Wednesday, November 4, 2026

ਖਾਲਸਾ ਕਾਲਜ ਵੈਟਰਨਰੀ ਵਿਖੇ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ

ਅੰਮਿ੍ਤਸਰ, 2 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਵਿਖੇ ਬੈਚਲਰ ਆਫ਼ ਵੈਟਰਨਰੀ ਸਾਇੰਸ ਐਂਡ ਐਨੀਮਲ ਹਸਬੈਂਡਰੀ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ।ਕਾਲਜ ਪਿ੍ਰੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰ੍ਰਗਰਾਮ ਦਾ ਮਕਸਦ ਨਵੇਂ ਵਿਦਿਆਰਥੀਆਂ ਨੂੰ ਕਾਲਜ ਦੀ ਅਕਾਦਮਿਕ ਪ੍ਰਣਾਲੀ, ਸੰਸਥਾ ਦੀਆਂ ਨੀਤੀਆਂ ਅਤੇ ਕੈਂਪਸ ’ਚ ਉਪਲਬਧ ਸਹੂਲਤਾਂ ਬਾਰੇ ਜਾਣੂ ਕਰਵਾਉਣਾ ਸੀ।
 ਪ੍ਰਿੰ: ਡਾ. ਵਰਮਾ ਨੇ ਕਾਲਜ ਦੀ ਸਥਾਪਨਾ, ਅਕਾਦਮਿਕ ਪ੍ਰਾਪਤੀਆਂ, ਸੰਸਥਾਗਤ ਵਿਕਾਸ ਅਤੇ ਮਿਆਰੀ ਵੈਟਰਨਰੀ ਸਿੱਖਿਆ ਪ੍ਰਦਾਨ ਕਰਨ ਪ੍ਰਤੀ ਵਚਨਬੱਧਤਾ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਵੈਟਰਨਰੀ ਕੌਂਸਲ ਆਫ਼ ਇੰਡੀਆ (ਵੀ. ਸੀ. ਆਈ.) ਵੱਲੋਂ ਮਾਨਤਾ, ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਨਾਲ ਮਾਨਤਾ ਅਤੇ ਇੰਡੀਅਨ ਕੌਂਸਲ ਆਫ਼ ਐਗਰੀਕਲਚਰਲ ਰਿਸਰਚ (ਆਈ.ਸੀ.ਏ.ਆਰ.) ਦੁਆਰਾ ਪ੍ਰਾਪਤ ਮਾਨਤਾ ਬਾਰੇ ਵੀ ਚਾਨਣਾ ਪਾਇਆ।
ਪ੍ਰੋਗਰਾਮ ਦੀ ਸ਼ੁਰੂਆਤ ’ਚ ਵਿਭਾਗ ਮੁਖੀ ਅਤੇ ਲਾਈਵਸਟਾਕ ਪ੍ਰੋਡਕਸ਼ਨ ਮੈਨੇਜਮੈਂਟ ਵਿਭਾਗ ਦੇ ਮੁਖੀ ਡਾ. ਅਵਿਨਾਸ਼ ਪਾਂਡੇ ਨੇ ਸਵਾਗਤੀ ਭਾਸ਼ਣ ’ਚ ਵਿਦਿਆਰਥੀਆਂ ਨੂੰ ਆਪਣੇ ਅਕਾਦਮਿਕ ਸਫ਼ਰ ਦੀ ਸ਼ੁਰੂਆਤ ਸਮਰਪਣ, ਅਨੁਸ਼ਾਸਨ ਅਤੇ ਪੇਸ਼ੇ ਪ੍ਰਤੀ ਵਚਨਬੱਧਤਾ ਨਾਲ ਕਰਨ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ।
ਇਸ ਮੌਕੇ ਮੁੱਖ ਵਾਰਡਨ ਡਾ. ਦਿਵੇਦੀ ਨੇ ਕਾਲਜ ਦੀ ਅਕਾਦਮਿਕ ਅਤੇ ਪ੍ਰੀਖਿਆ ਪ੍ਰਣਾਲੀ ਬਾਰੇ ਜਾਣਕਾਰੀ ਦਿੰਦਿਆਂ ਅੰਦਰੂਨੀ ਅਤੇ ਬਾਹਰੀ ਮੁਲਾਂਕਣ ਪ੍ਰਕਿਰਿਆ, ਪ੍ਰੀਖਿਆਵਾਂ ਦੇ ਸਮਾਂ-ਸਾਰਣੀ, ਪਾਸ ਹੋਣ ਦੇ ਮਾਪਦੰਡਾਂ ਅਤੇ ਅਕਾਦਮਿਕ ਦਿਸ਼ਾ-ਨਿਰਦੇਸ਼ਾਂ ਬਾਰੇ ਵਿਸਥਾਰ ਨਾਲ ਦੱਸਿਆ।ਜਦਕਿ ਲੜਕਿਆਂ ਦੇ ਹੋਸਟਲ ਦੇ ਵਾਰਡਨ ਡਾ. ਵਿਪਿਨ ਨੇ ਹੋਸਟਲ ਦੇ ਨਿਯਮਾਂ, ਆਚਾਰ ਸੰਹਿਤਾ, ਸੁਰੱਖਿਆ ਮਾਪਦੰਡਾਂ ਅਤੇ ਕੈਂਪਸ ’ਚ ਸੁਖਾਵਾਂ ਮਾਹੌਲ ਬਣਾਈ ਰੱਖਣ ਲਈ ਵਿਦਿਆਰਥੀਆਂ ਦੀਆਂ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਨੇ ਰੈਗਿੰਗ ਅਤੇ ਨਸ਼ਿਆਂ ਵਿੱਧ ਕਾਲਜ ਦੀ ਜ਼ੀਰੋ ਟਾਲਰੈਂਸ ਨੀਤੀ ਅਤੇ ਹੋਸਟਲ ਦੇ ਸਮੇਂ ਦੀ ਪਾਲਣਾ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
ਸਹਾਇਕ ਪ੍ਰੋਫੈਸਰ ਡਾ. ਸਿਮਰਨਜੋਤ ਨੇ ਨੈਸ਼ਨਲ ਸਰਵਿਸ ਸਕੀਮ (ਐੱਨ.ਐੱਸ.ਐੱਸ.) ਬਾਰੇ ਜਾਣਕਾਰੀ ਦਿੰਦਿਆਂ ਸਮਾਜਿਕ ਜ਼ਿੰਮੇਵਾਰੀ, ਟੀਮ ਵਰਕ ਅਤੇ ਭਾਈਚਾਰਕ ਸੇਵਾ ’ਚ ਇਸ ਦੀ ਭੂਮਿਕਾ ਬਾਰੇ ਚਾਨਣਾ ਪਾਇਆ।ਉਨ੍ਹਾਂ ਨੇ ਐੱਨ. ਐੱਸ. ਐੱਸ. ਦੀਆਂ ਸਫ਼ਾਈ ਮੁਹਿੰਮਾਂ, ਜਾਗਰੂਕਤਾ ਪ੍ਰੋਗਰਾਮਾਂ, ਖੂਨਦਾਨ ਕੈਂਪਾਂ ਅਤੇ ਸਿੱਖਿਆਦਾਇਕ ਲੈਕਚਰਾਂ ਆਦਿ ਵੱਖ-ਵੱਖ ਗਤੀਵਿਧੀਆਂ ਤੋਂ  ਜਾਣੂ ਕਰਵਾਇਆ।
ਇਸ ਮੌਕੇ ਡਾ. ਵਰਮਾ ਨੇ ਵਿਦਿਆਰਥੀਆਂ ਨੂੰ ਟੈਲੇਂਟ ਹੰਟ ਪ੍ਰੋਗਰਾਮਾਂ, ਯੁਵਕ ਮੇਲਿਆਂ, ਬਹਿਸ ਮੁਕਾਬਲਿਆਂ, ਸੱਭਿਆਚਾਰਕ ਅਤੇ ਅਕਾਦਮਿਕ ਗਤੀਵਿਧੀਆਂ ’ਚ ਹਿੱਸਾ ਲੈਣ ਲਈ ਵੀ ਉਤਸ਼ਾਹਿਤ ਕੀਤਾ।ਉਨ੍ਹਾਂ ਨੇ ‘ਕੇ. ਸੀ. ਵੀ. ਏ. ਐੱਸ.’ ਦਾ ਅਰਥ ਸਮਝਾਉਂਦਿਆਂ ਕਿਹਾ ਕਿ ਇਹ ਗਿਆਨ, ਵਚਨਬੱਧਤਾ, ਵੈਟਰਨਰੀ ਉੱਤਮਤਾ, ਪਸ਼ੂ ਭਲਾਈ ਅਤੇ ਸਮਾਜ ਪ੍ਰਤੀ ਸੇਵਾ ਵਰਗੀਆਂ ਕਦਰਾਂ-ਕੀਮਤਾਂ ਦਾ ਪ੍ਰਤੀਕ ਹੈ, ਜਿਨ੍ਹਾਂ ਨੂੰ ਵਿਦਿਆਰਥੀਆਂ ’ਚ ਵਿਕਸਿਤ ਕਰਨਾ ਕਾਲਜ ਦਾ ਮੁੱਖ ਉਦੇਸ਼ ਹੈ।ਇਸ ਮੌਕੇਸਹਾਇਕ ਪ੍ਰੋਫੈਸਰ ਡਾ. ਵੈਸ਼ਾਲੀ ਨੇ ਧੰਨਵਾਦ ਮਤਾ ਪੇਸ਼ ਕੀਤਾ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …