Saturday, May 30, 2026

ਖ਼ਾਲਸਾ ਕਾਲਜ ਵਿਖੇ 3 ਰੋਜ਼ਾ ਕੁਦਰਤ ਅਤੇ ਗਣਿਤ ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 30 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ‘ਵਾਤਾਵਰਣ ਅਨੁਕੂਲ ਖਿਡੌਣੇ ਬਣਾਉਣ: ਕੁਦਰਤ ਅਤੇ ਗਣਿਤ ’ਤੇ ਵਰਕਸ਼ਾਪ’ ਵਿਸ਼ੇ ’ਤੇ 3 ਰੋਜ਼ਾ ਵਰਕਸ਼ਾਪ ਕਰਵਾਈ ਗਈ।ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਸਹਿਯੋਗ ਨਾਲ ਕਰਵਾਈ ਗਈ।ਵਰਕਸ਼ਾਪ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਪ੍ਰਸਿੱਧ ਬੁਲਾਰੇ ਵੀ. ਸਿਵਾ ਸ਼ੰਕਰਾ ਸਾਸਤਰੀ ਅਤੇ ਏ. ਰਾਮਾਸਵਾਮੀ ਨੇ ਸੈਸ਼ਨ ਕਰਵਾਏ।ਜਦਕਿ ਉਦਘਾਟਨ ਅਤੇ ਸਮਾਪਨ ਸਮਾਰੋਹ ’ਚ ਡੀ.ਈ.ਓ ਰਾਜੇਸ਼ ਕੁਮਾਰ ਸ਼ਰਮਾ, ਡਿਪਟੀ ਡੀ.ਈ.ਓ ਰਾਜੇਸ਼ ਖੰਨਾ ਅਤੇ ਨੋਡਲ ਅਫਸਰ, ਪੰਜਾਬ ਨਰਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪ੍ਰਿੰ. ਡਾ. ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵਰਕਸ਼ਾਪ ਈ. ਈ. ਪੀ.-2025-26, ਮਿਸ਼ਨ ਐੱਲ.ਆਈ.ਐੱਫ਼.ਏੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ (ਭਾਰਤ ਸਰਕਾਰ) ਦੇ ਅਧੀਨ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ।ਉਨ੍ਹਾਂ ਪ੍ਰੋਗਰਾਮ ਸਬੰਧੀ ਵਿਭਾਗ ਮੁੱਖੀ ਡਾ. ਰਾਜਿੰਦਰ ਪਾਲ ਕੌਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਵਰਕਸ਼ਾਪ ’ਚ 10 ਸਕੂਲਾਂ ਵਲੋਂ ਭਾਗ ਲਿਆ ਗਿਆ, ਜਿਥੇ ਹਰੇਕ ਸਕੂਲ ਤੋਂ ਵਿਦਿਆਰਥੀ ਅਤੇ ਕੁੱਲ 10 ਅਧਿਆਪਕ ਸ਼ਾਮਿਲ ਹੋਏ।ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਨਵੇਂ ਅਤੇ ਸਿੱਖਿਆਤਮਕ ਖਿਡੌਣੇ ਤਿਆਰ ਕਰਨ ਲਈ ਮਾਰਗਦਰਸ਼ਨ ਕਰਦਿਆਂ ਕੁਦਰਤ ਤੋਂ ਪ੍ਰੇਰਿਤ ਹੱਥੋਂ-ਹੱਥ ਗਤੀਵਿਧੀਆਂ ਰਾਹੀਂ ਗਣਿਤ ਨੂੰ ਸਮਝਾਉਣ ਦੇ ਤਰੀਕੇ ਦਰਸਾਏ।
ਪ੍ਰਿੰ. ਡਾ. ਰੰਧਾਵਾ ਨੇ ਡਾ. ਰਾਜਿੰਦਰ ਪਾਲ ਕੌਰ ਨਾਲ ਮਿਲ ਕੇ ਆਏ ਮਹਿਮਾਨਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ।ਸ਼ੰਕਰਾ ਸਾਸਤਰੀ ਅਤੇ ਸ੍ਰੀ ਰਾਮਾਸਵਾਮੀ ਨੇ ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਅਜਿਹੇ ਅਰਥਪੂਰਨ ਅਤੇ ਨਵੀਂ ਸੋਚ ਵਾਲੇ ਪ੍ਰੋਗਰਾਮ ਦੇ ਆਯੋਜਨਾਂ ਸਬੰਧੀ ਵਿਭਾਗ ਦੇ ਯਤਨਾਂ ਦੀ ਪ੍ਰਸੰਸਾ ਕੀਤੀ ।ਡਾ. ਰਾਜਿੰਦਰ ਪਾਲ ਕੌਰ ਨੇ ਮੁੱਖ ਅਤੇ ਵਿਸ਼ੇਸ਼ ਮਹਿਮਾਨਾਂ, ਪ੍ਰਿੰ. ਡਾ. ਰੰਧਾਵਾ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਦੇ ਅੰਤ ’ਚ ਆਏ ਮਹਿਮਾਨਾਂ ਵੱਲੋਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ।
ਇਸ ਮੌਕੇ ਡਾ. ਤਮਿੰਦਰ ਸਿੰਘ, ਡਾ. ਦਲਜੀਤ ਸਿੰਘ, ਡਾ. ਸਵਰਾਜ ਕੌਰ, ਪ੍ਰੋ, ਆਂਚਲ ਸ਼ਰਮਾ, ਡਾ. ਨਵਜੀਤ ਸਿੰਘ ਅਤੇ ਗਣਿਤ ਵਿਭਾਗ ਦੇ ਸਮੂਹ ਸਟਾਫ ਮੈਂਬਰ ਵੀ ਮੌਜ਼ੂਦ ਸਨ।

Check Also

‘ਖਾਲਸਾ ਕਾਲਜ ਐਜ਼ੂਕੇਸ਼ਨ ਰਣਜੀਤ ਐਵਨਿਊ’ ਹੁਣ ਬਣਿਆ ‘ਖ਼ਾਲਸਾ ਕਾਲਜ ਰਣਜੀਤ ਐਵਨਿਊ’

ਕਾਲਜ ’ਚ ਵੱਖ-ਵੱਖ ਵਿਸ਼ਿਆਂ ਅਤੇ ਕੋਰਸਾਂ ’ਚ ਵਿਦਿਆਰਥੀ ਲੈ ਸਕਣਗੇ ਦਾਖਲੇ – ਛੀਨਾ ਅੰਮ੍ਰਿਤਸਰ, 28 …