ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਅਮਰੀਕਾ ਦੀ ਸੰਸਥਾ ਆਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਅੰਮ੍ਰਿਤਸਰ ਦੇ ਸਾਂਝੇ ਉਪਰਾਲੇ ਸਦਕਾ ਸ੍ਰੀ ਗੁਰੂ ਰਾਮ ਦਾਸ ਚੈਰੀਟੇਬਲ ਹਸਪਤਾਲ ਵਿਖੇ ਆਰਥਿਕ ਤੌਰ `ਤੇ ਕਮਜ਼ੋਰ ਵਰਗਾਂ ਨਾਲ ਸਬੰਧਤ ਮਰੀਜ਼ਾਂ ਦੇ ਗੋਡੇ ਬਦਲਣ ਦੇ 53 ਮੁਫ਼ਤ ਆਪ੍ਰੇਸ਼ਨ ਸਫ਼ਲਤਾਪੂਰਵਕ ਕੀਤੇ ਗਏ।ਗੋਡਿਆਂ ਦੀ ਗੰਭੀਰ ਸਮੱਸਿਆ ਕਾਰਨ ਤੁਰਨ-ਫਿਰਨ ਤੋਂ ਅਸਮਰੱਥ ਅਤੇ ਮਹਿੰਗੇ ਇਲਾਜ਼ ਦਾ ਖ਼ਰਚਾ ਨਾ ਚੁੱਕ ਸਕਣ ਵਾਲੇ ਮਰੀਜ਼ਾਂ ਦੀ ਮਦਦ ਕੀਤੀ ਗਈ।ਅਮਰੀਕਾ ਦੀ ਚੈਰੀਟੇਬਲ ਸੰਸਥਾ ਆਪਰੇਸ਼ਨ ਵਾਕ ਮਿਡ ਐਟਲਾਂਟਿਕ ਦੇ ਡਾ. ਹਰਪਾਲ ਸਿੰਘ ਖਨੂਜਾ ਨੇ ਕਿਹਾ ਕਿ ਸਾਡਾ ਮਕਸਦ ਆਰਥਿਕ ਰੁਕਾਵਟਾਂ ਨੂੰ ਦੂਰ ਕਰਕੇ, ਲੋੜਵੰਦਾਂ ਲਈ ਇਲਾਜ ਦੇ ਦਰਵਾਜ਼ੇ ਖੋਲ੍ਹਣਾ ਹੈ।ਇਸ ਪਹਿਲਕਦਮੀ ਤਹਿਤ ਆਰਥਿਕ ਤੌਰ `ਤੇ ਕਮਜ਼ੋਰ ਮਰੀਜ਼ਾਂ ਦੇ ਇਲਾਜ਼ ਨਾਲ ਸਬੰਧਤ ਸਾਰੇ ਖਰਚੇ ਦੋਵਾਂ ਸੰਸਥਾਵਾਂ ਵੱਲੋਂ ਉਠਾਏ ਗਏ।ਇਸ ਵਿੱਚ ਸਰਜਰੀ ਦਾ ਖ਼ਰਚਾ, ਗੋਡੇ ਬਦਲਣ ਲਈ ਵਰਤੇ ਜਾਣ ਵਾਲੇ ਇੰਪਲਾਂਟ, ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਇੱਕ ਮਹੀਨੇ ਤੱਕ ਦੀਆਂ ਦਵਾਈਆਂ ਅਤੇ ਮਰੀਜ਼ਾਂ ਨੂੰ ਚੱਲਣ-ਫਿਰਨ ਅਤੇ ਮੁੜ ਵਸੇਬੇ ‘ਚ ਸਹਾਇਤਾ ਦੇਣ ਲਈ ਵਾਕਰ ਸ਼ਾਮਲ ਸਨ।ਗੋਡੇ ਬਦਲਣ ਦੀਆਂ ਸਰਜਰੀਆਂ ਲਈ ਜ਼ਿਮਰ ਬਾਇਓਮੈਟ ਦੇ ਇੰਪਲਾਂਟ ਦੀ ਵਰਤੋਂ ਕੀਤੀ ਗਈ।ਉਨ੍ਹਾਂ ਦੱਸਿਆ ਕਿ ਅਮਰੀਕਾ ਤੋਂ ਆਪਰੇਸ਼ਨ ਵਾਕ ਮਿਡ ਐਟਲਾਂਟਿਕ ਦੇ 49 ਮੈਂਬਰੀ ਇਸ ਵਫ਼ਦ ਵਿੱਚ ਡਾਕਟਰ, ਨਰਸਾਂ, ਫਿਜ਼ੀਕਲ ਥੈਰੇਪਿਸਟ ਅਤੇ ਵਲੰਟੀਅਰ ਸ਼ਾਮਲ ਸਨ।ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਆਰਥੋਪੀਡਿਕਸ ਅਤੇ ਐਨੇਸਥੀਜ਼ਿਓਲੋਜੀ ਵਿਭਾਗਾਂ ਦੇ ਮਾਹਿਰਾਂ ਦੇ ਤਾਲਮੇਲ ਨੇ ਅਹਿਮ ਭੂਮਿਕਾ ਨਿਭਾਈ। ਦੋਵਾਂ ਵਿਭਾਗਾਂ ਦੇ ਫੈਕਲਟੀ ਮੈਂਬਰਾਂ, ਮੈਡੀਕਲ ਮਾਹਿਰਾਂ ਅਤੇ ਸਹਾਇਕ ਸਟਾਫ਼ ਨੇ ਆਏ ਹੋਏ ਵਫ਼ਦ ਨਾਲ ਮਿਲ ਕੇ ਪੂਰੀ ਲਗਨ ਅਤੇ ਤਾਲਮੇਲ ਨਾਲ ਕੰਮ ਕੀਤਾ। ਉਨ੍ਹਾਂ ਦੇ ਯੋਗਦਾਨ ਸਦਕਾ ਸਾਰੀਆਂ ਸਰਜਰੀਆਂ ਨੂੰ ਸਫ਼ਲਤਾਪੂਰਵਕ ਸੰਪੰਨ ਕਰਨ ਵਿੱਚ ਮਹੱਤਵਪੂਰਨ ਸਹਾਇਤਾ ਮਿਲੀ।
ਹੈਲਥ ਸਾਇੰਸਿਜ਼ ਦੇ ਡੀਨ ਡਾ. ਏ.ਪੀ ਸਿੰਘ ਨੇ ਦੱਸਿਆ ਕਿ ਸਿੱਖਾਂ ਦੀ ਇਸ ਮੈਡੀਕਲ ਸੰਸਥਾ ਵਿੱਚ ਜਿਥੇ ਬਹੁਤ ਘੱਟ ਖਰਚੇ ‘ਤੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ, ਉਥੇ ਲੋੜਵੰਦ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ।ਅਮਰੀਕਾ ਦੀ ਇਸ ਸੰਸਥਾ ਦੇ ਸਹਿਯੋਗ ਨਾਲ ਬੀਤੇ ਸਾਲ ਵੀ 39 ਲੋੜਵੰਦ ਮਰੀਜ਼ਾਂ ਦੇ ਮੁਫ਼ਤ ਆਪਰੇਸ਼ਨ ਕੀਤੇ ਗਏ ਸਨ, ਅਤੇ ਇਸ ਸਾਲ 53 ਮਰੀਜ਼ਾਂ ਦਾ ਸਫ਼ਲ ਇਲਾਜ਼ ਕੀਤਾ ਗਿਆ ਹੈ।
ਇਸ ਮੌਕੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਡੀਨ ਡਾ. ਏ.ਪੀ ਸਿੰਘ, ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਉੱਪਲ, ਡਾ. ਰਾਜ ਕੁਮਾਰ, ਆਪਰੇਸ਼ਨ ਵਾਕ ਮਿਡ ਐਟਲਾਂਟਿਕ ਦੇ ਡਾ. ਹਰਪਾਲ ਖਨੂਜਾ, ਮਾਰੀਆ, ਡਾ. ਦਲਜੀਤ, ਡਾ. ਸੀਮਾ, ਡਾ. ਵਿਕੇਕ ਸੂਦ, ਡਾ. ਪਰਮਜੋਤ ਬਿੰਦਰਾ ਸਮੇਤ ਕਈ ਹੋਰ ਮੌਜ਼ੂਦ ਸਨ।
Check Also
ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …
Punjab Post Daily Online Newspaper & Print Media