ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਅਤੇ ਅੰਤਰਰਾਸ਼ਟਰੀ ਸੰਸਥਾ ਟਾਸਾ ਗਲੋਬਲ ਐਜੂਕੇਸ਼ਨ ਲਿਮ. ਨੇ ਇੱਕ ਅਹਿਮ
ਸਮਝੌਤੇ ’ਤੇ ਦਸਤਖ਼ਤ ਕੀਤੇ ਹਨ, ਜਿਸ ਅਧੀਨ ’ਵਰਸਿਟੀ ਦੇ ਵਿਦਿਆਰਥੀ ਅੰਤਰਰਾਸ਼ਟਰੀ ਕੋਰਸ ਬਹੁਤ ਹੀ ਘੱਟ ਫੀਸ ’ਤੇ ਕਰ ਸਕਣਗੇ।ਖਾਲਸਾ ਯੂਨੀਵਰਸਿਟੀ ਵਿਖੇ ਟਾਸਾ ਦਾ ਐਡਮਿਸ਼ਨ ਸੈਲ ਸਥਾਪਿਤ ਕੀਤਾ ਗਿਆ, ਜਿਸ ਤਹਿਤ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਰੋਇਲ ਰੋਡਜ਼ ਯੂਨੀਵਰਸਿਟੀ ਕੈਨੇਡਾ ਅਤੇ ਵਿਟਨਬੋਰਗ ਯੂਨੀਵਰਸਿਟੀ ਆਫ਼ ਅਪਲਾਇਡ ਸਾਇੰਸਜ਼, ਨੀਦਰਲੈਂਡ ’ਚ ਪੋਸਟ ਗ੍ਰੈਜੂਏਟ ਅਤੇ ਅੰਡਰ ਗ੍ਰੈਜੂਏਟ ਕੋਰਸ ਕਰਨ ਦੇ ਮੌਕੇ ਦਿੱਤੇ ਜਾਣਗੇ।
ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਇਸ ਕਦਮ ਨੂੰ ’ਵਰਸਿਟੀ ਦਾ ਮੀਲ ਪੱਥਰ ਦੱਸਦਿਆਂ ਉਮੀਦ ਜ਼ਾਹਿਰ ਕੀਤੀ ਕਿ ਆਉਣ ਵਾਲੇ ਸਮੇਂ ’ਚ ਵਿਦਿਆਰਥੀ ਵਿਸ਼ਵ ਦੀਆਂ ਨਾਮੀ ਯੂਨੀਵਰਸਿਟੀਆਂ ’ਚ ਪੜ੍ਹਾਈ ਕਰ ਸਕਣਗੇ।ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਨੇ ਕਿਹਾ ਕਿ ਯੂਨੀਵਰਸਿਟੀ ’ਚ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਦੇ ਮੌਕਿਆਂ ਨਾਲ ਜੋੜਨ ਅਤੇ ਵਿਸ਼ਵ ਵਿਆਪੀ ਕੌਸ਼ਲਾਂ ’ਚ ਮੁਹਾਰਤ ਹਾਸਲ ਕਰਵਾਉਣ ਲਈ ਉਕਤ ਸੈਲ ਦੀ ਸਥਾਪਨਾ ਕੀਤੀ ਗਈ ਹੈ ਅਤੇ ਇਹ ਦੋਹਾਂ ਸੰਸਥਾਵਾਂ ਦਰਮਿਆਨ ਹੋਏ ਸਿੱਖਿਆ ਸਮਝੌਤੇ ਤਹਿਤ ਕਾਰਜ ਕਰੇਗਾ।
ਟਾਸਾ ਦੇ ਐਸੋਸੀਏਟ ਡਾਇਰੈਕਟਰ ਡਾ. ਗੁਰਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਇਹ ਸੈਲ ’ਵਰਸਿਟੀ ਦੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ’ਤੇ ਆਪਣੀ ਯੋਗਤਾ ਸਾਬਤ ਕਰਨ ਅਤੇ ਅੰਤਰਰਾਸ਼ਟਰੀ ਅਕਾਦਮਿਕ ਅਤੇ ਪੇਸ਼ੇਵਰ ਮੌਕਿਆਂ ਦਾ ਲਾਭ ਉਠਾਉਣ ਲਈ ਇੱਕ ਮਜ਼ਬੂਤ ਪਲੇਟਫਾਰਮ ਮੁਹੱਈਆ ਕਰੇਗਾ।ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਇਸ ਪਹਿਲਕਦਮੀ ਦੇ ਨਾਲ ਸਥਾਨਕ ਵਿਦਿਆਰਥੀਆਂ ਨੂੰ ਵਿਦੇਸ਼ੀ ਯੂਨੀਵਰਸਿਟੀਆਂ ’ਚ ਦਾਖਲੇ, ਸਕਾਲਰਸ਼ਿਪ ਪ੍ਰੋਗਰਾਮ, ਵਿਦਿਆਰਥੀ ਐਕਸਚੇਂਜ ਪ੍ਰੋਗਰਾਮ, ਉੱਚ ਸਿੱਖਿਆ ਦੇ ਬੇਹਤਰੀਨ ਮੌਕੇ, ਕਰੀਅਰ ਪ੍ਰੋਗਰਾਮ, ਇੰਟਰਨਸ਼ਿਪ ਅਤੇ ਮਾਰਗਦਰਸ਼ਨ ਸਬੰਧੀ ਸਹੀ ਜਾਣਕਾਰੀ ਪ੍ਰਾਪਤ ਹੋਵੇਗੀ।
ਇਸ ਮੌਕੇ ਰਿਸਰਚ ਡੀਨ ਡਾ. ਆਰ.ਕੇ ਧਵਨ, ਐਗਜੇਮੀਨੇਸ਼ਨ ਕੰਟਰੋਲਰ ਡਾ. ਕੰਵਲਜੀਤ ਸਿੰਘ, ਸਕੂਲ ਆਫ਼ ਲਾਅ ਡਾ. ਜਸਪਾਲ ਸਿੰਘ, ਡੀਨ ਸਟੂਡੈਂਟ ਵੈਲਫੇਅਰ ਡਾ. ਅਜੇ ਸਹਿਗਲ, ਡਾ. ਰਮਿੰਦਰ ਕੌਰ, ਡਾ. ਮਨਬੀਰ ਕੌਰ, ਡਾ. ਰਿਤੂ ਧਵਨ ਮੌਜ਼ੂਦ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media