ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ ਖਾਲਸਾ
ਕਾਲਜ ਦੇ ਸਹਿਯੋਗ ਨਾਲ ਵਿਸ਼ਵ ਫੋਟੋਗ੍ਰਾਫੀ ਦਿਵਸ ਦੇ ਸਬੰਧ ‘ਚ ਲੈਕਚਰ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਅਤੇ ਮੁੱਖ ਮਾਹਿਰ ਸੈਸ਼ਨ ਸੋਨੀ ਇੰਡੀਆ ਤੋਂ ਅਨਿਲ ਕੁਮਾਰ ਨੇ ਸ਼ਿਰਕਤ ਕੀਤੀ।ਇਹ ਭਾਸ਼ਣ ‘ਪਲ ਨੂੰ ਕੈਦ ਕਰੋ, ਆਪਣੀ ਕਹਾਣੀ ਸੁਣਾਓ’ ਵਿਸ਼ੇ ‘ਤੇ ਅਧਾਰਿਤ ਸੀ।
ਪ੍ਰਿੰ: ਡਾ. ਰੰਧਾਵਾ ਨੇ ਆਧੁਨਿਕ ਯੁੱਗ ‘ਚ ਵਿਜ਼ੂਅਲ ਕਮਿਊਨੀਕੇਸ਼ਨ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਵਿਦਿਆਰਥੀਆਂ ਨੂੰ ਅਜਿਹੇ ਅਕਾਦਮਿਕ ਅਤੇ ਉਦਯੋਗਿਕ ਖੇਤਰ ਨਾਲ ਜੁੜੇ ਸੰਵਾਦਾਂ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਆਪਣੇ ਪੇਸ਼ੇਵਰ ਗਿਆਨ ਤੇ ਰਚਨਾਤਮਕਤਾ ਨੂੰ ਨਿਖਾਰਨ ਲਈ ਉਤਸ਼ਾਹਿਤ ਕੀਤਾ।
ਕੁਮਾਰ ਨੇ ਵਿਦਿਆਰਥੀਆਂ ਨੂੰ ਫੋਟੋਗ੍ਰਾਫੀ ਦੇ ਬੁਨਿਆਦੀ ਅਤੇ ਵਿਹਾਰਕ ਪੱਖਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕੈਮਰਾ ਹੈਂਡਲਿੰਗ, ਫਰੇਮਿੰਗ, ਕੰਪੋਜ਼ੀਸ਼ਨ, ਲਾਈਟਿੰਗ ਤਕਨੀਕਾਂ ਅਤੇ ਵਿਜ਼ੂਅਲ ਸਟੋਰੀਟੈਲਿੰਗ ਵਰਗੇ ਮਹੱਤਵਪੂਰਨ ਵਿਸ਼ਿਆਂ ‘ਤੇ ਚਰਚਾ ਕੀਤੀ ਗਈ।ਉਨ੍ਹਾਂ ਕਿਹਾ ਕਿ ਫੋਟੋਗ੍ਰਾਫੀ ਸਿਰਫ਼ ਤਸਵੀਰਾਂ ਖਿੱਚਣ ਦਾ ਨਾਮ ਨਹੀਂ, ਸਗੋਂ ਇਹ ਭਾਵਨਾਵਾਂ ਨੂੰ ਸੰਭਾਲਣ, ਪਲਾਂ ਨੂੰ ਦਸਤਾਵੇਜ਼ਬੱਧ ਕਰਨ ਅਤੇ ਤਸਵੀਰਾਂ ਰਾਹੀਂ ਪ੍ਰਭਾਵਸ਼ਾਲੀ ਕਹਾਣੀਆਂ ਲੋਕਾਂ ਤੱਕ ਪਹੁੰਚਾਉਣ ਦੀ ਕਲਾ ਹੈ।ਉਨ੍ਹਾਂ ਵਿਦਿਆਰਥੀਆਂ ਨਾਲ ਵਿਹਾਰਕ ਸੁਝਾਅ ਸਾਂਝੇ ਕਰਦਿਆਂ ਕਿਹਾ ਕਿ ਸਹੀ ਫਰੇਮਿੰਗ, ਰੌਸ਼ਨੀ ਅਤੇ ਕੰਪੋਜ਼ੀਸ਼ਨ ਇਕ ਆਮ ਪਲ ਨੂੰ ਵੀ ਪ੍ਰਭਾਵਸ਼ਾਲੀ ਵਿਜ਼ੂਅਲ ਕਹਾਣੀ ‘ਚ ਬਦਲ ਸਕਦੇ ਹਨ।
ਇਸ ਤੋਂ ਪਹਿਲਾਂ ਵਿਭਾਗ ਮੁੱਖੀ ਡਾ. ਸਾਨੀਆ ਮਰਵਾਹਾ ਨੇ ਆਏ ਮਹਿਮਾਨਾਂ ਦਾ ਫੁੱਲਾਂ ਦਾ ਗੁਲਦਸਤਾ ਭੇਂਟ ਕਰਨ ਉਪਰੰਤ ਪੱਤਰਕਾਰੀ ਅਤੇ ਜਨ-ਸੰਚਾਰ ਦੇ ਖੇਤਰ ‘ਚ ਫੋਟੋਗ੍ਰਾਫੀ ਦੀ ਵੱਧ ਰਹੀ ਮਹੱਤਤਾ ‘ਤੇ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ‘ਵਰਸਿਟੀ ਅਤੇ ਖਾਲਸਾ ਕਾਲਜ ਵੱਲੋਂ ਕੀਤੀ ਗਈ ਇਹ ਸਾਂਝੀ ਪਹਿਲ ਵਿਦਿਆਰਥੀਆਂ ਲਈ ਬੇਹੱਦ ਲਾਹੇਵੰਦ ਸਾਬਤ ਹੋਈ।
ਇਸ ਮੌਕੇ ਵਿਭਾਗ ਅਧਿਆਪਕਾਂ ਤੋਂ ਇਲਾਵਾ ਵਿਦਿਆਰਥੀ ਵੀ ਹਾਜ਼ਰ ਸਨ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media