ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ ਨਹੀਂ ਰਹੀ, ਸਗੋਂ ਸਾਲ ਭਰ ਲੋਕਾਂ ਦੀ ਸਿਹਤ ਲਈ ਗੰਭੀਰ ਚਿੰਤਾ ਬਣਦਾ ਜਾ ਰਿਹਾ
ਹੈ।ਇਸ ਨੂੰ ਦੇਖਦੇ ਹੋਏ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ), ਅੰਮ੍ਰਿਤਸਰ ਚੈਪਟਰ ਅਤੇ ਕਲੀਨ ਏਅਰ ਪੰਜਾਬ ਵੱਲੋਂ ਲੋਕਾਂ ਲਈ ਸਿਹਤ ਸਲਾਹ ਜਾਰੀ ਕੀਤੀ ਗਈ ਹੈ।ਇਸ ਵਿੱਚ ਬੱਚਿਆਂ, ਬਜ਼ੁਰਗਾਂ, ਸਾਹ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ, ਗਰਭਵਤੀ ਔਰਤਾਂ ਅਤੇ ਬਾਹਰ ਕੰਮ ਕਰਨ ਵਾਲੇ ਲੋਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।
ਇਹ ਸਲਾਹ ਅੰਮ੍ਰਿਤਸਰ ਵਿੱਚ ਪਿਛਲੇ ਕੁੱਝ ਮਹੀਨਿਆਂ ਦੌਰਾਨ ਕੀਤੇ ਗਏ ਭਾਈਚਾਰਕ ਅਤੇ ਮੈਡੀਕਲ ਅਧਿਐਨ ’ਤੇ ਆਧਾਰਿਤ ਹੈ।ਇਸ ਵਿੱਚ 300 ਤੋਂ ਵੱਧ ਲੋਕਾਂ ਦੇ ਸਰਵੇਖਣ ਅਤੇ ਜੁਲਾਈ ਵਿੱਚ ਆਈ.ਐਮ.ਏ ਅੰਮ੍ਰਿਤਸਰ ਨਾਲ ਹੋਈ ਮੀਟਿੰਗ ਦੌਰਾਨ 50 ਤੋਂ ਵੱਧ ਡਾਕਟਰਾਂ ਦੀ ਰਾਏ ਨੂੰ ਸ਼ਾਮਲ ਕੀਤਾ ਗਿਆ।ਇਨ੍ਹਾਂ ਨਤੀਜਿਆਂ ਦੀ ਤੁਲਨਾ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਹਵਾ ਗੁਣਵੱਤਾ ਸਬੰਧੀ ਅੰਕੜਿਆਂ ਨਾਲ ਵੀ ਕੀਤੀ ਗਈ।
ਸਰਵੇਖਣ ਵਿੱਚ 44 ਫੀਸਦੀ ਲੋਕਾਂ ਨੇ ਪ੍ਰਦੂਸ਼ਣ ਵਧਣ ਦੌਰਾਨ ਸਿਹਤ ਸਬੰਧੀ ਲੱਛਣਾਂ ਵਿੱਚ ਵਾਧਾ ਹੋਣ ਦੀ ਗੱਲ ਕਹੀ।ਇਸੇ ਤਰ੍ਹਾਂ 95 ਫੀਸਦੀ ਸਿਹਤ ਮਾਹਿਰਾਂ ਨੇ ਖਰਾਬ ਹਵਾ ਗੁਣਵੱਤਾ ਦੌਰਾਨ ਮਰੀਜ਼ਾਂ ਦੀ ਗਿਣਤੀ ਵਧਣ ਦੀ ਜਾਣਕਾਰੀ ਦਿੱਤੀ।75 ਫੀਸਦੀ ਤੋਂ ਵੱਧ ਡਾਕਟਰਾਂ ਨੇ ਗੰਭੀਰ ਪ੍ਰਦੂਸ਼ਣ ਦੌਰਾਨ ਐਮਰਜੈਂਸੀ ਮਾਮਲਿਆਂ ਵਿੱਚ ਵੀ ਵਾਧਾ ਦਰਜ ਕੀਤਾ।
ਆਈ.ਐਮ.ਏ ਅੰਮ੍ਰਿਤਸਰ ਦੀ ਪ੍ਰਧਾਨ ਡਾ. ਅੰਮ੍ਰਿਤਾ ਰਾਣਾ ਨੇ ਕਿਹਾ ਕਿ ਇਸ ਸਿਹਤ ਸਲਾਹ ਦਾ ਮਕਸਦ ਲੋਕਾਂ ਨੂੰ ਸਧਾਰਨ ਅਤੇ ਅਮਲੀ ਜਾਣਕਾਰੀ ਦੇਣਾ ਹੈ, ਖਾਸ ਕਰਕੇ ਉਨ੍ਹਾਂ ਲੋਕਾਂ ਲਈ ਜੋ ਪ੍ਰਦੂਸ਼ਣ ਪ੍ਰਤੀ ਵਧੇਰੇ ਸੰਵੇਦਨਸ਼ੀਲ ਹਨ।
ਅਸਰ ਸੋਸ਼ਲ ਇੰਪੈਕਟ ਐਡਵਾਈਜ਼ਰਜ਼ ਦੀ ਡਾਇਰੈਕਟਰ (ਕਲਾਈਮੇਟ ਐਕਸ਼ਨ) ਸਨਮ ਸੁਤੀਰਥ ਵਜ਼ੀਰ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਸਿਰਫ਼ ਵਾਤਾਵਰਣ ਜਾਂ ਸਰਦੀਆਂ ਨਾਲ ਜੁੜੀ ਸਮੱਸਿਆ ਨਹੀਂ, ਸਗੋਂ ਇੱਕ ਗੰਭੀਰ ਜਨਤਕ ਸਿਹਤ ਚੁਣੌਤੀ ਹੈ।
ਸਲਾਹ ਵਿੱਚ ਕਸਰਤ ਜਾਂ ਲੰਬੇ ਸਮੇਂ ਲਈ ਬਾਹਰ ਜਾਣ ਤੋਂ ਪਹਿਲਾਂ ਏ.ਕਿਊ.ਆਈ ਦੀ ਜਾਂਚ, ਧੂੰਏਂ, ਖੁੱਲ੍ਹੇ ਵਿੱਚ ਕੂੜਾ ਸਾੜਨ, ਜਿਆਦਾ ਟ੍ਰੈਫਿਕ ਵਾਲੇ ਇਲਾਕਿਆਂ ਅਤੇ ਉਸਾਰੀ ਕਾਰਜ਼ਾਂ ਤੋਂ ਉਡਣ ਵਾਲੀ ਧੂੜ ਤੋਂ ਬਚਣ ਅਤੇ ਘਰ ਅੰਦਰ ਸਿਗਰਟਨੋਸ਼ੀ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।
ਕਲੀਨ ਏਅਰ ਪੰਜਾਬ ਦੀ ਸਟੇਟ ਹੈਡ ਗੁਰਪ੍ਰੀਤ ਕੌਰ ਨੇ ਕਿਹਾ, “ਇਸ ਸਲਾਹ ਦਾ ਮਕਸਦ ਪ੍ਰਦੂਸ਼ਣ ਵਧਣ ’ਤੇ ਲੋਕਾਂ ਨੂੰ ਸਪੱਸ਼ਟ ਦਿਸ਼ਾ-ਨਿਰਦੇਸ਼ ਦੇਣਾ ਹੈ।ਹਾਲਾਂਕਿ, ਇਹ ਪ੍ਰਦਸ਼ੂਣ ਦੇ ਸਰੋਤਾਂ ਨੂੰ ਕੰਟਰੋਲ ਕਰਨ ਲਈ ਕੀਤੇ ਜਾਣ ਵਾਲੇ ਯਤਨਾਂ ਦਾ ਬਦਲ ਨਹੀਂ ਹੋ ਸਕਦੀ।”
ਡਾਕਟਰਾਂ ਅਨੁਸਾਰ ਪ੍ਰਦੂਸ਼ਣ ਨਾਲ ਜੁੜੀਆਂ ਸਿਹਤ ਸਮੱਸਿਆਵਾਂ ਵਿੱਚ 10 ਤੋਂ 25 ਫੀਸਦੀ ਤੱਕ ਵਾਧਾ ਦੇਖਿਆ ਗਿਆ ਹੈ।ਇਸ ਦੌਰਾਨ ਨੇਬੁਲਾਈਜ਼ੇਸ਼ਨ, ਇਨਹੇਲਰ ਅਤੇ ਆਕਸੀਜਨ ਸਹਾਇਤਾ ਦੀ ਮੰਗ ਵੀ ਵਧ ਜਾਂਦੀ ਹੈ।ਕਈ ਮਰੀਜ਼ ਪ੍ਰਦੂਸ਼ਣ ਦਾ ਅਸਰ ਹੋਣ ਤੋਂ ਕੁੱਝ ਦਿਨ ਬਾਅਦ, ਲੱਛਣ ਗੰਭੀਰ ਹੋਣ ’ਤੇ ਇਲਾਜ ਲਈ ਪਹੁੰਚਦੇ ਹਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media