੰਘ) – ਨਗਰ ਨਿਗਮ ਕਮਿਸ਼ਨਰ ਦੇ ਸਖਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਗਰ ਨਿਗਮ ਦੇ ਸੈਨੀਟੇਸ਼ਨ ਵਿੰਗ ਵੱਲੋਂ ਲਾਰੈਂਸ ਰੋਡ ਖੇਤਰ ਵਿੱਚ ਦੇਰ ਰਾਤ ਅਤੇ ਸਵੇਰੇ ਸਮੇਂ ਦੌਰਾਨ ਗੰਦਗੀ ਫੈਲਾਉਣ ਅਤੇ ਸੜਕਾਂ ‘ਤੇ ਕੂੜਾ ਸੁੱਟਣ ਵਾਲਿਆਂ ਖਿਲਾਫ਼ ਵਿਸ਼ੇਸ਼ ਅਚਾਨਕ ਚੈਕਿੰਗ ਮੁਹਿੂਮ ਚਲਾਈ ਗਈ।
ਇਹ ਵਿਸ਼ੇਸ਼ ਜਾਂਚ ਮੁਹਿੰਮ 21 ਮਈ 2026 ਦੀ ਰਾਤ 9:00 ਵਜੇ ਤੋਂ 11:00 ਵਜੇ ਤੱਕ ਚਲਾਈ ਗਈ, ਜਿਸ ਤੋਂ ਬਾਅਦ 22 ਮਈ 2026 ਦੀ ਸਵੇਰ ਦੁਬਾਰਾ ਜਾਂਚ ਕੀਤੀ ਗਈ।ਇਸ ਮੁਹਿੰਮ ਦਾ ਉਦੇਸ਼ ਮੁੱਖ ਵਪਾਰਕ ਸੜਕਾਂ ‘ਤੇ ਸਫਾਈ ਯਕੀਨੀ ਬਣਾਉਣਾ ਅਤੇ ਰਾਤ ਦੇ ਸਮੇਂ ਦੁਕਾਨਦਾਰਾਂ ਵੱਲੋਂ ਸੜਕਾਂ ‘ਤੇ ਕੂੜਾ ਸੁੱਟਣ ਦੀ ਪ੍ਰਥਾ ਨੂੰ ਰੋਕਣਾ ਸੀ।
ਜਾਂਚ ਟੀਮ ਵਿੱਚ ਐਮ.ਓ.ਐਚ ਡਾ. ਯੋਗੇਸ਼ ਅਰੋੜਾ, ਸੀ.ਐਸ.ਓ ਮਲਕੀਤ ਸਿੰਘ, ਸਕੱਤਰ ਸੁਸ਼ਾਂਤ ਭਾਟੀਆ, ਐਸ.ਆਈ ਹਰਿੰਦਰਪਾਲ ਸਿੰਘ, ਅਮਰੀਕ ਸਿੰਘ, ਅਮਨਦੀਪ ਸਿੰਘ ਅਤੇ ਨਗਰ ਨਿਗਮ ਦੇ ਸੈਨੀਟੇਸ਼ਨ ਅਤੇ ਇਨਫੋਰਸਮੈਂਟ ਸਟਾਫ ਸ਼ਾਮਲ ਸਨ।
ਰਾਤ ਦੀ ਜਾਂਚ ਦੌਰਾਨ ਲਾਰੈਂਸ ਰੋਡ ‘ਤੇ ਕਈ ਵਪਾਰਕ ਅਦਾਰੇ ਸੜਕਾਂ ਦੇ ਕਿਨਾਰੇ ਕੂੜਾ ਅਤੇ ਗੰਦਗੀ ਫੈਲਾਉਂਦੇ ਹੋਏ ਪਾਏ ਗਏ।ਇਸ ਉਪਰੰਤ ਪੰਜਾਬ ਮਿਊਂਸਿਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 323 ਅਧੀਨ ਰਾਮ ਲੁਭਾਇਆ ਆਮਪਾਪੜ ਵਾਲਾ, ਇੱਕ ਮੈਡੀਕਲ ਸ਼ਾਪ, ਇੱਕ ਡੋਸਾ ਸ਼ਾਪ ਅਤੇ ਹੋਰ ਕਈ ਦੁਕਾਨਦਾਰਾਂ ਦੇ ਚਲਾਨ ਕੱਟੇ ਗਏ।
ਇਨਫੋਰਸਮੈਂਟ ਟੀਮ ਨੇ 22 ਮਈ ਦੀ ਸਵੇਰ ਲਾਰੈਂਸ ਰੋਡ ਅਤੇ ਆਸ-ਪਾਸ ਦੇ ਖੇਤਰਾਂ ਦਾ ਵੀ ਦੌਰਾ ਕੀਤਾ, ਜਿਥੇ ਕਈ ਅਦਾਰਿਆਂ ਦੇ ਬਾਹਰ ਕੂੜਾ ਪਿਆ ਮਿਲਿਆ।ਲਾਰੈਂਸ ਰੋਡ ‘ਤੇ ਸਥਿਤ ਇੱਕ ਬੈਂਕ ਅਤੇ ਡਾਕਘਰ ਦੇ ਬਾਹਰ ਅਤੇ ਸਰਕੂਲਰ ਰੋਡ ‘ਤੇ ਖੰਨਾ ਸਰਜੀਕਲ ਦੇ ਬਾਹਰ ਵੀ ਗੰਦਗੀ ਪਾਈ ਗਈ।ਨਗਰ ਨਿਗਮ ਅਧਿਕਾਰੀਆਂ ਨੇ ਨਿਯਮਿਤ ਜਾਗਰੂਕਤਾ ਮੁਹਿੰਮਾਂ ਅਤੇ ਸਫਾਈ ਸੇਵਾਵਾਂ ਦੇ ਬਾਵਜ਼ੂਦ ਲੋਕਾਂ ਵੱਲੋਂ ਜਨਤਕ ਸਥਾਨਾਂ ‘ਤੇ ਕੂੜਾ ਸੁੱਟਣ ਦੀਆਂ ਘਟਨਾਵਾਂ ‘ਤੇ ਗੰਭੀਰ ਚਿੰਤਾ ਜਤਾਈ।
ਨਗਰ ਨਿਗਮ ਅੰਮ੍ਰਿਤਸਰ ਨੇ ਸਪੱਸ਼ਟ ਕੀਤਾ ਕਿ ਇਸ ਤਰ੍ਹਾਂ ਦੀਆਂ ਅਚਾਨਕ ਚੈਕਿੰਗ ਅਤੇ ਇਨਫੋਰਸਮੈਂਟ ਮੁਹਿੰਮਾਂ ਸ਼ਹਿਰ ਭਰ ਵਿੱਚ ਨਿਰੰਤਰ ਜਾਰੀ ਰਹਿਣਗੀਆਂ ਅਤੇ ਜਨਤਕ ਸਥਾਨਾਂ ‘ਤੇ ਗੰਦਗੀ ਫੈਲਾਉਣ ਵਾਲੇ ਵਿਅਕਤੀਆਂ, ਦੁਕਾਨਦਾਰਾਂ, ਵਪਾਰਕ ਅਦਾਰਿਆਂ ਅਤੇ ਸੰਸਥਾਵਾਂ ਖਿਲਾਫ਼ ਸਖਤ ਕਾਰਵਾਈ ਕਰਦੇ ਹੋਏ ਭਾਰੀ ਜੁਰਮਾਨੇ ਲਗਾਏ ਜਾਣਗੇ।
ਨਗਰ ਨਿਗਮ ਨੇ ਨਾਗਰਿਕਾਂ, ਵਪਾਰੀਆਂ, ਮਾਰਕੀਟ ਐਸੋਸੀਏਸ਼ਨਾਂ ਅਤੇ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਨਿਗਮ ਦੇ ਸਫਾਈ ਕਰਮਚਾਰੀਆਂ ਦਾ ਪੂਰਾ ਸਹਿਯੋਗ ਕਰਨ ਅਤੇ ਕੂੜੇ ਦਾ ਨਿਪਟਾਰਾ ਨਿਰਧਾਰਤ ਕਚਰਾ ਇਕੱਠਾ ਕਰਨ ਵਾਲੀ ਪ੍ਰਣਾਲੀ ਰਾਹੀਂ ਹੀ ਕਰਨ।ਨਾਗਰਿਕਾਂ ਨੂੰ ਸੜਕਾਂ, ਫੁਟਪਾਥਾਂ, ਨਾਲੀਆਂ ਅਤੇ ਖੁੱਲ੍ਹੀਆਂ ਥਾਵਾਂ ‘ਤੇ ਕੂੜਾ ਨਾ ਸੁੱਟਣ ਅਤੇ ਪਵਿੱਤਰ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ।
ਨਗਰ ਨਿਗਮ ਨੇ ਇਹ ਵੀ ਦੱਸਿਆ ਕਿ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਵਪਾਰਕ ਇਲਾਕਿਆਂ ਵਿੱਚ ਨਿਯਮਿਤ ਤੌਰ ‘ਤੇ ਰਾਤ ਸਮੇਂ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਸਫਾਈ ਅਤੇ ਸਿਹਤਮੰਦ ਵਾਤਾਵਰਣ ਨੂੰ ਯਕੀਨੀ ਬਣਾਇਆ ਜਾ ਸਕੇ।

Check Also

ਖਾਲਸਾ ਕਾਲਜ ਇੰਜੀ. ਵਲੋਂ ‘ਹੁਨਰ ਅਤੇ ਸਿੱਖਿਆ ਵਿਸ਼ੇ `ਤੇ 6 ਦਿਨਾਂ  ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 23 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …