ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਵਿਖੇ ਵਿਸ਼ਵ ਵੈਟਰਨਰੀ ਦਿਵਸ ਨੂੰ ਸਮਰਪਿਤ
ਮੁਫ਼ਤ ਪਸ਼ੂ ਸਿਹਤ ਸੇਵਾਵਾਂ ਅਤੇ ਜਾਗਰੂਕਤਾ ਮੁਹਿੰਮ ਆਯੋਜਿਤ ਕੀਤੀ ਗਈ। ਕਾਲਜ ਪਿ੍ਰੰਸੀਪਲ ਡਾ. ਐਚ.ਕੇ ਵਰਮਾ ਦੇ ਸਹਿਯੋਗ ਨਾਲ ਵੈਟਰਨਰੀ ਕਲੀਨਿਕਲ ਕੰਪਲੈਕਸ ਵਿਖੇ ‘ਵੈਟਰਨਰੀਅਨ: ਗਾਰਡੀਅਨਜ਼ ਫੂਡ ਐਂਡ ਹੈਲਥ’ ਵਿਸ਼ੇ ’ਤੇ ਕਰਵਾਏ ਇਸ ਸਮਾਗਮ ਮੌਕੇ ਪਸ਼ੂਆਂ ਲਈ ਐਂਟੀ-ਰੇਬੀਜ਼ ਟੀਕਾਕਰਨ, ਕੀੜੇ ਮਾਰਨ ਦੀ ਦਵਾਈ (ਡੀਵਰਮਿੰਗ) ਅਤੇ ਐਂਟੀ-ਟਿੱਕ ਬਾਥ ਮੁਫ਼ਤ ਉਪਲਬਧ ਕਰਵਾਏ ਗਏ।
ਸਮਾਗਮ ਦਾ ਉਦਘਾਟਨ ਪ੍ਰਿੰ: ਡਾ. ਵਰਮਾ ਨੇ ਮੈਨੇਜਿੰਗ ਡਾਇਰੈਕਟਰ ਡਾ. ਐਸ.ਕੇ ਨਾਗਪਾਲ, ਡਾਇਰੈਕਟਰ ਕਲੀਨਿਕਸ ਡਾ. ਪੀ.ਐਸ ਮਾਵੀ ਤੇ ਹੋਰਨਾਂ ਵੱਖ-ਵੱਖ ਵਿਭਾਗਾਂ ਦੇ ਮੁਖੀਆਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੀ ਹਾਜ਼ਰੀ ’ਚ ਕੀਤਾ।ਪਸ਼ੂਆਂ ਲਈ ਐਂਟੀ-ਰੇਬੀਜ਼ ਟੀਕਾਕਰਨ, ਕੀੜੇ ਮਾਰਨ ਦੀ ਦਵਾਈ (ਡੀਵਰਮਿੰਗ) ਅਤੇ ਐਂਟੀ-ਟਿੱਕ ਬਾਥ ਮੁਫ਼ਤ ਉਪਲੱਬਧ ਕਰਵਾਏ ਗਏ।ਇਸ ਤੋਂ ਇਲਾਵਾ ਵੈਟਰਨਰੀ ਮਾਹਿਰਾਂ ਵੱਲੋਂ ਪਸ਼ੂ ਸਿਹਤ, ਪੋਸ਼ਣ ਅਤੇ ਬਿਮਾਰੀਆਂ ਦੀ ਰੋਕਥਾਮ ਸਬੰਧੀ ਮੁਫ਼ਤ ਸਲਾਹ-ਮਸ਼ਵਰਾ ਦਿੱਤਾ ਗਿਆ ।
ਡਾ. ਵਰਮਾ ਨੇ ਕਿਹਾ ਕਿ ਵੈਟਰਨਰੀ ਡਾਕਟਰ ਨਾ ਸਿਰਫ਼ ਪਸ਼ੂਆਂ ਦੀ ਸਿਹਤ ਦੇ ਰਖਵਾਲੇ ਹਨ, ਸਗੋਂ ਜਨਤਕ ਸਿਹਤ ਦੀ ਸੁਰੱਖਿਆ ’ਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਵੈਟਰਨਰੀ ਪੇਸ਼ਾ ਇੱਕ ਨੇਕ ਅਤੇ ਸੋਨੇ ਵਰਗਾ ਪੇਸ਼ਾ ਹੈ, ਜਿਸ ਦੀ ਮੰਗ ਬਹੁਤ ਜ਼ਿਆਦਾ ਹੈ।ਇਸ ਵੇਲੇ 20 ਤੋਂ 25 ਤੱਕ ਵੱਖ-ਵੱਖ ਸੰਸਥਾਵਾਂ ਨਵੇਂ ਵੈਟਰਨਰੀ ਡਾਕਟਰਾਂ ਦੀ ਉਡੀਕ ਕਰ ਰਹੀਆਂ ਹਨ। ਇਨ੍ਹਾਂ ’ਚ ਪਸ਼ੂ ਪਾਲਣ ਵਿਭਾਗ, ਯੂਨੀਵਰਸਿਟੀਆਂ, ਖੋਜ ਸੰਸਥਾਵਾਂ, ਵੈਟਰਨਰੀ ਹਸਪਤਾਲ, ਦੁੱਧ ਅਤੇ ਮੀਟ ਪ੍ਰੋਸੈਸਿੰਗ ਉਦਯੋਗ, ਫਾਰਮਾਸਿਊਟੀਕਲ ਕੰਪਨੀਆਂ, ਫੌਜ ਅਤੇ ਅਰਧ-ਸੈਨਿਕ ਬਲ ਸ਼ਾਮਿਲ ਹਨ।ਉਨ੍ਹਾਂ ਕਿਹਾ ਕਿ ਵੱਡੇ ਪਸ਼ੂ ਫਾਰਮਾਂ ਨੂੰ ਵੀ ਹਮੇਸ਼ਾਂ ਯੋਗ ਵੈਟਰਨਰੀ ਡਾਕਟਰਾਂ ਦੀ ਲੋੜ ਰਹਿੰਦੀ ਹੈ।ਡਾ. ਵਰਮਾ ਨੇ ਕਿਹਾ ਕਿ ਭਾਰਤ ’ਚ ਪੋਸ਼ਣ ਸੁਰੱਖਿਆ ਨੂੰ ਯਕੀਨੀ ਬਣਾਉਣ ’ਚ ਪਸ਼ੂਧਨ ਉਤਪਾਦਾਂ, ਖ਼ਾਸ ਕਰਕੇ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਅਹਿਮ ਭੂਮਿਕਾ ਹੈ, ਕਿਉਂਕਿ ਦੇਸ਼ ਦੀ ਵੱਡੀ ਅਬਾਦੀ ਸ਼ਾਕਾਹਾਰੀ ਹੈ।
ਇਸ ਮੌਕੇ ਡਾ. ਵਰਮਾ ਨੇ ਸਮੂਹ ਵੈਟਰਨਰੀ ਡਾਕਟਰਾਂ ਨੂੰ ਉਨ੍ਹਾਂ ਦੀ ਲਗਨ, ਮਿਹਨਤ ਅਤੇ ਸਮਾਜ ਪ੍ਰਤੀ ਯੋਗਦਾਨ ਲਈ ਵਧਾਈ ਦਿੰਦਿਆਂ ਸ਼ਲਾਘਾ ਕੀਤੀ।
Punjab Post Daily Online Newspaper & Print Media