ਅੰਮ੍ਰਿਤਸਰ, 21 ਜੁਲਾਈ (ਸੁਖਬੀਰ ਸਿੰਘ) – ਜਾਰਡਨ ਵਿੱਚ ਹੋਈ ਕੈਡਿਟ ਐਂਡ ਜੂਨੀਅਰ ਏਸ਼ੀਅਨ ਜੂਡੋ ਚੈਂਪੀਅਨਸ਼ਿਪ ਦੌਰਾਨ ਜੂਨੀਅਰ ਦੇ 100 ਕਿਲੋਗ੍ਰਾਮ ਭਾਰ
ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੇ ਹਰਸ਼ ਸ਼ਰਮਾ ਦਾ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਹਵਾਈ ਅੱਡਾ ਰਾਜਾਸਾਂਸੀ ਪੁੱਜਣ `ਤੇ ਸ਼ਾਨਦਾਰ ਸਵਾਗਤ ਕੀਤਾ ਗਿਆ।ਹਵਾਈ ਅੱਡੇ ਪੁੱਜਣ `ਤੇ ਹਰਸ਼ ਸ਼ਰਮਾ ਨੂੰ ਹਾਰਾਂ ਨਾਲ ਲੱਦ ਦਿੱਤਾ ਗਿਆ, ਢੋਲ ਦੇ ਡਗੇ `ਤੇ ਭੰਗੜੇ ਪਾਏ ਗਏ ਤੇ ਲੱਡੂ ਵੰਡੇ ਗਏ।
ਹਰਸ਼ ਸ਼ਰਮਾ ਦੇ ਕੋਚ ਕਰਮਜੀਤ ਸਿੰਘ ਕਰਮਾ (ਗਰਿਪ ਐਂਡ ਗੇਨ ਫਿਟਨੈੱਟ ਸੈਂਟਰ) ਨੇ ਕਿਹਾ ਕਿ ਹਰਸ਼ ਸ਼ਰਮਾ ਨੇ ਕਾਂਸੀ ਦਾ ਤਗਮਾ ਜਿੱਤ ਕੇ ਆਪਣੇ ਮਾਪਿਆਂ, ਅੰਮ੍ਰਿਤਸਰ, ਸੂਬੇ ਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ।ਉਨ੍ਹਾਂ ਕਿਹਾ ਕਿ ਹਰਸ਼ ਸ਼ਰਮਾ ਇਸ ਤੋਂ ਪਹਿਲਾਂ ਵਰਲਡ ਯੂਨੀਵਰਿਸਟੀ ਤੇ ਏਸ਼ੀਅਨ ਕੱਪ ਵਿੱਚ ਵੀ ਹਿੱਸਾ ਲੈ ਚੁੱਕੇ ਹਨ।
ਹਰਸ਼ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਭਵਿੱਖ ਵਿੱਚ ਉਲੰਪਿਕ, ਏਸ਼ੀਅਨ ਤੇ ਕਾਮਨਵੈਲਥ ਖੇਡਾਂ ਵਿੱਚ ਦੇਸ਼ ਲਈ ਸੋਨ ਤਮਗਾ ਜਿੱਤਣ ਹੈ, ਜਿਸ ਦੇ ਲਈ ਉਹ ਸਖ਼ਤ ਅਭਿਆਸ ਕਰ ਰਹੇ ਹਨ।ਹਰਸ਼ ਸ਼ਰਮਾ ਦੇ ਪਿਤਾ ਇੰਸਪੈਕਟਰ ਪਵਨ ਕੁਮਾਰ (ਸਾਬਕਾ ਕੌਮਾਂਤਰੀ ਜੂਡੋ ਖਿਡਾਰੀ) ਨੇ ਕਿਹਾ ਕਿ ਉਹ ਆਸਵੰਦ ਹਨ ਕਿ ਹਰਸ਼ ਕੌਮਾਂਤਰੀ ਪੱਧਰ `ਤੇ ਢੇਰ ਸਾਰੇ ਤਮਗੇ ਜਿੱਤ ਕੇ ਦੇਸ਼ ਦੇ ਨੌਜਵਾਨਾਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰੇਗਾ ।
ਜਿਲ੍ਹਾ ਜੂਡੋ ਐਸੋਸ਼ੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਤੇ ਸਾਬਕਾ ਕੌਮਾਂਤਰੀ ਜੂਡੋ ਖਿਡਾਰੀ ਇੰਸਪੈਕਟਰ ਹਰਜਿੰਦਰ ਸਿੰਘ ਬਿਜਲੀ ਨੇ ਦੱਸਿਆ ਕਿ ਜਿਲ੍ਹਾ ਐਸੋਸੀਏਸ਼ਨ ਖਿਡਾਰੀਆਂ ਦੀ ਹਰ ਤਰ੍ਹਾਂ ਨਾਲ ਸਹਾਇਤਾ ਕਰ ਰਹੀ ਹੈ, ਤਾਂ ਜੋ ਅੰਮ੍ਰਿਤਰ `ਚ ਜੂਡੋ ਦੇ ਕੌਮਾਂਤਰੀ ਖਿਡਾਰੀ ਤਿਆਰ ਕੀਤੇ ਜਾ ਸਕਣ।
ਇਸ ਮੌਕੇ ਹਰਸ਼ ਸ਼ਰਮਾ ਦੇ ਦਾਦਾ ਜਨਕ ਰਾਜ, ਦਾਦੀ ਕਾਂਤਾ ਸ਼ਰਮਾ, ਮਾਤਾ ਅਨੂੰ ਸ਼ਰਮਾ, ਭੈਣ ਮੇਘਾ ਸ਼ਰਮਾ, ਭਰਾ (ਜੂਡੋ ਖਿਡਾਰੀ) ਕ੍ਰਿਸ਼ਨਾ ਸ਼ਰਮਾ ਤੋਂ ਇਲਾਵਾ ਸਾਬਕਾ ਕੌਮਾਂਤਰੀ ਜੂਡੋ ਖਿਡਾਰੀ ਇੰਸਪੈਕਟਰ ਜਿਲ੍ਹਾ ਜੂਡੋ ਐਸੋਸ਼ੀਏਸ਼ਨ ਅੰਮ੍ਰਿਤਸਰ ਦੇ ਕੈਸ਼ੀਅਰ ਬਲਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਜੂਡੋ ਖਿਡਾਰੀ ਲਖਵਿੰਦਰ ਸਿੰਘ ਲੱਖਾ, ਸਾਬਕਾ ਜੂਡੋ ਖਿਡਾਰੀ ਮਨੋਜ ਕੁਮਾਰ (ਡਾਕ ਵਿਭਾਗ), ਸੀਨੀਅਰ ਭਾਜਪਾ ਆਗੂ ਡਾ. ਜਤਿੰਦਰ ਬੱਧਣ, ਸੂਰਜ ਕੁਮਾਰ, ਸਾਹਿਲ ਕੁਮਾਰ, ਮਨਦੀਪ ਸਿੰਘ ਰਾਜੂ, ਜਗਜੀਤ ਸਿੰਘ ਜੱਗੀ, ਜੂਡੋ ਖਿਡਾਰੀ ਆਰਿਅਨ ਬੱਧਣ ਤੇ ਅਵਿਕ੍ਰਿਤ ਸਿੰਘ ਵੀ ਮੌਜ਼ੂਦ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media