Wednesday, August 19, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੰਜਾਬੀ ਰਸਾਲਾ “ਹੁਣ” ਹੋਇਆ ਲੋਕ ਅਰਪਿਤ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬੀ ਦੀ ਸਾਹਿਤਕ ਪੱਤਰਕਾਰੀ ਵਿਚ ਵਿਸ਼ੇਸ਼ ਮੁਕਾਮ ਹਾਸਿਲ ਪੰਜਾਬੀ ਰਸਾਲੇ “ਹੁਣ” ਦਾ ੫੩ਵਾਂ ਅੰਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਖੇ ਲੋਕ ਅਰਪਿਤ ਕੀਤਾ ਗਿਆ।
ਜਨਵਾਦੀ ਲੇਖਕ ਸੰਗ ਦੇ ਸਹਿਯੋਗ ਨਾਲ ਹੋਏ ਇਸ ਸੰਖੇਪ ਪਰ ਅਰਥ ਭਰਭੂਰ ਸਮਾਗਮ ਦਾ ਆਗਾਜ਼ ਮਰਹੂਮ ਸ਼ਾਇਰ ਦੇਵ ਦਰਦ ਦੀ ਖੂਬਸੂਰਤ ਗਜ਼ਲ “ਖੁਸ਼ੀ ਸਭਨਾ ਲਈ ਖੁਦ ਵਾਸਤੇ ਅੰਗਿਆਰ ਮੰਗਦੇ ਨੇ, ਇਹ ਸ਼ਾਇਰ ਲੋਕ ਨੇ ਜੋ ਸੱਪਾਂ ਤੋਂ ਵੀ ਪਿਆਰ ਮੰਗਦੇ ਨੇ” ਨਾਲ ਕੀਤਾ।
“ਹੁਣ ਦੇ ੫੩ਵੇਂ ਅੰਕ ਦੀ ਆਮਦ ‘ਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਸਵਾਗਤੀ ਸਬਦ ਕਹਿੰਦਿਆਂ ਕਿਹਾ ਸਿਲੇਬਸ ਪਾਠ-ਪੁਸਤਕਾਂ ਦੇ ਨਾਲ-ਨਾਲ ਲਾਇਬ੍ਰੇਰੀਆਂ ਵਿੱਚ ਅਜਿਹੇ ਸਾਹਿਤਕ ਰਸਾਲੇ ਵੀ ਹੋਣੇ ਚਾਹੀਦੇ ਹਨ ਤਾਂ ਜੋ ਵਿਦਿਆਰਥੀ ਬੌਧਿਕ ਤੌਰ ਤੇ ਹੋਰ ਚੇਤਨਸ਼ੀਲ ਹੋਣ। ਕਿਉਂਕਿ ਲੋਕ ਸਾਹਿਤ ਹੀ ਬੰਦੇ ਅੰਦਰਲੀ ਭਟਕਣਾ ਨੂੰ ਠੱਲ ਪਾਉਂਦਾ ਹੈ।
ਸੀਨੀਅਰ ਪ੍ਰੋਫੈਸਰ ਡਾ. ਬਲਜੀਤ ਰਿਆੜ ਨੇ ਕਿਹਾ ਕਿ ਲੇਖਕ, ਪਾਠਕ ਅਤੇ ਪੁਸਤਕ ਨੂੰ ਇਕ ਸੂਤਰ ਵਿੱਚ ਪ੍ਰੋਣ ਲਈ ਹੁਣ ਵਰਗੇ ਰਸਾਲੇ ਸਾਹਿਤ ਵਿਚ ਸਲਾਹੁਣ ਯੋਗ ਭੂਮਿਕਾ ਅਦਾ ਕਰਦੇ ਹਨ।
ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਗੱਲ ਅੱਗੇ ਤੋਰਦਿਆਂ ਕਿਹਾ ਕਿ ਅਜੋਕੀ ਨੌਜਵਾਨ ਪੀੜ੍ਹੀ ਅੰਦਰ ਸੋਸ਼ਲ ਮੀਡੀਆ ਰਾਹੀਂ ਪਨਪੀ ਗੈਰ ਵਿਵਹਾਰਿਕ ਸਾਂਝ ਨੂੰ ਠੱਲ ਪਾਉਣ ਲਈ ਹੁਣ ਵਰਗੇ ਸਾਹਿਤਕ ਰਸਾਲੇ ਹੀ ਉਤਮ ਜ਼ਰੀਆ ਹਨ। ਕਥਾਕਾਰ  ਦੀਪ ਦੇਵਿੰਦਰ ਸਿੰਘ ਨੇ ਵਧਾਈ ਦਿੰਦਿਆ ਕਿਹਾ ਕਿ ਅਜਿਹੇ ਰਸਾਲੇ ਅਤੇ ਪੁਸਤਕਾਂ ਜਿਥੇ ਗਿਆਨ ਵੰਡਣ ਵਿਚ ਸਹਾਈ ਹੁੰਦੇ ਹਨ, ਉਥੇ ਲੇਖਕ ਦੀ ਸਥਾਪਤੀ ਦਾ ਸਬੱਬ ਵੀ ਬਣਦੇ ਹਨ।
ਰਸਾਲੇ ਦੇ ਸੰਪਾਦਕ ਅਤੇ ਸ਼ਾਇਰ ਸੁਸ਼ੀਲ ਦੁਸਾਂਝ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਹਿਤਕ ਰਸਾਲੇ ਅਤੇ ਪੁਸਤਕਾਂ ਪੜ੍ਹਨ ਦੀ ਚੇਟਕ ਬਰਕਰਾਰ ਰਖਣੀ ਚਾਹੀਦੀ
ਹੈ ਤਾਂ ਜੋ ਸਮਾਜ ਅੰਦਰਲੇ ਕੱਚ–ਸੱਚ ਨੂੰ ਪਛਾਣਦਿਆਂ ਬਹੁਮੁੱਲੀਆਂ ਮਾਨਵੀ ਕਦਰਾਂ ਕੀਮਤਾਂ ਬਰਕਰਾਰ ਰਹਿਣ।
ਇਸ ਮੌਕੇ ਡਾ ਰਾਜਵਿੰਦਰ ਕੌਰ, ਡਾ ਕੰਵਲਦੀਪ ਕੌਰ ਅਤੇ ਉਮਰਬੀਰ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …