ਅੰਮ੍ਰਿਤਸਰ, 7 ਜੂਨ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵੱਲੋਂ ਯੋਗਤਾ ਮਿਤੀ 01.10.2026 ਦੇ ਅਧਾਰ `ਤੇ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਵੀਜ਼ਨ
(ਐਸ.ਆਈ.ਆਰ-2026) ਦਾ ਸੋਧਿਆ ਸ਼ਡਿਊਲ ਜਾਰੀ ਕੀਤਾ ਗਿਆ ਹੈ।ਬੀਤੇ ਦਿਨੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਮ੍ਰਿਤਸਰ ਵਿਖੇ ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਆਈ.ਏ.ਐਸ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੂੰ ਐਸ.ਆਈ.ਆਰ-2026 ਦੇ ਨਵੇਂ ਸੋਧੇ ਹੋਏ ਸ਼ਡਿਊਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਨਵੇਂ ਸੋਧੇ ਗਏ ਸ਼ਡਿਊਲ ਅਨੁਸਾਰ ਹੁਣ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਪਹਿਲਾਂ ਨਿਰਧਾਰਿਤ ਮਿਤੀ 31.07.2026 ਦੀ ਬਜ਼ਾਏ ਹੁਣ 03.08.2026 ਨੂੰ ਕੀਤੀ ਜਾਵੇਗੀ।ਇਸੇ ਤਰ੍ਹਾਂ ਵੋਟਰ ਸੂਚੀ ਸਬੰਧੀ ਦਾਅਵੇ ਅਤੇ ਇਤਰਾਜ਼ ਦਰਜ਼ ਕਰਵਾਉਣ ਦਾ ਸਮਾਂ ਵੀ ਬਦਲ ਦਿੱਤਾ ਗਿਆ ਹੈ, ਜਿਸ ਤਹਿਤ ਹੁਣ ਨਾਗਰਿਕ 03.08.2026 ਤੋਂ 02.09.2026 ਤੱਕ ਆਪਣੇ ਦਾਅਵੇ ਅਤੇ ਇਤਰਾਜ਼ ਪੇਸ਼ ਕਰ ਸਕਣਗੇ।ਉਨ੍ਹਾਂ ਅੱਗੇ ਦੱਸਿਆ ਕਿ ਪ੍ਰਾਪਤ ਹੋਏ ਦਾਅਵਿਆਂ ਅਤੇ ਇਤਰਾਜ਼ਾਂ ਦੇ ਨਿਪਟਾਰੇ ਅਤੇ ਨੋਟਿਸ ਫੇਜ਼ ਦੀ ਪ੍ਰਕਿਰਿਆ ਹੁਣ 03.08.2026 ਤੋਂ 28.09.2026 ਤੱਕ ਮੁਕੰਮਲ ਕੀਤੀ ਜਾਵੇਗੀ।ਇਸ ਸੁਧਾਈ ਮੁਹਿੰਮ ਦੀਆਂ ਬਾਕੀ ਰਹਿੰਦੀਆਂ ਸਾਰੀਆਂ ਗਤੀਵਿਧੀਆਂ ਦਾ ਸ਼ਡਿਊਲ ਪਹਿਲਾਂ ਵਾਲਾ ਹੀ ਰਹੇਗਾ, ਉਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ 25 ਜੂਨ 2026 ਤੋਂ 24 ਜੁਲਾਈ 2026 ਤੱਕ ਬੀ.ਐਲ.ਓਜ਼ ਘਰ-ਘਰ ਜਾ ਕੇ ਫਾਰਮ ਭਰਵਾਉਣਗੇ।ਜਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਵੋਟਰਾਂ ਨੂੰ ਐਸ.ਆਈ.ਆਰ ਅਧੀਨ ਇਨਿਯੂਮੀਰੇਸ਼ਨ ਫਾਰਮ ਭਰਨਾ ਪਵੇਗਾ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਆਮ ਲੋਕਾਂ ਦੀ ਸਹੂਲਤ ਲਈ 07.06.2026 ਨੂੰ ਜਿਲ੍ਹੇ ਦੇ ਸਾਰੇ ਪੋਲਿੰਗ ਸਟੇਸ਼ਨਾਂ `ਤੇ ਬੀ.ਐਲ.ਓਜ਼ ਵੱਲੋਂ ਵਿਸ਼ੇਸ਼ (ਸਪੈਸ਼ਲ) ਕੈਂਪ ਲਗਾਏ ਜਾਣਗੇ।ਇਨ੍ਹਾਂ ਕੈਂਪਾਂ ਦਾ ਮੁੱਖ ਉਦੇਸ਼ ਮੌਜ਼ੂਦਾ ਵੋਟਰ ਸੂਚੀ ਦੇ ਵੋਟਰਾਂ ਨੂੰ 2003 ਦੀ ਵੋਟਰ ਸੂਚੀ ਨਾਲ ਮੈਪਿੰਗ ਕਰਨਾ ਹੋਵੇਗਾ।ਉਹਨਾਂ ਸੂਚਿਤ ਕੀਤਾ ਕਿ ਜ਼ਿਲ੍ਹੇ ਵਿੱਚ ਕੁੱਲ 19,71,604 ਵੋਟਰਾਂ ਵਿੱਚੋ ਹੁਣ ਤੱਕ 17,38,253 ਵੋਟਰਾ ਦੀ ਵੋਟਰ ਸੂਚੀ 2003 ਨਾਲ ਮੈਪਿੰਗ ਸਫਲਤਾ ਪੂਰਵਕ ਕੀਤੀ ਜਾ ਚੁੱਕੀ ਹੈ ਅਤੇ ਅਜੇ ਵੀ ਜ਼ਿਲ੍ਹੇ ਦੇ 2,33,351 ਵੋਟਰ ਅਨਮੈਪਡ ਹਨ, ਜਿਨ੍ਹਾਂ ਨੂੰ ਕਵਰ ਕਰਨਾ ਅਤੀ ਜ਼ਰੂਰੀ ਹੈ।ਇਨ੍ਹਾ ਨੂੰ ਕਵਰ ਕਰਨ ਲਈ ਸਮੂਹ ਚੋਣ ਹਲਕਿਆਂ ਦੇ ਅਨਮੈਪਡ ਵੋਟਰ ਦੀ ਬੂਥ ਵਾਇਜ਼ ਲਿਸਟਾਂ ਦੀ ਹਾਰਡ ਕਾਪੀ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਸਪਲਾਈ ਕੀਤੀਆ ਗਈਆਂ ਅਤੇ ਬੇਨਤੀ ਕੀਤੀ ਗਈ ਇਨ੍ਹਾ ਲਿਸਟਾਂ ਨੂੰ ਬੀ.ਐਲ.ਏ/ਪਾਰਟੀ ਵਰਕਰਾਂ ਨਾਲ ਸਾਂਝੀਆਂ ਕੀਤੀਆਂ ਜਾਣ ਅਤੇ ਮਿਤੀ 07.06.2026 ਨੂੰ ਵੋਟਰਾ ਦੀ ਵੱਧ ਤੋਂ ਵੱਧ ਮੈਪਿੰਗ ਕਰਵਾਈ ਜਾਵੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਆਪਣੇ ਬੂਥ ਲੈਵਲ ਏਜੰਟ ਨਿਯੁੱਕਤ ਕੀਤੇ ਜਾਣ।15 ਤੋਂ 19 ਜੂਨ ਤੱਕ ਬੀ.ਐਲ.ਏਜ਼ ਲਈ ਚੋਣ ਹਲਕੇ ਵਿੱਚ ਟ੍ਰੇਨਿੰਗ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ।
ਇਸ ਮੌਕੇ ਚੋਣ ਤਹਿਸੀਲਦਾਰ ਰਾਜਿੰਦਰ ਸਿੰਘ ਕਾਹਲੋਂ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿਚ ਸ਼ਹੀਦੀ ਸਮਾਗਮ ਆਯੋਜਿਤ
ਐਡਵੋਕੇਟ ਧਾਮੀ, ਗਿਆਨੀ ਗੜਗੱਜ ਤੇ ਗਿਆਨੀ ਟੇਕ ਸਿੰਘ ਨੇ ਸ਼ਹੀਦ ਪਰਿਵਾਰਾਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, …
Punjab Post Daily Online Newspaper & Print Media