ਅੰਮ੍ਰਿਤਸਰ, 30 ਅਕਤਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਦੁਆਰਾ ਕਰਵਾਏ ਗਏ ਇੰਟਰਨਸ਼ਿਪ ਪ੍ਰੋਗਰਾਮ ਤਹਿਤ ਐਫ.ਐਮ.ਸੀ ਕੰਪਨੀ ਵਲੋਂ ਬੀ.ਐਸ.ਸੀ (ਆਨਰਜ਼) ਐਗਰੀਕਲਚਰ ਦੇ ਅੰਤਿਮ ਸਾਲ ਦੇ 15 ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਅਜੋਕੇ ਸਮੇਂ ’ਚ ਖੇਤੀਬਾੜੀ ਦੇ ਖੇਤਰ ’ਚ ਰਵਾਇਤੀ ਗਿਆਨ ਦੇ ਨਾਲ-ਨਾਲ ਆਧੁਨਿਕ ਤਕਨੀਕਾਂ ਅਤੇ ਉਦਯੋਗਿਕ ਹੁਨਰਾਂ ਦੀ ਜਾਣਕਾਰੀ ਹੋਣਾ ਬੇਹੱਦ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਅਜਿਹੇ ਇੰਟਰਨਸ਼ਿਪ ਪ੍ਰੋਗਰਾਮ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ ਵਿਹਾਰਕ ਤਜ਼ਰਬਾ ਹਾਸਲ ਕਰਨ ਅਤੇ ਉਦਯੋਗਿਕ ਖੇਤਰ ਦੀਆਂ ਲੋੜਾਂ ਨੂੰ ਸਮਝਣ ਦਾ ਮੌਕਾ ਪ੍ਰਦਾਨ ਕਰਦੇ ਹਨ।ਉਨ੍ਹਾਂ ਐਫ.ਐਮ.ਸੀ ਕੰਪਨੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ’ਚ ਵਾਧਾ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਜ਼ਗਾਰ ਦੇ ਮੌਕਿਆਂ ਨੂੰ ਵੀ ਵਧਾਉਂਦੀਆਂ ਹਨ। ਵਿਭਾਗ ਮੁਖੀ ਡਾ. ਗੁਰਬਖ਼ਸ਼ ਸਿੰਘ ਅਤੇ ਉਨ੍ਹਾਂ ਦੀ ਟੀਮ ’ਚ ਪਲੇਸਮੈਂਟ ਕੋਆਰਡੀਨੇਟਰ ਡਾ. ਲਵਲੀਨ ਕੌਰ ਅਤੇ ਸਹਾਇਕ ਪਲੇਸਮੈਂਟ ਕੋਆਰਡੀਨੇਟਰ ਡਾ. ਗੁਰਬੀਰ ਸਿੰਘ ਤੇ ਡਾ. ਸ਼ਿਲਪਾ ਰਾਣੀ ਵੱਲੋਂ ਉਲੀਕੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਪ੍ਰਿੰ: ਡਾ. ਰੰਧਾਵਾ ਨੇ ਕਿਹਾ ਕਿ ਵਿਦਿਆਰਥੀਆਂ ਨੇ ਖੇਤੀਬਾੜੀ ਉਦਯੋਗ ਨਾਲ ਸਬੰਧਿਤ ਹੁਨਰਾਂ ਨੂੰ ਵਿਕਸਿਤ ਕਰਨ ’ਚ ਦਿਲਚਸਪੀ ਦਿਖਾਈ।
ਡਾ. ਗੁਰਬਖ਼ਸ਼ ਸਿੰਘ ਨੇ ਕਿਹਾ ਕਿ ਇਹ ਇੰਟਰਨਸ਼ਿਪ ਵਿਦਿਆਰਥੀਆਂ ਨੂੰ ਡਿਗਰੀ ਪੂਰੀ ਕਰਨ ਤੋਂ ਬਾਅਦ ਰੋਜ਼ਗਾਰ ਪ੍ਰਾਪਤ ਕਰਨ ’ਚ ਸਹਾਇਕ ਸਿੱਧ ਹੋਵੇਗੀ।ਉਨ੍ਹਾਂ ਕਿਹਾ ਕਿ ਬੀ.ਐਸ.ਸੀ (ਆਨਰਜ਼) ਐਗਰੀਕਲਚਰ ਦੇ ਵਿਦਿਆਰਥੀਆਂ ਲਈ ਇਹ ਸਿਖਲਾਈ ਪ੍ਰੋਗਰਾਮ ਖੇਤੀਬਾੜੀ ਨਾਲ ਸਬੰਧਿਤ ਸੰਸਥਾਵਾਂ, ਖੇਤਾਂ, ਖੇਤੀ ਕਾਰੋਬਾਰੀ ਅਦਾਰਿਆਂ, ਖੋਜ ਸੰਸਥਾਵਾਂ, ਪਸਾਰ ਸੇਵਾਵਾਂ ਨਾਲ ਜੁੜੀਆਂ ਏਜੰਸੀਆਂ, ਗੈਰ-ਸਰਕਾਰੀ ਸੰਸਥਾਵਾਂ (ਐਨ.ਜੀ.ਓਜ਼), ਫੂਡ ਪ੍ਰੋਸੈਸਿੰਗ ਯੂਨਿਟਾਂ ਅਤੇ ਖੇਤੀਬਾੜੀ ਇਨਪੁੱਟ ਕੰਪਨੀਆਂ ’ਚ ਖੋਜ਼ ਕਰਨ ਦਾ ਵੀ ਇਕ ਮਹੱਤਵਪੂਰਨ ਮੰਚ ਹੈ। ਇਸ ਮੌਕੇ ਡਾ. ਕੰਵਲਜੀਤ ਸਿੰਘ, ਡਾ. ਅਮਰਜੀਤ ਸਿੰਘ ਤੋਂ ਇਲਾਵਾ ਹੋਰ ਸਟਾਫ਼ ਵੀ ਹਾਜ਼ਰ ਸੀ।
Punjab Post Daily Online Newspaper & Print Media