Tuesday, November 3, 2026

ਸ੍ਰੀ ਗੁਰੁ ਤੇਗ ਬਹਾਦਰ ਪਬਲਿਕ ਸਕੂਲ ‘ਚ ਦੋ ਦਿਨਾਂ ਸਾਲਾਨਾ ਅੰਤਰ-ਸਦਨ ਐਥਲੈਟਿਕਸ ਮੀਟ 2026 ਸੰਪਨ

ਅੰਮ੍ਰਿਤਸਰ, 2 ਨਵੰਬਰ (ਜਗਦੀਪ ਸਿੰਘ) – ਦੋ ਦਿਨ ਦੌੜਾਂ, ਰਿਲੇਅ, ਛਾਲਾਂ ਅਤੇ ਥ੍ਰੋਅ ਮੁਕਾਬਲਿਆਂ ਦੀ ਗੂੰਜ਼ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਖਾਨਕੋਟ ਵਿਖੇ ਸਾਲਾਨਾ ਅੰਤਰ-ਸਦਨ ਐਥਲੈਟਿਕਸ ਮੀਟ 2026 ਸੰਪਨ ਹੋਈ।ਮੀਟ ਦੀ ਸ਼ੁਰੂਆਤ ਉੱਘੇ ਅੱਖਾਂ ਦੇ ਸਰਜਨ ਡਾ. ਪ੍ਰੀਤਮ ਸਿੰਘ ਨੇ ਮੁੱਖ ਮਹਿਮਾਨ ਵਜੋਂ ਕੀਤੀ।ਸਕੂਲ ਪ੍ਰਬੰਧਕੀ ਕਮੇਟੀ ਦੇ ਮੈਂਬਰ ਡਾ. ਸਿੰਘ ਜਿੰਨੇ ਆਪਰੇਸ਼ਨ ਥੀਏਟਰ ਵਿੱਚ ਮਾਹਰ ਹਨ, ਓਨੇ ਹੀ ਬਰਫ਼ੀਲੀਆਂ ਢਲਾਣਾਂ ’ਤੇ ਵੀ ਸਹਿਜ਼ ਹਨ।ਉਹ ਇੱਕ ਕੁਸ਼ਲ ਸਕੀਅਰ ਹਨ ਅਤੇ ਉਨ੍ਹਾਂ ਦਾ ਜੀਵਨ ਵਿਦਿਆਰਥੀਆਂ ਨੂੰ ਸਿਖਾਉਂਦਾ ਹੈ ਕਿ ਆਪਣੇ ਕਿੱਤੇ ਵਿੱਚ ਮੁਹਾਰਤ ਅਤੇ ਖੇਡ ਦੇ ਜਨੂੰਨ ਨਾਲ-ਨਾਲ ਚੱਲ ਸਕਦੇ ਹਨ।
ਸਮਾਪਤੀ ਸਮਾਗਮ ਦੀ ਸ਼ੋਭਾ ਐਸ.ਜੁਗਰਾਜ ਸਿੰਘ ਪੀ.ਪੀ.ਐਸ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਅਪ੍ਰੇਸ਼ਨਜ਼) ਨੇ ਮੁੱਖ ਮਹਿਮਾਨ ਵਜੋਂ ਵਧਾਈ।ਅੰਮ੍ਰਿਤਸਰ ਜਿਲ੍ਹੇ ਦੀ ਮਿੱਟੀ ਵਿੱਚੋਂ ਉੱਠ ਕੇ ਉਹ ਕੌਮਾਂਤਰੀ ਹਾਕੀ ਦੇ ਮੰਚ ਤੱਕ ਪਹੁੰਚੇ। ਇੱਕ ਨਿਡਰ ਡਿਫੈਂਡਰ ਅਤੇ ਭਾਰਤ ਦੇ ਸਭ ਤੋਂ ਖ਼ਤਰਨਾਕ ਡਰੈਗ-ਫਲਿੱਕਰਾਂ ਵਿੱਚੋਂ ਇੱਕ ਵਜੋਂ ਉਨ੍ਹਾਂ 2002 ਹਾਕੀ ਵਿਸ਼ਵ ਕੱਪ ਵਿੱਚ ਦੇਸ਼ ਦੀ ਨੁਮਾਇੰਦਗੀ ਕੀਤੀ ਅਤੇ ਏਸ਼ੀਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ।ਜੂਨੀਅਰ ਵਿਸ਼ਵ ਕੱਪ ਵਿੱਚ ਵੀ ਉਹ ਮੋਹਰੀ ਸਕੋਰਰਾਂ ਵਿੱਚ ਰਹੇ।2003 ਦੇ ਕਾਰ ਹਾਦਸੇ ਨੇ ਉਨ੍ਹਾਂ ਦਾ ਖੇਡ ਸਫ਼ਰ ਰੋਕ ਦਿੱਤਾ, ਪਰ ਉਨ੍ਹਾਂ ਹੌਸਲੇ ਨਾਲ ਵਾਪਸੀ ਕੀਤੀ। ਪੰਜਾਬ ਪੁਲਿਸ ਵਿੱਚ ਸੇਵਾ ਦੇ ਨਾਲ-ਨਾਲ ਉਹ ਭਾਰਤੀ ਟੀਮ ਦੇ ਸਹਾਇਕ ਕੋਚ ਵੀ ਰਹੇ। ਪਤਵੰਤਿਆਂ ਵਿੱਚ ਸਕੂਲ ਦੇ ਪ੍ਰਬੰਧਕੀ ਨਿਰਦੇਸ਼ਕ ਡਾ. ਗੁਰਬਿਲਾਸ ਪੀ. ਸਿੰਘ ਪੰਨੂ, ਐਸ. ਹਰਿੰਦਰਪਾਲ ਸਿੰਘ, ਡਾ. ਗੁਰਲਾਲ ਸਿੰਘ (ਡਾਇਰੈਕਟਰ, ਬਾਬਾ ਬੁੱਢਾ ਜੀ ਹਸਪਤਾਲ), ਡਾ. ਪੂਨਮ ਚੋਪੜਾ (ਪ੍ਰਿ੍ਰਸੀਪਲ, ਬੀ.ਐੱਡ ਕਾਲਜ) ਅਤੇ ਡਾ. ਸਰਬਜੀਤ ਕੌਰ ਹਾਜ਼ਰ ਸਨ। ਦੋ ਦਿਨਾਂ ਦੌਰਾਨ ਚਾਰੇ ਸਦਨਾਂ, ਸਾਹਿਬਜ਼ਾਦਾ ਅਜੀਤ ਸਿੰਘ ਜੀ ਸਦਨ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਸਦਨ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਸਦਨ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਸਦਨ ਨੇ ਟਰੈਕ ਅਤੇ ਫੀਲਡ ਮੁਕਾਬਲਿਆਂ ਵਿੱਚ ਫਸਵੇਂ ਮੁਕਾਬਲੇ ਕੀਤੇ।ਪੂਰੀ ਮੀਟ ਦੌਰਾਨ ਸ਼ਾਨਦਾਰ ਕਾਰਗੁਜ਼ਾਰੀ ਦੇ ਦਮ ’ਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਸਦਨ ਨੇ ਓਵਰਆਲ ਚੈਂਪੀਅਨ ਬਣ ਕੇ ਵੱਕਾਰੀ ‘ਸਰਵੋਤਮ ਸਦਨ ਟਰਾਫ਼ੀ’ ਆਪਣੇ ਨਾਂ ਕੀਤੀ।
ਅੰਡਰ-14 (1), ਅੰਡਰ-17 (2) ਅਤੇ ਅੰਡਰ-19 (3) ਵਰਗਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ।ਸਰਤਾਜ ਸਿੰਘ, ਸ਼ੁਭਰਾਜ ਸਿੰਘ, ਲਵਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਗੁਰਸਿਰਤ ਕੌਰ, ਹਰਸਿਰਤ ਕੌਰ, ਸੀਰਤਪ੍ਰੀਤ ਕੌਰ ਅਤੇ ਪਰਨੀਤ ਕੌਰ ਸਰਵੋਤਮ ਐਥਲੀਟ ਐਲਾਨੇ ਗਏ।
ਪ੍ਰਿੰਸੀਪਲ ਡਾ. ਸਿਮਰਨਜੀਤ ਕੌਰ ਨੇ ਮਹਿਮਾਨਾਂ ਅਤੇ ਸਰਪ੍ਰਸਤਾਂ ਦਾ ਧੰਨਵਾਦ ਕੀਤਾ।ਉਨ੍ਹਾਂ ਵਾਈਸ-ਪ੍ਰਿੰਸੀਪਲ ਸਤਜਿੰਦਰ ਸਿੰਘ, ਡੀ.ਪੀ.ਈ ਕੁਲਕਰਨ ਸਿੰਘ, ਜਤਿੰਦਰ ਸਿੰਘ, ਲਬਜੀਤ ਸਿੰਘ ਅਤੇ ਸਮੂਹ ਸਟਾਫ਼ ਦੀ ਸ਼ਲਾਘਾ ਕੀਤੀ। ਸਮਾਗਮ ਦੇ ਅੰਤ ‘ਚ ਜੇਤੂ ਖਿਡਾਰੀਆਂ ਨੂੰ ਟਰਾਫ਼ੀਆਂ ਅਤੇ ਮੈਰਿਟ ਸਰਟੀਫੀ਼ਕੇਟ ਦਿੱਤੇ ਗਏ।

 

Check Also

ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ

ਰਾਜਪੁਰਾ/ ਦਿੱਲੀ, 3 ਨਵੰਬਰ  (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …