ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਸਾਬਕਾ ਪ੍ਰੋਫ਼ੈਸਰ ਡਾ. ਇਕਬਾਲ ਕੌਰ
ਸੌਂਦ ਦੇ ਅਕਾਲ ਚਲਾਣੇ ‘ਤੇ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ। ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬੀ ਸਾਹਿਤ, ਸਿੱਖਿਆ ਅਤੇ ਸਮਾਜਿਕ ਚੇਤਨਾ ਦੇ ਖੇਤਰ ਦੀ ਪ੍ਰਮੁੱਖ ਹਸਤੀ, ਉਚ ਕੋਟੀ ਦੇ ਵਿਦਵਾਨ ਅਤੇ ਨਾਰੀ ਚੇਤਨਾ ਦੇ ਮੁੱਦਈ ਡਾ. ਇਕਬਾਲ ਕੌਰ ਸੌਂਦ ਦੇ ਅਕਾਲ ਚਲਾਣੇ ਨਾਲ ਪੰਜਾਬੀ ਸਾਹਿਤਕ ਅਤੇ ਅਕਾਦਮਿਕ ਜਗਤ ਨੂੰ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ ਹੈ।
ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਡਾ. ਇਕਬਾਲ ਕੌਰ ਸੌਂਦ ਦੀਆਂ ਅਕਾਦਮਿਕ ਤੇ ਸਮਾਜਿਕ ਸੇਵਾਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਖੇ ਭਗਤ ਨਾਮਦੇਵ ਚੇਅਰ ਦੇ ਮੁਖੀ ਵਜੋਂ ਸੇਵਾਮੁਕਤ ਹੋਏ ਸਨ।ਉਹਨਾਂ ਨੇ ਲੰਬੇ ਸਮੇਂ ਤੱਕ ਨਾਰੀ ਚੇਤਨਾ ਮੰਚ ਦੇ ਪ੍ਰਧਾਨ ਵਜੋਂ ਬਹੁਤ ਹੀ ਸਰਗਰਮ ਭੂਮਿਕਾ ਨਿਭਾਉਂਦਿਆਂ ਔਰਤਾਂ ਦੇ ਹੱਕਾਂ, ਸਮਾਜਿਕ ਬਰਾਬਰੀ ਅਤੇ ਵੇਲੇ ਦੀਆਂ ਚੁਣੌਤੀਆਂ ਵਾਸਤੇ ਆਵਾਜ਼ ਬੁਲੰਦ ਕੀਤੀ।
ਇਥੇ ਜ਼ਿਕਰਯੋਗ ਹੈ ਕਿ ਉਹਨਾਂ ਦਾ ਜਨਮ 2 ਅਪ੍ਰੈਲ 1939 ਨੂੰ ਪਿੰਡ ਛੱਜਲਵਡੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ।ਵਿਦਿਅਕ ਯੋਗਤਾ ਵਜੋਂ ਉਨ੍ਹਾਂ ਨੇ ਐਮ.ਏ, ਬੀ.ਐਡ ਅਤੇ ਪੀ.ਐਚ.ਡੀ ਕੀਤੀ।ਉਨ੍ਹਾਂ ਦੀ ਖੋਜ਼ ਦਾ ਵਿਸ਼ਾ “ਗੁਰੂ ਨਾਨਕ ਬਾਣੀ ਵਿੱਚ ਰਾਜਨੀਤਿਕ, ਸਮਾਜਿਕ ਅਤੇ ਧਾਰਮਕ ਪ੍ਰਸਥਿਤੀਆਂ ਦੀ ਸਮੀਖਿਆ” ਸੀ ਅਤੇ ਉਹ ਗੁਰਮਤਿ ਕਾਵਿ, ਪੰਜਾਬੀ ਲੋਕਯਾਨ ਅਤੇ ਸਭਿਆਚਾਰ ਦੇ ਮਾਹਿਰ ਸਨ।ਡਾ. ਸੌਂਦ ਕੋਲ ਲਾਇਲਪੁਰ ਖਾਲਸਾ ਕਾਲਜ ਜਲੰਧਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਸਮੇਤ ਵੱਖ-ਵੱਖ ਸੰਸਥਾਵਾਂ ਵਿੱਚ 23 ਸਾਲਾਂ ਦਾ ਅਧਿਆਪਨ ਅਤੇ ਖੋਜ਼ ਤਜ਼ਰਬਾ ਸੀ।ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਭਗਤ ਨਾਮਦੇਵ ਚੇਅਰ ਦੇ ਚੇਅਰਪਰਸਨ ਵੀ ਰਹੇ, ਜਿਥੇ ਉਨ੍ਹਾਂ ਨੇ 9 ਪੀ.ਐਚ.ਡੀ ਅਤੇ 16 ਐਮ.ਫਿਲ ਦੇ ਖੋਜ਼ ਕਾਰੱ ਮੁਕੰਮਲ ਕਰਵਾਏ।
ਉਨ੍ਹਾਂ ਨੇ ਪੰਜਾਬੀ ਲੋਕਯਾਨ, ਦਿਲ ਦੀਆਂ ਬਾਤੀ, ਨਾਮਦੇਵ ਰਚਨਾ-ਸੰਸਾਰ, ਬਟਵਾਰਾ (ਕਹਾਣੀ ਸੰਗ੍ਰਹਿ) ਅਤੇ ਭਗਤ ਨਾਮਦੇਵ ਜੀਵਨ, ਸ਼ਖਸ਼ੀਅਤ ਅਤੇ ਰਚਨਾ ਵਰਗੀਆਂ ਮੌਲਿਕ ਪੁਸਤਕਾਂ ਲਿਖਣ ਦੇ ਨਾਲ-ਨਾਲ ਕਈ ਅਨੁਵਾਦਿਤ ਤੇ ਸੰਪਾਦਿਤ ਕਾਰਜ਼ ਵੀ ਕੀਤੇ।ਇਸ ਤੋਂ ਇਲਾਵਾ ਉਨ੍ਹਾਂ ਦੇ 50 ਖੋਜ਼ ਪੱਤਰ, 40 ਮੁੱਖ ਬੰਦ ਤੇ ਰੀਵਿਊ, 50 ਐਕਸਟੈਂਸ਼ਨ ਲੈਟਰ ਅਤੇ 20 ਰੇਡੀਓ-ਟੀ.ਵੀ ਟਾਕਸ ਪ੍ਰਕਾਸ਼ਿਤ ਹੋ ਚੁੱਕੇ ਹਨ।ਯੂਨੀਵਰਸਿਟੀ ਵੱਲੋਂ ਉਨ੍ਹਾਂ ਨੇ ਭਗਤ ਨਾਮਦੇਵ ਜੀ ਨਾਲ ਸਬੰਧਿਤ ਕਈ ਅਹਿਮ ਪ੍ਰੋਜੈਕਟ ਜਿਵੇਂ ਕਿ ਭਗਤ ਨਾਮਦੇਵ ਸੰਦਰਭ ਕੋਸ਼ ਅਤੇ ਮਰਾਠੀ ਬਾਣੀ ਦਾ ਲਿਪੀ ਅੰਤਰਨ ਸਫ਼ਲਤਾਪੂਰਵਕ ਮੁਕੰਮਲ ਕੀਤੇ।ਉਹ 12 ਸਾਲ ਪੰਜਾਬੀ ਵਿਭਾਗ ਦੇ ਟੀਚਰ ਇੰਚਾਰਜ਼ ਅਤੇ 8 ਸਾਲ ਸਭਿਆਚਾਰਕ ਫੋਰਮ ਦੇ ਸਲਾਹਕਾਰ ਬੋਰਡ ਦੇ ਮੈਂਬਰ ਰਹੇ।
ਸਮਾਜਿਕ ਖੇਤਰ ਵਿੱਚ ਉਨ੍ਹਾਂ ਨੇ ਪਿੰਡ ਘਣੂਪੁਰ ਕਾਲੇ ਵਿਖੇ ਬਾਲਗ ਸਿੱਖਿਆ ਪ੍ਰਾਜੈਕਟ ਵਿੱਚ 5 ਸਾਲ ਆਨਰੇਰੀ ਕੋਆਰਡੀਨੇਟਰ ਵਜੋਂ ਕੰਮ ਕੀਤਾ।ਉਹ ਰਾਈਟਰਜ਼ ਫੋਰਮ ਦੇ ਪ੍ਰਧਾਨ, ਸਾਹਿਤ ਵਿਚਾਰ ਮੰਚ ਦੇ ਸੀਨੀਅਰ ਮੀਤ ਪ੍ਰਧਾਨ, ਨਾਰੀ ਚੇਤਨਾ ਮੰਚ ਦੇ ਜਨਰਲ ਸਕੱਤਰ ਅਤੇ ਕੇਂਦਰੀ ਲੇਖਕ ਸਭਾ ਤੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਸਮੇਤ ਕਈ ਪ੍ਰਮੁੱਖ ਸੰਸਥਾਵਾਂ ਦੇ ਸਰਗਰਮ ਮੈਂਬਰ ਰਹੇ।ਸਾਲ 1999 ਵਿੱਚ ਉਹ ਪੰਜਾਬ ਸਰਕਾਰ ਦੀ ਪਬਲਿਕ ਰੀਲੇਸ਼ਨਜ਼ ਅਤੇ ਕਲਚਰਲ ਕਮੇਟੀ ਦੇ ਮੈਂਬਰ ਵੀ ਥਾਪੇ ਗਏ।ਉਨ੍ਹਾਂ ਦੀਆਂ ਇਨ੍ਹਾਂ ਮਹਾਨ ਸਾਹਿਤਕ ਅਤੇ ਅਕਾਦਮਿਕ ਪ੍ਰਾਪਤੀਆਂ ਲਈ ਪੰਜਾਬ ਸਰਕਾਰ (1997), ਅੰਮ੍ਰਿਤਸਰ ਵਿਕਾਸ ਮੰਚ, ਪੰਜਾਬੀ ਸੱਥ ਲਾਂਬੜਾ ਵੱਲੋਂ ਵਾਰਿਸ ਸ਼ਾਹ ਸਨਮਾਨ (2011), ਅਤੇ ਕੈਨੇਡਾ ਤੇ ਯੂ.ਕ. ਦੀਆਂ ਕਈ ਕੌਮਾਂਤਰੀ ਸਿੱਖ ਤੇ ਪੰਜਾਬੀ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਵੱਕਾਰੀ ਮਾਣ-ਸਨਮਾਨਾਂ ਨਾਲ ਨਿਵਾਜ਼ਿਆ ਗਿਆ।
ਡਾ. ਬਲਜੀਤ ਕੌਰ ਰਿਆੜ ਨੇ ਕਿਹਾ ਕਿ ਉਹ ਸਾਦਗੀ, ਮਿਲਾਪੜੇ ਸੁਭਾਅ ਅਤੇ ਉੱਚ-ਪੱਧਰੀ ਵਿਦਵਤਾ ਦੀ ਅਨੋਖੀ ਮਿਸਾਲ ਸਨ।ਉਹਨਾਂ ਦੀਆਂ ਪਾਈਆਂ ਲੀਹਾਂ ਅਤੇ ਮਿੱਠੀਆਂ ਯਾਦਾਂ ਸਦਾ ਸਾਡੇ ਦਿਲਾਂ ਵਿੱਚ ਜਿਊਂਦੀਆਂ ਰਹਿਣਗੀਆਂ।ਪੰਜਾਬੀ ਅਧਿਐਨ ਸਕੂਲ ਦੇ ਸਮੂਹ ਅਧਿਆਪਕਾਂ, ਖੋਜ-ਵਿਦਿਆਰਥੀਆਂ ਅਤੇ ਵਿਦਿਆਰਥੀਆਂ ਵਲੋਂ ਉਹਨਾਂ ਦੇ ਪਰਿਵਾਰ ਨਾਲ ਡੂੰਘੇ ਦੁੱਖ ਅਤੇ ਸੰਵੇਦਨਾ ਦਾ ਪ੍ਰਗਟਾਵਾ ਕਰਦੇ ਹੋਏ ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕੀਤੇ ਗਏ।
ਇਸ ਮੌਕੇ ਡਾ. ਹਰਿੰਦਰ ਕੌਰ ਸੋਹਲ, ਡਾ. ਰਾਜਵਿੰਦਰ ਕੌਰ, ਡਾ. ਸਿਮਰਨਜੀਤ ਸਿੰਘ, ਪ੍ਰਵੀਨ ਪੁਰੀ (ਡਾਇਰੈਕਟਰ, ਲੋਕ ਸੰਪਰਕ ਵਿਭਾਗ), ਡਾ. ਕੰਵਲਜੀਤ ਕੌਰ, ਡਾ. ਕੰਵਲਦੀਪ ਕੌਰ, ਡਾ. ਹਰਿੰਦਰ ਸਿੰਘ ਤੁੜ, ਡਾ. ਜਸਪਾਲ ਸਿੰਘ ਅਤੇ ਡਾ. ਚੰਦਨਪ੍ਰੀਤ ਸਿੰਘ ਇਸ ਸ਼ੋਕ ਸਭਾ ਵਿੱਚ ਮੌਜ਼ੂਦ ਸਨ।
Check Also
ਬਜ਼ੁਰਗਾਂ ਦੀ ਸਹਾਇਤਾ, ਸੁਰੱਖਿਆ ਅਤੇ ਸਨਮਾਨ ਲਈ ਐਲਡਰਲਾਈਨ ਹੈਲਪਲਾਈਨ 14567 ਜਾਰੀ
ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋੋਂ ਭਾਰਤ ਸਰਕਾਰ ਦੇ ਸਹਿਯੋਗ ਨਾਲ ਬਜ਼ੁਰਗਾਂ …
Punjab Post Daily Online Newspaper & Print Media