ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਅਤੇ ਜੇਲ ਪ੍ਰਸ਼ਾਸਨ ਵੱਲੋਂ ਉਪਰਾਲਾ
ਸ਼੍ਰੀ ਗੋਇੰਦਵਾਲ ਸਾਹਿਬ, 21 ਜੂਨ (ਪੰਜਾਬ ਪੋਸਟ ਬਿਊਰੋ) – ਸਿਹਤਮੰਦ ਜੀਵਨ ਲਈ ਯੋਗ ਅਭਿਆਸ ਨੂੰ ਉੋਤਸ਼ਾਹਿਤ ਕਰਨ ਦੇ ਟੀਚੇ ਨਾਲ ਜਿਲ੍ਹਾ ਤਰਨਤਾਰਨ
ਵਿਖੇ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਵਿੱਚ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ, ਜਿਸ ਵਿੱਚ ਜੇਲ੍ਹ ਪ੍ਰਸ਼ਾਸਨ ਸਣੇ ਬੰਦੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਵਲੋਂ ਜੇਲ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਯੋਗ ਸੈਸ਼ਨ ਵਿੱਚ ਯੋਗ ਗੁਰੂਆਂ ਦੀ ਅਗਵਾਈ ਹੇਠ ਵੱਖ-ਵੱਖ ਯੋਗ ਆਸਨ ਕਰਵਾਏ ਗਏ।ਪ੍ਰੋਗਰਾਮ ਵਿੱਚ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ (ਪੀ.ਪੀ.ਐਸ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਉਹਨਾਂ ਕਿਹਾ ਕਿ ਲੋਕਾਂ ਨੂੰ ਯੋਗ ਪ੍ਰਤੀ ਜਾਗਰੂਕ ਕਰਨ ਲਈ ਇਹ ਇੱਕ ਚੰਗਾ ਉਪਰਾਲਾ ਹੈ ਤੇ ਯੋਗ ਸਾਡੇ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ।
ਉਥੇ ਹੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਅੰਮ੍ਰਿਤਸਰ ਦੇ ਮੁਖੀ ਗੁਰਮੀਤ ਸਿੰਘ (ਆਈ.ਆਈ.ਐਸ) ਨੇ ਕਿਹਾ ਕਿ ਹਰ ਵਿਅਕਤੀ ਨੂੰ ਕੌਮਾਂਤਰੀ ਯੋਗ ਦਿਵਸ `ਤੇ ਕੀਤੀ ਗਈ ਸ਼ੁਰੂਆਤ ਨੂੰ ਸਫਲਤਾਪੂਰਵਕ ਅੱਗੇ ਤੋਰਨਾ ਚਾਹੀਦਾ ਹੈ।
ਜੇਲ੍ਹ ਦੇ ਡਿਪਟੀ ਸੁਪਰਡੈਂਟ ਜਤਿੰਦਰ ਪਾਲ ਸਿੰਘ (ਪੀ.ਪੀ.ਐਸ) ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਜੇ ਲੋਕ ਬਿਮਾਰੀਆਂ ਤੋਂ ਬਚ ਕੇ ਰਹਿਣਾ ਚਾਹੁੰਦੇ ਨੇ, ਤਾਂ ਉਨ੍ਹਾਂ ਨੂੰ ਯੋਗ ਦਾ ਸਹਾਰਾ ਲੈਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਜੇਲ੍ਹ ਵਿੱਚ ਬੰਦੀਆਂ ਵੱਲੋਂ ਵਿਖਾਏ ਗਏ ਅਨਸ਼ਾਸ਼ਨ ਦੇ ਜ਼ਰੀਏ ਯੋਗ ਨੂੰ ਜੀਵਨ ਦਾ ਹਿੱਸਾ ਬਣਾਉਂਦਿਆਂ ਕਈ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ।ਜੇਲ੍ਹ ਦੇ ਡਿਪਟੀ ਸੁਪਰਡੈਂਟ ਗੁਰਜੰਟ ਸਿੰਘ ਵੀ ਖਾਸ ਤੌਰ ‘ਤੇ ਮੌਜ਼ੂਦ ਰਹੇ।
ਜੇਲ੍ਹ ਵਿੱਚ ਚਿਤਰਕਲਾ ਮੁਕਾਬਲੇ ਵਿੱਚ ਬੰਦੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਅਭਿਸ਼ੇਕ ਸਿੰਘ ਨੇ ਮੁਕਾਬਲੇ ਵਿੱਚ ਪਹਿਲਾ, ਰਾਜੇਸ਼ ਨੇ ਦੂਜਾ, ਜਸਵੰਤ ਸਿੰਘ ਸੋਹਲ ਨੇ ਤੀਜਾ ਤੇ ਸਿਮਰਨਜੀਤ ਸਿੰਘ ਨੇ ਚੌਥਾ ਸਥਾਨ ਹਾਸਲ ਕੀਤਾ।
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕਲਾਕਾਰਾਂ ਵੱਲੋਂ ਐਨ.ਸੀ.ਸੀ ਦੀ ਫਸਟ ਪੰਜਾਬ ਬਟਾਲੀਅਨ ਦੇ ਸਹਿਯੋਗ ਨਾਲ ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿਖੇ ਯੋਗ ਦਿਹਾੜੇ ਉਤੇ ਕਰਵਾਏ ਗਏ ਪ੍ਰੋਗਰਾਮ ਵਿੱਚ ਆਪਣੀ ਪੇਸ਼ਕਾਰੀ ਨਾਲ ਸਮਾਂ ਬੰਨ੍ਹ ਦਿੱਤਾ।
Punjab Post Daily Online Newspaper & Print Media