ਅੰਮ੍ਰਿਤਸਰ, 28 ਅਕਤੂਬਰ (ਸੁਖਬੀਰ ਸਿਮਘ ਖੂਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼, ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੂੰ ਨਾਨਾਜੀ ਦੇਸ਼ਮੁਖ ਵੈਟਰਨਰੀ ਸਾਇੰਸ ਯੂਨੀਵਰਸਿਟੀ, ਜਬਲਪੁਰ ਦੀ ਐਕਸਟੈਂਸ਼ਨ ਕੌਂਸਲ ਦੇ ਵਿਸ਼ੇਸ਼ ਸੱਦੇ ’ਤੇ ਸ਼ਾਮਿਲ ਹੋਣ ਵਾਲੇ ਮੈਂਬਰ ਵਜੋਂ ਦੋ ਸਾਲਾਂ (ਅਕਤੂਬਰ 2026 ਤੋਂ ਅਕਤੂਬਰ 2028 ਤੱਕ) ਲਈ ਨਾਮਜ਼ਦ ਕੀਤਾ ਗਿਆ।ਇਹ ਨਾਮਜ਼ਦਗੀ ਵੈਟਰਨਰੀ ਅਤੇ ਪਸ਼ੂ ਵਿਗਿਆਨ ਦੇ ਖੇਤਰ ’ਚ ਉਨ੍ਹਾਂ ਦੀ ਪੇਸ਼ੇਵਰ ਸਾਂਝ, ਯੋਗਦਾਨ ਅਤੇ ਸੰਸਥਾਗਤ ਤੇ ਪਸਾਰ ਗਤੀਵਿਧੀਆਂ ’ਚ ਸਰਗਰਮ ਸ਼ਮੂਲੀਅਤ ਨੂੰ ਮਾਨਤਾ ਦਿੰਦੀ ਹੈ।
ਡਾ. ਵਰਮਾ ਪਹਿਲਾਂ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਲੁਧਿਆਣਾ ਵਿਖੇ ਡਾਇਰੈਕਟਰ ਪਸਾਰ ਸਿੱਖਿਆ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ।ਉਹ ਇਸ ਤੋਂ ਪਹਿਲਾਂ ਕਈ ਨਾਮਵਰ ਸੰਸਥਾਵਾਂ ਅਤੇ ਸੰਗਠਨਾਂ ਨਾਲ ਵੱਖ-ਵੱਖ ਅਹੱੁਦਿਆਂ ’ਤੇ ਮੈਂਬਰ ਅਤੇ ਵਿਸ਼ੇਸ਼ ਸੱਦੇ ’ਤੇ ਸ਼ਾਮਿਲ ਹੋਣ ਵਾਲੇ ਮੈਂਬਰ ਵਜੋਂ ਜੁੜੇ ਰਹੇ ਹਨ।ਇਨ੍ਹਾਂ ’ਚ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ, ਸੀ.ਐਸ.ਕੇ ਹਿਮਾਚਲ ਪ੍ਰਦੇਸ਼ ਕ੍ਰਿਸ਼ੀ ਵਿਸ਼ਵ ਵਿਦਿਆਲਿਆ, ਪਾਲਮਪੁਰ (ਹਿਮਾਚਲ ਪ੍ਰਦੇਸ਼), ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ਼ ਐਗਰੀਕਲਚਰਲ ਸਾਇੰਸਿਜ਼ ਐਂਡ ਟੈਕਨਾਲੋਜੀ ਜੰਮੂ ਅਤੇ ਮਿਲਕਫੈਡ ਪੰਜਾਬ ਸ਼ਾਮਿਲ ਹਨ।
ਇਸ ਨਾਮਜ਼ਦਗੀ ਨਾਲ ਵੈਟਰਨਰੀ ਵਿਗਿਆਨ ਅਤੇ ਡੇਅਰੀ ਖੇਤਰ ’ਚ ਕੰਮ ਕਰ ਰਹੀਆਂ ਸੰਸਥਾਵਾਂ ਨਾਲ ਡਾ. ਵਰਮਾ ਦੀ ਪੇਸ਼ੇਵਰ ਸਾਂਝ ਹੋਰ ਮਜ਼ਬੂਤ ਹੋਈ ਹੈ।ਇਸ ਤੋਂ ਇਲਾਵਾ ਡਾ. ਵਰਮਾ ਸੋਸਾਇਟੀ ਫਾਰ ਵੈਟਰਨਰੀ ਐਂਡ ਐਨੀਮਲ ਹਸਬੈਂਡਰੀ ਐਕਸਟੈਂਸ਼ਨ ਦੇ ਪ੍ਰਧਾਨ ਵੀ ਹਨ।ਇਹ ਇਕ ਕੌਮੀ ਪੱਧਰ ਦੀ ਪੇਸ਼ੇਵਰ ਸੰਸਥਾ ਹੈ, ਜਿਸ ਦੇ ਪੂਰੇ ਭਾਰਤ ’ਚ 200 ਤੋਂ ਵਧੇਰੇ ਮੈਂਬਰ ਹਨ।
ਇਸ ਸੰਸਥਾ ਵੱਲੋਂ ਦੇਸ਼ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ’ਚ 6 ਕੌਮੀ ਅਤੇ ਇਕ ਕੌਮਾਂਤਰੀ ਕਾਨਫਰੰਸ ਦਾ ਆਯੋਜਨ ਕੀਤਾ ਜਾ ਚੁੱਕਾ ਹੈ।ਇਨ੍ਹਾਂ ਕਾਨਫਰੰਸਾਂ ਦਾ ਆਯੋਜਨ ਜੰਮੂ, ਲੁਧਿਆਣਾ (ਪੰਜਾਬ), ਪਾਲਮਪੁਰ (ਹਿਮਾਚਲ ਪ੍ਰਦੇਸ਼), ਪੰਤਨਗਰ (ਉੱਤਰਾਖੰਡ), ਇੰਦੌਰ (ਮੱਧ ਪ੍ਰਦੇਸ਼), ਅੰਮ੍ਰਿਤਸਰ (ਪੰਜਾਬ) ਅਤੇ ਓਰਾਥਨਾਡੂ (ਤਾਮਿਲਨਾਡੂ) ਵਿਖੇ ਕੀਤਾ ਗਿਆ।ਇਹ ਪ੍ਰਾਪਤੀਆਂ ਵੈਟਰਨਰੀ ਅਤੇ ਪਸ਼ੂ ਪਾਲਣ ਪਸਾਰ ਸਿੱਖਿਆ ਦੇ ਖੇਤਰ ’ਚ ਡਾ. ਵਰਮਾ ਦੀ ਸਰਗਰਮ ਭੂਮਿਕਾ ਅਤੇ ਪੇਸ਼ੇਵਰ ਯੋਗਦਾਨ ਨੂੰ ਦਰਸਾਉਂਦੀਆਂ ਹਨ।
Check Also
ਖ਼ਾਲਸਾ ਯੂਨੀਵਰਸਿਟੀ ਵਿਖੇ ਵਿਹਾਰਕ ਸਿੱਖਿਆ ਸਬੰਧੀ ਸੈਮੀਨਾਰ
ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ ਖੂਰਮਣੀਆਂ) – ਵਿਦਿਆਰਥੀਆਂ ਨੂੰ ਕਲਾਸਰੂਮ ਦੀ ਸਿੱਖਿਆ ਤੋਂ ਅਗਾਂਹ ਵਧ …
Punjab Post Daily Online Newspaper & Print Media