Sunday, June 28, 2026

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਵਾਂ ਸੁਲਤਾਨਵਿੰਡ ਫਲਾਈਓਵਰ ਲੋਕਾਂ ਨੂੰ ਸਮਰਪਿਤ

ਪਵਿੱਤਰ ਨਗਰੀ ਅੰਮ੍ਰਿਤਸਰ ਨੂੰ ਵੱਡਾ ਤੋਹਫ਼ਾ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਨਿਵਾਸੀਆਂ ਨੂੰ ਸੁਲਤਾਨਵਿੰਡ ਬਾਈਪਾਸ ਅਤੇ ਸੁਲਤਾਨਵਿੰਡ ਲਿੰਕ ਰੋਡ ਦੇ ਜੰਕਸ਼ਨ `ਤੇ ਨਵਾਂ ਬਣਿਆ ਫਲਾਈਓਵਰ ਸਮਰਪਿਤ ਕਰਕੇ ਵੱਡਾ ਤੋਹਫ਼ਾ ਦਿੱਤਾ।ਲੰਬੇ ਸਮੇਂ ਤੋਂ ਚੱਲੀ ਆ ਰਹੀ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਅਤੇ ਹਰ ਰੋਜ਼ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਦੋ ਲੱਖ ਤੋਂ ਵੱਧ ਸ਼ਰਧਾਲੂਆਂ ਲਈ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਉਸਾਰੇ ਗਏ ਇਸ ਪ੍ਰੋਜੈਕਟ ਨੂੰ ਜਨਤਾ ਦੇ 11.52 ਕਰੋੜ ਰੁਪਏ ਦੀ ਬੱਚਤ ਨਾਲ ਪਾਰਦਰਸ਼ੀ ਪ੍ਰਣਾਲੀ ਰਾਹੀਂ ਮੁਕੰਮਲ ਕੀਤਾ ਗਿਆ ਹੈ।ਆਪਣੀ ਸਰਕਾਰ ਦੇ ਵਿਕਾਸ-ਮੁਖੀ ਸ਼ਾਸਨ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਲੋਕਾਂ ਲਈ 15 ਜੁਲਾਈ ਤੱਕ 3,100 ਨਵੇਂ ਸਟੇਡੀਅਮ, 3,000 ਜ਼ਿਮ ਅਤੇ 400 ਨਵੇਂ ਆਮ ਆਦਮੀ ਕਲੀਨਿਕ ਤਿਆਰ ਹੋ ਜਾਣਗੇ।ਹੁਣ ਸਿੰਚਾਈ ਲਈ 80 ਫੀਸਦ ਤੋਂ ਵੱਧ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਕਿਹਾ ਕਿ ਹੁਣ ਠੇਕੇਦਾਰ 43,000 ਕਿਲੋਮੀਟਰ ਤੋਂ ਵੱਧ ਸੜਕਾਂ ਦੇ ਪੰਜ਼ ਸਾਲਾਂ ਤੱਕ ਰੱਖ-ਰਖਾਅ ਲਈ ਜਵਾਬਦੇਹ ਹਨ।ਉਨ੍ਹਾਂ ਇਹ ਵੀ ਕਿਹਾ ਕਿ ਜਿਥੇ ਸਰਕਾਰ ਵਿਕਾਸ ਅਤੇ ਇਮਾਨਦਾਰ ਸ਼ਾਸਨ `ਤੇ ਕੇਂਦਰਿਤ ਹੈ, ਉਥੇ ਹੀ ਵਿਰੋਧੀ ਧਿਰ ਸਰਕਾਰ ਦੇ ਕੰਮਾਂ ਨੂੰ ਚੁਣੌਤੀ ਦੇਣ ਵਿੱਚ ਅਸਫਲ ਰਹਿਣ ਕਰਕੇ ਫਰਜ਼ੀ ਵੀਡੀਓਜ਼ ਵਾਇਰਲ ਕਰਨ ਵਰਗੇ ਘਟੀਆਂ ਹੱਥਕੰਡਿਆਂ `ਤੇ ਉਤਰ ਆਈ ਹੈ।ਆਪਣੇ ਐਕਸ ਹੈਂਡਲ `ਤੇ ਲਿਖਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਵਿੱਤਰ ਨਗਰੀ ਅੰਮ੍ਰਿਤਸਰ ਵਿੱਚ ਸੁਲਤਾਨਵਿੰਡ ਲਿੰਕ ਰੋਡ `ਤੇ ਇੱਕ ਨਵਾਂ ਓਵਰਬ੍ਰਿਜ਼ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ।
ਇਹ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹਰ ਰੋਜ਼ ਦੋ ਲੱਖ ਤੋਂ ਵੱਧ ਸ਼ਰਧਾਲੂ ਇਸ ਪਵਿੱਤਰ ਨਗਰੀ ਵਿੱਚ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਇਤਿਹਾਸਕ ਤੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਆਉਂਦੇ ਹਨ।ਸ਼ਰਧਾਲੂਆਂ ਦੀ ਯਾਤਰਾ ਨੂੰ ਵਧੇਰੇ ਸੁਵਿਧਾਜਨਕ ਅਤੇ ਆਰਾਮਦਾਇਕ ਬਣਾਉਣ ਲਈ ਉਨ੍ਹਾਂ ਦੀ ਸਰਕਾਰ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਲਗਾਤਾਰ ਮਜ਼ਬੂਤ ਕਰ ਰਹੀ ਹੈ।ਅੱਜ ਸੁਲਤਾਨਵਿੰਡ ਬਾਈਪਾਸ ਅਤੇ ਸੁਲਤਾਨਵਿੰਡ ਲਿੰਕ ਰੋਡ ਦੇ ਜੰਕਸ਼ਨ `ਤੇ ਨਵਾਂ ਬਣਿਆ ਫਲਾਈਓਵਰ ਲੋਕਾਂ ਨੂੰ ਸਮਰਪਿਤ ਕੀਤਾ ਹੈ।ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਉਹ ਅਕਾਲ ਪੁਰਖ ਦੇ ਸ਼ੁਕਰਗੁਜ਼ਾਰ ਹਨ ਜਿਨ੍ਹਾਂ ਨੇ ਇਹ ਮਹੱਤਵਪੂਰਨ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕਰਕੇ ਇਸ ਪਵਿੱਤਰ ਨਗਰੀ ਦੀ ਸੇਵਾ ਕਰਨ ਦਾ ਮੌਕਾ ਬਖਸ਼ਿਆ ਹੈ।ਮੁੱਖ ਮੰਤਰੀ ਨੇ ਕਿਹਾ ਕਿ ਤਾਰਾਂ ਵਾਲਾ ਪੁੱਲ ਨੇੜੇ ਤਰਨਤਾਰਨ ਰੋਡ `ਤੇ ਸੁਲਤਾਨਵਿੰਡ ਲਿੰਕ ਰੋਡ ਦੇ ਜੰਕਸ਼ਨ `ਤੇ ਭਾਰੀ ਟ੍ਰੈਫਿਕ ਕਾਰਨ ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ, ਸਥਾਨਕ ਨਿਵਾਸੀਆਂ ਅਤੇ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਲੰਬੇ ਸਮੇਂ ਤੋਂ ਭਾਰੀ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਪ੍ਰਾਜੈਕਟ `ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਪ੍ਰੋਜੈਕਟ ਲਈ 34.20 ਕਰੋੜ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ ਦਿੱਤੀ ਸੀ, ਪਰ ਇਹ ਸਿਰਫ 22.68 ਕਰੋੜ ਰੁਪਏ ਦੀ ਲਾਗਤ ਨਾਲ ਸਫਲਤਾਪੂਰਵਕ ਮੁਕੰਮਲ ਹੋ ਗਿਆ ਹੈ, ਜਿਸ ਨਾਲ ਜਨਤਾ ਦੇ 11.52 ਕਰੋੜ ਰੁਪਏ ਦੀ ਬੱਚਤ ਹੋਈ ਹੈ।ਮੁੱਖ ਮੰਤਰੀ ਨੇ ਦੱਸਿਆ ਕਿ ਲਾਈਓਵਰ ਦੀ ਲੰਬਾਈ 725 ਮੀਟਰ ਅਤੇ ਚੌੜਾਈ 14 ਮੀਟਰ ਹੈ।ਸਥਾਨਕ ਟ੍ਰੈਫਿਕ ਦੀ ਸੁਚਾਰੂ ਆਵਾਜਾਈ ਦੀ ਸਹੂਲਤ ਵਾਸਤੇ ਫਲਾਈਓਵਰ ਦੇ ਦੋਵਾਂ ਪਾਸਿਆਂ `ਤੇ 5.50 ਮੀਟਰ ਚੌੜੀਆਂ ਸਰਵਿਸ ਰੋਡਜ਼ ਵੀ ਬਣਾਈਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਪੰਜਾਬ ਦੇ 90 ਫੀਸਦ ਤੋਂ ਵੱਧ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ 68,000 ਤੋਂ ਵੱਧ ਨੌਜਵਾਨਾਂ ਨੂੰ ਬਿਨਾਂ ਕਿਸੇ ਭ੍ਰਿਸ਼ਟਾਚਾਰ ਅਤੇ ਸਿਫਾਰਿਸ਼ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ।ਮੁੱਖ ਮੰਤਰੀ ਨੇ ਕਿਹਾ ਕਿ ਸਿੰਚਾਈ ਲਈ ਸਿਰਫ਼ 22 ਫੀਸਦ ਨਹਿਰੀ ਪਾਣੀ ਦੀ ਵਰਤੋਂ ਹੁੰਦੀ ਸੀ।ਅੱਜ ਇਹ ਵਧ ਕੇ 80 ਫੀਸਦ ਤੋਂ ਵੱਧ ਹੋ ਗਈ ਹੈ।ਵਿਕਾਸ ਲਈ ਪਿੰਡਾਂ ਨੂੰ ਵੱਡੀਆਂ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ।
ਵਿਰੋਧੀ ਧਿਰ `ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਧਾਰਮਿਕ ਮੁੱਦਿਆਂ `ਤੇ ਉਨ੍ਹਾਂ ਨੂੰ ਬਦਨਾਮ ਕਰਨ ਵਾਸਤੇ ਇੱਕ ਦੂਜੇ ਨਾਲ ਹੱਥ ਮਿਲਾ ਕੇ ਬਹੁਤ ਹੀ ਨੀਵੇਂ ਪੱਧਰ ਦੀ ਰਾਜਨੀਤੀ ਕਰ ਰਹੇ ਹਨ।ਇੱਕ ਬੇਹੱਦ ਘਟੀਆ ਰਾਜਨੀਤਿਕ ਸਾਜ਼ਿਸ਼ ਤਹਿਤ ਉਨ੍ਹਾਂ ਦੀਆਂ ਫਰਜ਼ੀ ਵੀਡੀਓਜ਼ ਵਾਇਰਲ ਕੀਤੀਆਂ ਗਈਆਂ ਹਨ।ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਵਿਰੋਧੀ ਕਿਸੇ ਹੋਰ ਫਰੰਟ `ਤੇ ਉਨ੍ਹਾਂ ਨੂੰ ਚੁਣੌਤੀ ਦੇਣ ਦੇ ਯੋਗ ਨਹੀਂ ਰਹੇ ਤਾਂ ਉਹ ਹੁਣ ਧਾਰਮਿਕ ਮੁੱਦਿਆਂ ਰਾਹੀਂ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਹਾਲ ਹੀ ਵਿੱਚ ਇੱਕ ਵੀਡੀਓ ਵਾਇਰਲ ਕੀਤੀ ਗਈ ਹੈ ਜਿਸ ਵਿੱਚ ਨਾ ਤਾਂ ਉਸ ਵਿਅਕਤੀ ਦੀ ਸਰੀਰਕ ਦਿੱਖ, ਕੱਦ, ਤੁਰਨ ਦਾ ਤਰੀਕਾ ਅਤੇ ਨਾ ਹੀ ਸਰੀਰਕ ਹਾਵ-ਭਾਵ ਮੇਰੇ ਨਾਲ ਮੇਲ ਖਾਂਦੇ ਹਨ
ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ, ਹਲਕਾ ਦੱਖਣੀ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ, ਹਲਕਾ ਕੇਂਦਰੀ ਵਿਧਾਇਕ ਡਾ. ਅਜੇ ਗੁਪਤਾ, ਹਲਕਾ ਪੂਰਬੀ ਵਿਧਾਇਕਾ ਸ਼੍ਰੀਮਤੀ ਜੀਵਨਜੋਤ ਕੌਰ, ਕੌਂਸਲਰ ਜਰਨੈਲ ਸਿੰਘ ਢੋਟ, ਆਪ ਆਗੂ ਪ੍ਰ੍ਭਬੀਰ ਸਿੰਘ ਅਤੇ ਕਈ ਹੋਰ ਪਤਵੰਤੇ ਵੀ ਹਾਜ਼ਰ ਸਨ।

Check Also

ਡਾ. ਜਸਵਿੰਦਰ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਆਫ਼ ਐਮੀਨੈਂਸ ਦੇ ਅਹੁੱਦੇ ਨਾਲ ਨਿਵਾਜ਼ੇ ਗਏ

ਅੰਮ੍ਰਿਤਸਰ 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨਵਰਸਿਟੀ ਦੀ ਸਿੰਡੀਕੇਟ ਨੇ ਪੰਜਾਬੀ …