Tuesday, November 3, 2026

ਛੇਹਰਟਾ ਦੇ ਸਕੂਲ ਆਫ਼ ਐਮੀਨੈਂਸ ਵਿਖੇ ਵਿਦਿਆਰਥੀਆਂ ਨੂੰ ਗੁਡ ਟਚ-ਬੈਡ ਟੱਚ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 2 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਵੱਲੋਂ ਮਾਣਯੋਗ ਜੱਜ ਸ੍ਰੀ ਗੁਰਕੀਰਤ ਸਿੰਘ ਦੀ ਅਗਵਾਈ ਹੇਠ ਸਕੂਲ ਆਫ਼ ਐਮੀਨੈਂਸ ਛੇਹਰਟਾ ਵਿਖੇ ਵਿਦਿਆਰਥੀਆਂ ਨੂੰ ਪੋਕਸੋ ਐਕਟ-2012 ਅਤੇ ਬੱਚਿਆਂ ਦੀ ਸੁਰੱਖਿਆ ਨਾਲ ਸਬੰਧਤ ਕਾਨੂੰਨੀ ਅਧਿਕਾਰਾਂ ਬਾਰੇ ਜਾਗਰੂਕ ਕਰਨ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।ਉਨ੍ਹਾਂ ਦੇ ਨਾਲ ਐਡਵੋਕੇਟ ਵਿਸ਼ਾਲ ਸ਼ਰਮਾ ਅਤੇ ਸ੍ਰੀਮਤੀ ਬਿੰਦੂ ਬਾਲਾ, ਪੈਰਾ ਲੀਗਲ ਵਲੰਟੀਅਰ (ਪੀ.ਐਲ.ਵੀ) ਵੀ ਮੌਜ਼ੂਦ ਸਨ।ਸਕੂਲ ਪਹੁੰਚਣ `ਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਮਨਮੀਤ ਕੌਰ ਵੱਲੋਂ ਮਾਣਯੋਗ ਜੱਜ ਗੁਰਕੀਰਤ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ।ਐਨ.ਸੀ.ਸੀ ਕੈਡਿਟਾਂ ਵੱਲੋਂ ਉਨ੍ਹਾਂ ਨੂੰ ਸ਼ਾਨਦਾਰ ਪਾਇਲਟ ਗਾਰਡ ਵੀ ਦਿੱਤੀ ਗਈ।
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜੱਜ ਸ੍ਰੀ ਗੁਰਕੀਰਤ ਸਿੰਘ ਨੇ ਕਿਹਾ ਕਿ ਪੋਕਸੋ ਐਕਟ-2012 ਬਾਰੇ ਆਮ ਲੋਕਾਂ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਸਮੇਂ ਦੀ ਅਹਿਮ ਲੋੜ ਹੈ।ਇਸ ਕਾਨੂੰਨ ਦਾ ਮੁੱਖ ਉਦੇਸ਼ ਬੱਚਿਆਂ ਨੂੰ ਜਿਨਸੀ ਸੋਸ਼ਣ ਤੋਂ ਸੁਰੱਖਿਆ ਪ੍ਰਦਾਨ ਕਰਨਾ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰਾਖੀ ਕਰਨਾ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਗੁੱਡ ਟੱਚ ਅਤੇ ਬੈਡ ਟੱਚ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਹਰ ਬੱਚੇ ਨੂੰ ਆਪਣੇ ਸਰੀਰ ਦੀ ਨਿੱਜਤਾ ਅਤੇ ਸੁਰੱਖਿਆ ਦਾ ਅਧਿਕਾਰ ਹੈ।ਕਿਸੇ ਨੂੰ ਵੀ ਉਸ ਦੀ ਮਰਜ਼ੀ ਤੋਂ ਬਿਨਾਂ ਅਣਉਚਿਤ ਤਰੀਕੇ ਨਾਲ ਛੂਹਣ ਦਾ ਅਧਿਕਾਰ ਨਹੀਂ ਹੈ।ਉਨ੍ਹਾਂ ਕਿਹਾ ਕਿ ਮਾਪਿਆਂ, ਅਧਿਆਪਕਾਂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਵੱਲੋਂ ਪਿਆਰ ਨਾਲ ਸ਼ਾਬਾਸ਼ੀ ਦੇਣ ਜਾਂ ਹੌਸਲਾ ਵਧਾਉਣ ਲਈ ਕੀਤਾ ਗਿਆ ਸਪਰਸ਼ ਗੁੱਡ ਟੱਚ ਦੀ ਉਦਾਹਰਨ ਹੋ ਸਕਦਾ ਹੈ।ਇਸ ਦੇ ਉਲਟ ਜੇਕਰ ਕਿਸੇ ਦਾ ਸਪਰਸ਼ ਬੱਚੇ ਨੂੰ ਅਸਹਿਜ ਮਹਿਸੂਸ ਕਰਵਾਉਂਦਾ ਹੈ ਜਾਂ ਉਸ ਦੀ ਨਿੱਜਤਾ ਦੀ ਉਲੰਘਣਾ ਕਰਦਾ ਹੈ ਤਾਂ ਬੱਚੇ ਨੂੰ ਇਸ ਬਾਰੇ ਚੁੱਪ ਨਹੀਂ ਰਹਿਣਾ ਚਾਹੀਦਾ।
ਐਡਵੋਕੇਟ ਵਿਸ਼ਾਲ ਸ਼ਰਮਾ ਨੇ ਪੋਕਸੋ ਐਕਟ-2012 ਦੀਆਂ ਵੱਖ-ਵੱਖ ਧਾਰਾਵਾਂ, ਬੱਚਿਆਂ ਨੂੰ ਮਿਲਣ ਵਾਲੀ ਕਾਨੂੰਨੀ ਸੁਰੱਖਿਆ ਅਤੇ ਅਜਿਹੇ ਮਾਮਲਿਆਂ ਵਿੱਚ ਸ਼ਿਕਾਇਤ ਦਰਜ਼ ਕਰਵਾਉਣ ਦੀ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਇਸ ਦੌਰਾਨ ਐਨ.ਸੀ.ਸੀ ਦੇ ਵਿਦਿਆਰਥੀਆਂ ਵੱਲੋਂ ਪੋਕਸੋ ਐਕਟ ਅਤੇ ਬੱਚਿਆਂ ਦੀ ਸੁਰੱਖਿਆ ਨਾਲ ਸਬੰਧਤ ਵਿਸ਼ਿਆਂ `ਤੇ ਤਿਆਰ ਕੀਤੇ ਗਏ ਚਾਰਟ ਵੀ ਪ੍ਰਦਰਸ਼ਿਤ ਕੀਤੇ ਗਏ।
ਇਸ ਮੌਕੇ ਸ੍ਰੀਮਤੀ ਬਲਬੀਰ ਕੌਰ, ਸੁਖਪਾਲ ਸਿੰਘ, ਜਿਲ੍ਹਾ ਗਾਈਡੈਂਸ ਕੌਂਸਲਰ, ਸ੍ਰੀਮਤੀ ਅਮਨਦੀਪ ਕੌਰ, ਮਿਸ ਅਨੀਤਾ ਸ਼ਰਮਾ, ਸ੍ਰੀਮਤੀ ਅਮਰਜੀਤ ਕੌਰ, ਬਖ਼ਸ਼ਿੰਦਰ ਸਿੰਘ ਸਮੇਤ ਸਕੂਲ ਦੇ ਹੋਰ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।

Check Also

ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ

ਰਾਜਪੁਰਾ/ ਦਿੱਲੀ, 3 ਨਵੰਬਰ  (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …