ਅੰਮ੍ਰਿਤਸਰ, 16 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਵਿਖੇ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਦੇ ਸਬੰਧ ’ਚ ‘ਹਰ ਥਾਂ ਸੁਰੱਖਿਅਤ ਖੁਰਾਕ’ ਵਿਸ਼ੇ ’ਤੇ ਸਮਾਗਮ ਕਰਵਾਇਆ। ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਉਲੀਕੇ ਗਏ ਗਏ ਪ੍ਰੋਗਰਾਮ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫੈਕਲਟੀ ਆਫ਼ ਫੂਡ ਸਾਇੰਸ ਦੇ ਡੀਨ ਡਾ. ਦਲਬੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਫੂਡ ਸਾਇੰਸ ਵਿਭਾਗ ਮੁਖੀ ਡਾ. ਗੁਰਸ਼ਰਨ ਕੌਰ, ਡਾ. ਵਰਮਾ, ਮੈਨੇਜਿੰਗ ਡਾਇਰੈਕਟਰ ਡਾ. ਐਸ.ਕੇ ਨਾਗਪਾਲ, ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ (ਐਲ.ਪੀ.ਟੀ) ਮੁਖੀ ਡਾ. ਵੀ.ਵੀ ਕੁਲਕਰਣੀ ਸਮੇਤ ਹੋਰ ਵੱਖ-ਵੱਖ ਵਿਭਾਗਾਂ ਦੇ ਮੁਖੀ, ਅਧਿਆਪਕ ਅਤੇ ਇੰਟਰਨਸ਼ਿਪ ਵਿਦਿਆਰਥੀ ਹਾਜ਼ਰ ਸਨ।ਸਮਾਗਮ ਦੀ ਸ਼ੁਰੂਆਤ ਕਰਦਿਆਂ ਡਾ. ਕੁਲਕਰਣੀ ਨੇ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਦੀ ਮਹੱਤਤਾ ਬਾਰੇ ਕਿਹਾ ਕਿ ਇਹ ਦਿਵਸ 2019 ਤੋਂ ਵਿਸ਼ਵ ਸਿਹਤ ਸੰਸਥਾ (ਡਬਲਯੂ.ਐਚ.ਓ) ਅਤੇ ਖੁਰਾਕ ਅਤੇ ਖੇਤੀਬਾੜੀ ਸੰਸਥਾ (ਐਫ਼.ਏ.ਓ) ਵਲੋਂ ਸਾਂਝੇ ਤੌਰ ’ਤੇ ਮਨਾਇਆ ਜਾ ਰਿਹਾ ਹੈ।
ਡਾ. ਦਲਬੀਰ ਸਿੰਘ ਨੇ ‘ਵਿਕਾਸਸ਼ੀਲ ਦੇਸ਼ਾਂ ’ਚ ਖੁਰਾਕ ਸੁਰੱਖਿਆ ਦੀਆਂ ਚੁਣੌਤੀਆਂ’ ਵਿਸ਼ੇ ’ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੇ 40-50 ਸਾਲਾਂ ਦੌਰਾਨ ਵੱਧਦੇ ਪ੍ਰਦੂਸ਼ਣ ਕਾਰਨ ਅਸੁਰੱਖਿਅਤ ਖੁਰਾਕ ਦੀ ਸਮੱਸਿਆ ਗੰਭੀਰ ਹੋਈ ਹੈ।ਪ੍ਰਿੰ: ਡਾ. ਵਰਮਾ ਨੇ ਸਾਰਿਆਂ ਨੂੰ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਦੀ ਸਹੁੰ ਚੁਕਵਾਉਂਦਿਆਂ ‘ਬਿਹਤਰ ਸਿਹਤ ਲਈ ਸੁਰੱਖਿਅਤ ਖੁਰਾਕ’ ਪ੍ਰਤੀ ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾ ਕਿ ਭਾਰਤ ਦੁੱਧ ਉਤਪਾਦਨ ’ਚ ਵਿਸ਼ਵ ’ਚ ਪਹਿਲੇ ਸਥਾਨ ’ਤੇ ਹੈ।
ਪਸ਼ੂ ਉਤਪਾਦ ਤਕਨਾਲੋਜੀ ਵਿਭਾਗ ਤੋਂ ਡਾ. ਸਾਕਸ਼ੀ ਸ਼ਰਮਾ ਨੇ ‘ਫ਼ਾਰਮ ਤੋਂ ਖਾਣੇ ਦੀ ਥਾਲੀ ਤੱਕ ਖੁਰਾਕ ਸੁਰੱਖਿਆ’ ਵਿਸ਼ੇ ’ਤੇ ਲੈਕਚਰ ਦਿੰਦਿਆਂ ਖੁਰਾਕ ਸਪਲਾਈ ਲੜੀ ਦੌਰਾਨ ਜੀਵਾਣੂ, ਰਸਾਇਣਕ ਅਤੇ ਭੌਤਿਕ ਖਤਰਿਆਂ ਨੂੰ ਰੋਕਣ ਲਈ ਜੋਖਮ-ਅਧਾਰਿਤ ਪਹੁੰਚ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਟਰੇਸੇਬਿਲਟੀ, ਚੰਗੀਆਂ ਸਫ਼ਾਈ ਪ੍ਰਥਾਵਾਂ, ਐਚ.ਏ.ਸੀ.ਸੀ.ਪੀ ਸਿਧਾਂਤਾਂ, ਕੋਲਡ ਚੇਨ ਪ੍ਰਬੰਧਨ ਅਤੇ ਆਰ.ਐਫ਼.ਆਈ.ਡੀ, ਕਿਊਆਰ ਕੋਡ, ਬਲਾਕਚੇਨ ਅਤੇ ਏ.ਆਈ ਨਿਗਰਾਨੀ ਵਰਗੀਆਂ ਨਵੀਂ ਤਕਨਾਲੋਜੀਆਂ ਦੀ ਮਹੱਤਤਾ ’ਤੇ ਚਾਨਣਾ ਪਾਇਆ।ਜਦ ਕਿ ਵੈਟਰਨਰੀ ਪਬਲਿਕ ਹੈਲਥ ਵਿਭਾਗ ਦੀ ਮੁਖੀ ਡਾ. ਨਿਤਾਸ਼ਾ ਸਾਂਬਿਆਲ ਨੇ ‘ਅੱਜ ਦੀ ਸੁਰੱਖਿਅਤ ਖੁਰਾਕ, ਕੱਲ੍ਹ ਦੀ ਤੰਦਰੁਸਤ ਜ਼ਿੰਦਗੀ’ ਵਿਸ਼ੇ ’ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਗਲੋਬਲ ਫੂਡ ਸਕਿਓਰਿਟੀ ਇੰਡੈਕਸ ’ਚ ਭਾਰਤ 113 ਦੇਸ਼ਾਂ ’ਚੋਂ 74ਵੇਂ ਸਥਾਨ ’ਤੇ ਹੈ, ਦੇਸ਼ ’ਚ ਪ੍ਰੋਟੀਨ ਦੀ ਘਾਟ ਅਤੇ ਖੁਰਾਕੀ ਪਦਾਰਥਾਂ ’ਚ ਵਧ ਰਹੀ ਐਂਟੀਮਾਈਕ੍ਰੋਬੀਅਲ ਰੋਧਕਤਾ ਚਿੰਤਾ ਦਾ ਵਿਸ਼ਾ ਹੈ।
ਡਾ. ਗੁਰਸ਼ਰਨ ਕੌਰ ਨੇ ਕਿਹਾ ਕਿ ਖੁਰਾਕ ਸੁਰੱਖਿਆ ਸਾਂਝੀ ਅਤੇ ਵਿਅਕਤੀਗਤ ਜ਼ਿੰਮੇਵਾਰੀ ਹੈ, ਜਿਸ ਦੀ ਸ਼ੁਰੂਆਤ ਬੀਜ ਬੀਜ਼ਣ ਦੇ ਪੜਾਅ ਤੋਂ ਹੀ ਹੋ ਜਾਂਦੀ ਹੈ।ਉਨ੍ਹਾਂ ਜੈਵਿਕ, ਰਸਾਇਣਕ ਅਤੇ ਭੌਤਿਕ ਖਤਰਿਆਂ ਸਬੰਧੀ ਗੱਲ ਕਰਦਿਆਂ ਕਿਹਾ ਕਿ ਖੁਰਾਕ ਨਾਲ ਸਬੰਧਿਤ ਬਿਮਾਰੀਆਂ ’ਚ ਲਗਭਗ 73 ਫ਼ੀਸਦੀ ਹਿੱਸਾ ਰਸਾਇਣਕ ਖ਼ਤਰਿਆਂ ਦਾ ਹੁੰਦਾ ਹੈ। ਜਦਕਿ ਡਾ. ਨਾਗਪਾਲ ਨੇ ਖੁਰਾਕ-ਜਨਿਤ ਬਿਮਾਰੀਆਂ ਦੀ ਪਛਾਣ ਅਤੇ ਰੋਕਥਾਮ ਵੱਲ ਵਧੇਰੇ ਧਿਆਨ ਦੇਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸੁਰੱਖਿਅਤ ਖੁਰਾਕ ਨਾ ਸਿਰਫ਼ ਲੋਕ ਸਿਹਤ ਲਈ, ਸਗੋਂ ਦੇਸ਼ ਦੀ ਆਰਥਿਕ ਖੁਸ਼ਹਾਲੀ ਲਈ ਵੀ ਬਹੁਤ ਜ਼ਰੂਰੀ ਹੈ।
ਡਾ. ਕੁਲਕਰਣੀ ਨੇ ਸਮੂਹ ਬੁਲਾਰਿਆਂ ਅਤੇ ਪ੍ਰਬੰਧਕਾਂ ਦਾ ਸਨਮਾਨ ਕਰਦਿਆਂ ਧੰਨਵਾਦ ਪ੍ਰਗਟ ਕੀਤਾ।ਇਸ ਮੌਕੇ ਡਾ. ਦੀਪਕ ਮਹਾਜਨ ਨੇ ਧੰਨਵਾਦੀ ਮਤਾ ਪੇਸ਼ ਕੀਤਾ, ਜਦਕਿ ਆਡੀਓ-ਵਿਜ਼ੂਅਲ ਪ੍ਰਬੰਧ ਅਤੇ ਤਕਨੀਕੀ ਸੈਸ਼ਨਾਂ ਦਾ ਸੰਚਾਲਨ ਡਾ. ਆਨੰਧੂ.ਏ ਕੁਮਾਰ ਵੱਲੋਂ ਕੀਤਾ ਗਿਆ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media