ਅੰਮਿਤਸਰ, 13 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਨਾਗਰਿਕਾਂ ’ਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ, ਸਾਫ਼-ਸੁਥਰੇ ਅਤੇ ਸਿਹਤਮੰਦ ਸ਼ਹਿਰ ਦੇ ਨਿਰਮਾਣ ’ਚ ਯੋਗਦਾਨ ਪਾਉਣ ਲਈ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਐਨ.ਐਸ.ਐਸ ਇਕਾਈਆਂ ਵੱਲੋਂ ਜ਼ਿਲ੍ਹਾ ਨਗਰ ਨਿਗਮ ਦੇ ਸਹਿਯੋਗ ਨਾਲ ਆਸ-ਪਾਸ ਦੇ ਇਲਾਕਿਆਂ ’ਚ ਚਲਾਏ ਗਏ ਸਫ਼ਾਈ ਅਭਿਆਨ ਦੌਰਾਨ ਐਨ.ਐਸ.ਐਸ ਵਲੰਟੀਅਰਾਂ ਅਤੇ ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ।ਉਨ੍ਹਾਂ ਨੇ ਨਾਲ ਲੱਗਦੀਆਂ ਸਰਵਿਸ ਲੇਨ ਅਤੇ ਬੀ.ਆਰ.ਟੀ.ਸੀ ਲੇਨ ਦੀ ਸਫ਼ਾਈ ਕੀਤੀ।ਇਹ ਪ੍ਰੋਗਰਾਮ ਪ੍ਰਿੰ: ਡਾ. ਰੰਧਾਵਾ, ਐਨ.ਐਸ.ਐਸ ਇੰਚਾਰਜ਼ ਪ੍ਰੋ. ਰਣਦੀਪ ਸਿੰਘ ਅਤੇ ਪ੍ਰੋਗਰਾਮ ਅਫ਼ਸਰ ਡਾ. ਸਿਓਜ਼ੀ ਭਾਟੀਆ, ਪ੍ਰੋ. ਗੁਰਪ੍ਰੀਤ ਸਿੰਘ ਦੀ ਰਹਿਨੁਮਾਈ ਹੇਠ ਆਯੋਜਿਤ ਕੀਤਾ ਗਿਆ।
ਡਾ. ਰੰਧਾਵਾ ਨੇ ਐਨ.ਐਸ.ਐਸ ਵਲੰਟੀਅਰਾਂ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੰਦਗੀ ਕਈ ਬਿਮਾਰੀਆਂ ਨੂੰ ਜਨਮ ਦਿੰਦੀ ਹੈ।ਕੂੜਾ-ਕਰਕਟ ਖੁੱਲ੍ਹੇ ’ਚ ਸੁੱਟਣ ਨਾਲ ਮੱਛਰ ਅਤੇ ਮੱਖੀਆਂ ਪੈਦਾ ਹੁੰਦੀਆਂ ਹਨ, ਜੋ ਡੇਂਗੂ, ਮਲੇਰੀਆ ਅਤੇ ਹੋਰ ਬਿਮਾਰੀਆਂ ਦਾ ਕਾਰਨ ਬਣਦੀਆਂ ਹਨ।ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਘਰਾਂ, ਸਕੂਲਾਂ, ਗਲੀਆਂ ਅਤੇ ਜਨਤਕ ਥਾਵਾਂ ਨੂੰ ਸਾਫ਼ ਰੱਖੀਏ ਤਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਵਿੱਦਿਅਕ ਅਦਾਰਿਆਂ ’ਚ ਰੈਲੀਆਂ, ਭਾਸ਼ਣ ਮੁਕਾਬਲੇ ਅਤੇ ਸਫ਼ਾਈ ਸਬੰਧੀ ਪ੍ਰੋਗਰਾਮ ਕਰਵਾਏ ਜਾਂਦੇ ਹਨ ਤਾਂ ਜੋ ਬੱਚਿਆਂ ’ਚ ਸਫ਼ਾਈ ਦੀ ਆਦਤ ਪੈਦਾ ਹੋਵੇ।ਉਨ੍ਹਾਂ ਕਿਹਾ ਕਿ ਸਫ਼ਾਈ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰੇਕ ਨਾਗਰਿਕ ਦਾ ਫਰਜ਼ ਹੈ ਇਸ ਲਈ ਹਰ ਇਨਸਾਨ ਕੂੜਾ ਕੂੜੇਦਾਨ ’ਚ ਪਾਏ, ਪਲਾਸਟਿਕ ਦੀ ਵਰਤੋਂ ਘਟਾਏ ਅਤੇ ਆਸ-ਪਾਸ ਨੂੰ ਸਾਫ਼ ਰੱਖਣੇ।ਉਨ੍ਹਾਂ ਕਿਹਾ ਕਿ ਜੇਕਰ ਹਰ ਵਿਅਕਤੀ ਇਸ ਨੂੰ ਆਪਣੀ ਜ਼ਿੰਮੇਵਾਰੀ ਸਮਝੇ ਤਾਂ ਸਾਡਾ ਦੇਸ਼ ਹੋਰ ਵੀ ਖੂਬਸੂਰਤ ਅਤੇ ਸਿਹਤਮੰਦ ਬਣ ਸਕਦਾ ਹੈ।ਕਿਉਂਕਿ ‘ਸਫ਼ਾਈ ਅੱਧੀ ਸਿਹਤ ਹੈ’।ਟੀਮ ਵੱਲੋਂ ਸਫ਼ਾਈ ਅਤੇ ਸੁੰਦਰਤਾ ਨੂੰ ਹੋਰ ਬਿਹਤਰ ਬਣਾਉਣ ਲਈ ਦਰੱਖਤਾਂ ਦੀ ਛਾਂਟੀ ਵੀ ਕੀਤੀ ਗਈ।
ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਾਲਜ ਅਤੇ ਨਗਰ ਨਿਗਮ ਦਰਮਿਆਨ ਹੋਏ ਸਹਿਯੋਗ ਦੀ ਪ੍ਰਸ਼ੰਸਾ ਕਰਦਿਆਂਸਫ਼ਾਈ ਬਣਾਈ ਰੱਖਣ ’ਚ ਜਨ-ਭਾਗੀਦਾਰੀ ਦੀ ਮਹੱਤਤਾ ’ਤੇ ਜ਼ੋਰ ਦਿੱਤਾ।ਜਦਕਿ ਹੈਲਥ ਅਫਸਰ ਡਾ. ਰਾਮਾ ਨੇ ਸਫ਼ਾਈ ਅਤੇ ਜਨ ਸਿਹਤ ਦੇ ਆਪਸੀ ਗੂੜ੍ਹੇ ਸਬੰਧ ਬਾਰੇ ਜਾਣਕਾਰੀ ਦਿੱਤੀ।ਇਸੇ ਦੌਰਾਨ ਸੈਨੇਟਰੀ ਇੰਸਪੈਕਟਰ ਬ੍ਰਹਮ ਦਾਸ ਨੇ ਨਿਯਮਿਤ ਸਫ਼ਾਈ ਅਭਿਆਨਾਂ ਅਤੇ ਕੂੜਾ-ਕਰਕਟ ਪ੍ਰਬੰਧਨ ਦੀਆਂ ਸਹੀ ਪ੍ਰਥਾਵਾਂ ਅਪਨਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਸਮੂਹ ਵਲੰਟੀਅਰਾਂ ਨੇ ਵਾਤਾਵਰਣ ਸੰਭਾਲ ਅਤੇ ਸਮਾਜ ਭਲਾਈ ਲਈ ਨਿਰੰਤਰ ਕੰਮ ਕਰਨ ਦਾ ਸੰਕਲਪ ਵੀ ਲਿਆ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media