ਅੰਮ੍ਰਿਤਸਰ, ੨੭ ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੁ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਾਮਨਵੈਲਥ ਐਜੂਕੇਸ਼ਨਲ ਮੀਡੀਆ ਸੈਂਟਰ ਫਾਰ ਏਸ਼ੀਆ
(ਸੀ.ਈ.ਐਮ.ਸੀ.ਏ) ਨਵੀਂ ਦਿੱਲੀ ਦੇ ਡਾਇਰੈਕਟਰ ਪ੍ਰੋ. ਬੀ.ਸ਼ਾਦਰਚ ਨਾਲ ਇੱਕ ਵਿਸ਼ੇਸ਼ ਇੰਟਰਐਕਟਿਵ ਸੈਸ਼ਨ ਕਰਵਾਇਆ ਗਿਆ।ਉੱਚ ਸਿੱਖਿਆ ਵਿੱਚ ਉੱਭਰ ਰਹੇ ਰੁਝਾਨਾਂ, ਡਿਜੀਟਲ ਤਬਦੀਲੀ, ਆਨਲਾਈਨ ਅਤੇ ਮਿਸ਼ਰਤ ਸਿੱਖਿਆ, ਖੋਜ, ਪਾਠਕ੍ਰਮ ਸੁਧਾਰ ਅਤੇ ਵਿਦਿਆਰਥੀਆਂ ਦੀ ਰੁਜ਼ਗਾਰਯੋਗਤਾ ਨਾਲ ਸਬੰਧਤ ਮਹੱਤਵਪੂਰਨ ਮੁੱਦਿਆਂ ‘ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ।
ਸੈਸ਼ਨ ਦੌਰਾਨ ਪ੍ਰੋ. ਹਰਵਿੰਦਰ ਸਿੰਘ ਸੈਣੀ ਡੀਨ ਅਕਾਦਮਿਕ ਮਾਮਲੇ, ਨੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ, ਪ੍ਰੋ. ਬੀ.ਸ਼ਾਦਰਚ ਅਤੇ ਹਾਜ਼ਰ ਅਧਿਆਪਕਾਂ ਦਾ ਸਵਾਗਤ ਕੀਤਾ।ਉਨ੍ਹਾਂ ਨੇ ਪ੍ਰੋ. ਸ਼ਾਦਰਚ ਦੀ ਜਾਣ-ਪਛਾਣ ਕਰਵਾਉਂਦਿਆਂ ਉੱਚ ਸਿੱਖਿਆ ਦੇ ਬਦਲਦੇ ਦ੍ਰਿਸ਼ ਅਤੇ ਡਿਜੀਟਲ ਤਬਦੀਲੀ ਦੇ ਸੰਦਰਭ ਵਿੱਚ ਇਸ ਇੰਟਰਐਕਟਿਵ ਸੈਸ਼ਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ।
ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਨੇ ਪ੍ਰੋ. ਬੀ.ਸ਼ਾਦਰਚ ਦੇ ਲਗਭਗ ਚਾਰ ਦਹਾਕਿਆਂ ‘ਤੇ ਆਧਾਰਿਤ ਵਿਲੱਖਣ ਅਕਾਦਮਿਕ ਅਤੇ ਪੇਸ਼ੇਵਰ ਤਜਰਬੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਿੱਖਿਆ ਤਕਨਾਲੋਜੀ, ਓਪਨ ਐਂਡ ਡਿਸਟੈਂਸ ਲਰਨਿੰਗ, ਡਿਜੀਟਲ ਤਬਦੀਲੀ ਅਤੇ ਸਮਰੱਥਾ ਨਿਰਮਾਣ ਦੇ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।ਉਨ੍ਹਾਂ ਦੱਸਿਆ ਕਿ ਪ੍ਰੋ. ਸ਼ਾਦਰਚ ਨੇ ਬ੍ਰਿਟਿਸ਼ ਕੌਂਸਲ, ਇੰਟਰਨੈਸ਼ਨਲ ਡਿਵੈਲਪਮੈਂਟ ਰਿਸਰਚ ਸੈਂਟਰ, ਕੈਨੇਡਾ ਅਤੇ ਕਾਮਨਵੈਲਥ ਆਫ਼ ਲਰਨਿੰਗ ਸਮੇਤ ਕਈ ਪ੍ਰਮੁੱਖ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਕੰਮ ਕੀਤਾ ਹੈ ਅਤੇ ੪੦ ਤੋਂ ਵੱਧ ਦੇਸ਼ਾਂ ਵਿੱਚ ਸਿੱਖਿਆ ਅਤੇ ਡਿਜ਼ੀਟਲ ਵਿਕਾਸ ਨਾਲ ਸਬੰਧਤ ਪਹਿਲਕਦਮੀਆਂ ਦੀ ਅਗਵਾਈ ਕੀਤੀ ਹੈ।
ਪ੍ਰੋ. ਬੀ. ਸ਼ਾਦਰਚ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਅਕਾਦਮਿਕ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦੀ ਕੈਟਾਗਰੀ-੧ ਗ੍ਰੇਡਿਡ ਆਟੋਨੋਮੀ ਅਧੀਨ ਅਕਾਦਮਿਕ ਵਿਕਾਸ ਦੀਆਂ ਵੱਡੀਆਂ ਸੰਭਾਵਨਾਵਾਂ ਮੌਜੂਦ ਹਨ।ਉਨ੍ਹਾਂ ਕਿਹਾ ਕਿ ਉੱਚ ਸਿੱਖਿਆ ਸੰਸਥਾਵਾਂ ਨੂੰ ਲਚਕੀਲੇ ਸਿੱਖਿਆ ਮਾਡਲ ਅਪਣਾਉਣ, ਉਦਯੋਗ ਨਾਲ ਸਹਿਯੋਗ ਮਜ਼ਬੂਤ ਕਰਨ ਅਤੇ ਅਧਿਆਪਨ-ਸਿੱਖਣ ਪ੍ਰਕਿਰਿਆ ਵਿੱਚ ਡਿਜੀਟਲ ਤਕਨਾਲੋਜੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸ਼ਾਮਲ ਕਰਨ ਦੀ ਲੋੜ ਹੈ।ਉਨ੍ਹਾਂ ਆਨਲਾਈਨ ਅਤੇ ਮਿਸ਼ਰਤ ਸਿੱਖਿਆ, ਮਾਈਕ੍ਰੋ-ਕ੍ਰੈਡੈਂਸ਼ੀਅਲ, ਵਰਚੁਅਲ ਲੈਬਾਰਟਰੀਆਂ, ਉਦਯੋਗ-ਕੇਂਦਰਿਤ ਪਾਠਕ੍ਰਮ ਅਤੇ ਜੀਵਨ ਭਰ ਸਿੱਖਿਆ ਦੇ ਮੌਕਿਆਂ ਨੂੰ ਉੱਚ ਸਿੱਖਿਆ ਦੀ ਗੁਣਵੱਤਾ ਅਤੇ ਪਹੁੰਚ ਵਧਾਉਣ ਲਈ ਮਹੱਤਵਪੂਰਨ ਦੱਸਿਆ।
ਪ੍ਰੋ. ਸ਼ਾਦਰਚ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਕਾਦਮਿਕ ਵਾਤਾਵਰਣ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਸੁਝਾਅ ਵੀ ਦਿੱਤੇ, ਜਿਨ੍ਹਾਂ ਵਿੱਚ ਆਨਲਾਈਨ ਸਿੱਖਿਆ ਦਾ ਵਿਸਥਾਰ, ਉਦਯੋਗ ਦੇ ਸਹਿਯੋਗ ਨਾਲ ਖੋਜ ਕੇਂਦਰਾਂ ਦੀ ਸਥਾਪਨਾ, ਛੋਟੇ ਸਮੇਂ ਦੇ ਹੁਨਰ-ਆਧਾਰਿਤ ਪ੍ਰੋਗਰਾਮਾਂ ਦਾ ਵਿਕਾਸ, ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਅਤੇ ਡਿਜੀਟਲ ਸਿੱਖਿਆ ਪਲੇਟਫਾਰਮਾਂ ਦੀ ਵਧੇਰੇ ਵਰਤੋਂ ਸ਼ਾਮਲ ਹਨ।
ਇਸ ਮੌਕੇ ਅਧਿਆਪਕਾਂ ਨੇ ਵੀ ਸਰਗਰਮੀ ਨਾਲ ਭਾਗ ਲੈਂਦਿਆਂ ਅਕਾਦਮਿਕ ਨਵੀਨਤਾ, ਡਿਜੀਟਲ ਸਿੱਖਿਆ, ਪਾਠਕ੍ਰਮ ਸੁਧਾਰ, ਖੋਜ ਅਤੇ ਅਕਾਦਮਿਕਤਾ ਤੇ ਉਦਯੋਗ ਦਰਮਿਆਨ ਨਜ਼ਦੀਕੀ ਸਹਿਯੋਗ ਰਾਹੀਂ ਵਿਦਿਆਰਥੀਆਂ ਦੀ ਰੁਜ਼ਗਾਰਯੋਗਤਾ ਵਧਾਉਣ ਸਬੰਧੀ ਪ੍ਰੋ. ਸ਼ਾਦਰਚ ਨਾਲ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ।
ਅੰਤ ਵਿੱਚ ਰਜਿਸਟਰਾਰ ਪ੍ਰੋ. ਕੇ.ਐਸ ਚਾਹਲ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਪ੍ਰੋ. ਬੀ.ਸ਼ਾਦਰਚ ਵੱਲੋਂ ਸਾਂਝੇ ਕੀਤੇ ਕੀਮਤੀ ਵਿਚਾਰਾਂ ਲਈ ਧੰਨਵਾਦ ਕੀਤਾ ਅਤੇ ਅਧਿਆਪਕਾਂ ਦੀ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕੀਤੀ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media