ਅੰਮ੍ਰਿਤਸਰ, 29 ਅਕਤੂਬਰ (ਸੁਖਬੀਰ ਸਿੰਘ ਖੂਰਮਣੀਆਂ) – ਖਾਲਸਾ ਯੂਨੀਵਰਸਿਟੀ ਵੱਲੋਂ ਅਕਾਦਮਿਕ ਉੱਤਮਤਾ, ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਅਤੇ
ਵਿਦਿਆਰਥੀਆਂ ਨੂੰ ਭਵਿੱਖ ਦੇ ਰੋਜ਼ਗਾਰ ਸਬੰਧੀ ਤਿਆਰ ਕਰਨ ਦੇ ਮਕਸਦ ਨਾਲ ਆਰਟਸ ਐਂਡ ਸੋਸ਼ਲ ਸਾਇੰਸਿਜ਼ ਅਧੀਨ ਮੁਕਾਬਲਾ ਪ੍ਰੀਖਿਆ ਅਧਿਐਨ ਕੇਂਦਰ (ਕੰਪੀਟੀਟਿਵ ਸਟੱਡੀਜ਼ ਸੈਂਟਰ) ਦੀ ਸ਼ੁਰੂਆਤ ਕੀਤੀ ਗਈ।ਜਿਸ ਦਾ ਉਦਘਾਟਨ ’ਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ.) ਮਹਿਲ ਸਿੰਘ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ।
ਵਿਦਿਆਰਥੀਆਂ ਨੂੰ ਭਵਿੱਖ ਦੇ ਰੋਜ਼ਗਾਰ ਸਬੰਧੀ ਤਿਆਰ ਕਰਨ ਦੇ ਮਕਸਦ ਨਾਲ ਆਰਟਸ ਐਂਡ ਸੋਸ਼ਲ ਸਾਇੰਸਿਜ਼ ਅਧੀਨ ਮੁਕਾਬਲਾ ਪ੍ਰੀਖਿਆ ਅਧਿਐਨ ਕੇਂਦਰ (ਕੰਪੀਟੀਟਿਵ ਸਟੱਡੀਜ਼ ਸੈਂਟਰ) ਦੀ ਸ਼ੁਰੂਆਤ ਕੀਤੀ ਗਈ।ਜਿਸ ਦਾ ਉਦਘਾਟਨ ’ਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ.) ਮਹਿਲ ਸਿੰਘ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਡਾ. ਮਹਿਲ ਸਿੰਘ ਨੇ ਕੇਂਦਰ ਦੇ ਮਾਸਿਕ ਬੁਲੇਟਿਨ ‘ਦ ਕੰਪੀਟੀਟਿਵ ਐੱਜ’ ਦੇ ਪਲੇਠੇ ਅੰਕ ਦੀ ਘੁੰਡ ਚੁੱਕਾਈ ਵੀ ਕੀਤੀ।ਉਨ੍ਹਾਂ ਕੇਂਦਰ ਅਤੇ ਪਹਿਲੇ ਅੰਕ ਦੇ ਸਫ਼ਲ ਪ੍ਰਕਾਸ਼ਨ ਸਬੰਧੀ ਆਰਟਸ ਐਂਡ ਸੋਸ਼ਲ ਸਾਇੰਸਿਜ਼ ਡੀਨ ਡਾ. ਸੁਰਿੰਦਰ ਕੌਰ, ਡਾ. ਦੀਪਿਕਾ ਕੋਹਲੀ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਇਸ ਪਹਿਲ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਨੂੰ ਮਜ਼ਬੂਤ ਕਰਨ ਅਤੇ ਵਿਦਿਆਰਥੀਆਂ ’ਚ ਆਤਮ-ਵਿਸ਼ਵਾਸ, ਅਨੁਸ਼ਾਸਨ ਤੇ ਲੋੜੀਂਦੇ ਹੁਨਰ ਵਿਕਸਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਦੱਸਿਆ।ਉਨ੍ਹਾਂ ਵਿਦਿਆਰਥੀਆਂ ਨੂੰ ਨਿਯਮਿਤ ਅਧਿਐਨ ਦੀ ਆਦਤ ਪਾਉਣ, ਸਮਕਾਲੀ ਘਟਨਾਵਾਂ ਸਬੰਧੀ ਜਾਣਕਾਰੀ ਰੱਖਣ ਲਈ ਪ੍ਰੇਰਿਤ ਕੀਤਾ।
ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਅਕਾਦਮਿਕ ਗਿਆਨ ਦੇ ਨਾਲ-ਨਾਲ ਅਨੁਸ਼ਾਸਨ, ਨੈਤਿਕ ਕਦਰਾਂ-ਕੀਮਤਾਂ ਅਤੇ ਜੀਵਨ ਭਰ ਸਿੱਖਦੇ ਰਹਿਣ ਦੀ ਭਾਵਨਾ ਅਪਣਾਉਣ ਲਈ ਉਤਸ਼ਾਹਿਤ ਕੀਤਾ।ਜਦਕਿ ਡਾ. ਸੁਰਿੰਦਰ ਕੌਰ ਨੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ।ਉਨ੍ਹਾਂ ਵਿਦਿਆਰਥੀਆਂ ’ਚ ਆਲੋਚਨਾਤਮਕ ਸੋਚ, ਬੌਧਿਕ ਜਗਿਆਸਾ ਅਤੇ ਅਗਵਾਈ ਦੇ ਗੁਣ ਵਿਕਸਿਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ।ਇਸ ਦੇ ਨਾਲ ਹੀ ਉਨ੍ਹਾਂ ਡਾ. ਕੋਹਲੀ ਅਤੇ ਵਿਦਿਆਰਥੀ ਸੰਪਾਦਕੀ ਟੀਮ ਦੇ ਸਮਰਪਿਤ ਯਤਨਾਂ ਦੀ ਵੀ ਸ਼ਲਾਘਾ ਕੀਤੀ।ਇਸ ਮੌਕੇ ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਇਸ ਪਹਿਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ, ਕਰੀਅਰ ਮਾਰਗਦਰਸ਼ਨ, ਆਮ ਗਿਆਨ, ਵਿਸ਼ਲੇਸ਼ਣਾਤਮਕ ਸੋਚ ਅਤੇ ਸ਼ਖ਼ਸੀਅਤ ਦੇ ਵਿਕਾਸ ਲਈ ਇਕ ਸਮਰਪਿਤ ਮੰਚ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਪ੍ਰਕਾਸ਼ਿਤ ਕੀਤੇ ਗਏ ਮਾਸਿਕ ਬੁਲੇਟਿਨ ਅਕਤੂਬਰ 2026 ਦਾ ਮਕਸਦ ਵਿਦਿਆਰਥੀਆਂ ਦੇ ਗਿਆਨ, ਵਿਸ਼ਲੇਸ਼ਣਾਤਮਕ ਯੋਗਤਾ ਅਤੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰਨਾ ਹੈ।
ਇਸ ਪ੍ਰਕਾਸ਼ਨ ਦੇ ਕਾਰਜ਼ਕਾਰੀ ਸੰਪਾਦਕ ਡਾ. ਕੋਹਲੀ ਨੇ ਕਿਹਾ ਕਿ ਇਸ ਦੀ ਸਰਪ੍ਰਸਤੀ ਅਤੇ ਮੁੱਖ ਸਲਾਹਕਾਰ ਦੀ ਜ਼ਿੰਮੇਵਾਰੀ ਡਾ. ਸੁਰਿੰਦਰ ਕੌਰ ਨਿਭਾਅ ਰਹੇ ਹਨ।ਜਦਕਿ ਬਲਜਿੰਦਰ ਕੌਰ ਮੁੱਖ ਵਿਦਿਆਰਥੀ ਸੰਪਾਦਕ ਵਜੋਂ ਅਗਵਾਈ ਕਰ ਰਹੀ ਹੈ ਅਤੇ ਹਰਨੂਰ ਕੌਰ ਸਹਿ-ਵਿਦਿਆਰਥੀ ਸੰਪਾਦਕ ਵਜੋਂ ਸੇਵਾਵਾਂ ਨਿਭਾਅ ਰਹੀ ਹੈ।ਇਸ ਤੋਂ ਇਲਾਵਾ ਸੰਪਾਦਕੀ ਅਤੇ ਯੋਗਦਾਨ ਪਾਉਣ ਵਾਲੀ ਟੀਮ ’ਚ ਅਨਮੋਲਪ੍ਰੀਤ ਕੌਰ, ਹਰਸੀਰਤ ਕੌਰ, ਸਿਮਰਨਜੀਤ ਕੌਰ, ਸ਼ਗਨ, ਹਰਗੁਨਪ੍ਰੀਤ ਕੌਰ, ਰਾਜੀਆ ਅਤੇ ਅਨੀਮਾ ਆਦਿ ਦੇ ਨਾਮ ਸ਼ਾਮਿਲ ਹਨ।
ਇਸ ਮੌਕੇ ਡਾ. ਜਸਵਿੰਦਰ ਸਿੰਘ ਅਤੇ ਡਾ. ਸ਼ਰਮਾ ਮਹਾਜਨ ਸਮੇਤ ਹੋਰ ਫੈਕਲਟੀ ਮੈਂਬਰ ਵੀ ਮੌਜ਼ੂਦ ਸਨ।
Punjab Post Daily Online Newspaper & Print Media