
ਅੰਮ੍ਰਿਤਸਰ, 15 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਫਿਜ਼ਿਓਥੈਰੇਪੀ ਵੱਲੋਂ ਮਾਝਾ ਕਾਲਜ ਫਾਰ ਵੁਮੈਨ ਤਰਨ ਤਾਰਨ ਦੇ ਸਹਿਯੋਗ ਨਾਲ “ਫਿਜ਼ਿਓਥੈਰੇਪੀ ਅਤੇ ਹੱਡੀਆਂ ਦੀ ਮਜ਼ਬੂਤੀ ਦੀ ਜਾਂਚ ਲਈ ਮੁਫ਼ਤ ਕੈਂਪ” ਲਗਾਇਆ ਗਿਆ।ਖਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਮਾਝਾ ਕਾਲਜ ਫਾਰ ਵੁਮੈਨ ਤਰਨ ਤਾਰਨ ਵਿਖੇ ਲਗਾਏ ਗਏ ਉਕਤ ਕੈਂਪ ਦਾ ਮੁੱਖ ਉਦੇਸ਼ ਲੋਕਾਂ ਨੂੰ ਹੱਡੀਆਂ ਦੀ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ 25 ਸਾਲ ਜਾਂ ਇਸ ਤੋਂ ਵਧੇਰੇ ਉਮਰ ਦੇ ਵਿਅਕਤੀਆਂ ਦੀਆਂ ਹੱਡੀਆਂ ’ਚ ਖਣਿਜਾਂ ਦੀ ਘੱਟ ਮਾਤਰਾ ਦੀ ਜਾਂਚ ਕਰਨਾ ਸੀ।
ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਡਾ. ਮਹਿਲ ਸਿੰਘ ਅਤੇ ਰਿਸਰਚ ਡੀਨ ਡਾ. ਆਰ.ਕੇ ਧਵਨ ਨੇ ਵਿਭਾਗ ਮੁਖੀ ਡਾ. ਸ਼ਿਆਮਲ ਕੋਲੇ ਅਤੇ ਪ੍ਰਬੰਧਕੀ ਕਮੇਟੀ ਮੈਂਬਰ ਡਾ. ਮਨੂ ਵਸ਼ਿਸ਼ਟ ਅਤੇ ਡਾ. ਵਰਿੰਦਰ ਕੌਰ ਨੂੰ ਵਧਾਈ ਦਿੱਤੀ।ਉਨ੍ਹਾਂ ਵੱਲੋਂ ਹੱਡੀਆਂ ਦੀ ਮਜ਼ਬੂਤੀ ਦੀ ਜਾਂਚ ਦੇ ਨਾਲ-ਨਾਲ ਸਰੀਰਿਕ ਭਾਰ ਦਾ ਮੁਲਾਂਕਣ ਅਤੇ ਮੁਫ਼ਤ ਫਿਜ਼ਿਓਥੈਰੇਪੀ ਸਲਾਹ ਵੀ ਦਿੱਤੀ ਗਈ।
ਡਾ. ਵਿਸ਼ਿਸ਼ਟ ਅਤੇ ਡਾ. ਵਰਿੰਦਰ ਕੌਰ ਨੇ ਕਿਹਾ ਕਿ ਕੈਂਪ ’ਚ ਕਾਲਜ ਕੈਂਪਸ ਅਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਕਰੀਬ 130 ਵਿਅਕਤੀਆਂ ਨੇ ਪਹੁੰਚ ਕੇ ਇਨ੍ਹਾਂ ਸੇਵਾਵਾਂ ਦਾ ਲਾਭ ਉਠਾਇਆ।ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਲਗਭਗ 55 ਫ਼ੀਸਦੀ ਭਾਗੀਦਾਰਾਂ ’ਚ ਹੱਡੀਆਂ ਦੀ ਖਣਿਜ ਘਣਤਾ ਆਮ ਨਾਲੋਂ ਘੱਟ ਸੀ, ਜਿਨ੍ਹਾਂ ’ਚੋਂ ਜ਼ਿਆਦਾਤਰ ਦੇ ਕੇਸ ਓਸਟੀਓਪੀਨੀਆ ਦੀ ਸ਼ਰੇਣੀ ’ਚ ਆਉਂਦੇ ਸਨ।ਜਦਕਿ ਬਾਕੀ ਭਾਗੀਦਾਰਾਂ ਦੀਆਂ ਹੱਡੀਆਂ ਦੀ ਖਣਿਜ ਘਣਤਾ ਆਮ ਪਾਈ ਗਈ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵਿਦਿਆਰਥੀਆਂ ਦੀਆਂ ਮਾਸਪੇਸ਼ੀਆਂ ਅਤੇ ਹੱਡੀਆਂ ਨਾਲ ਸਬੰਧਿਤ ਗਰਦਨ, ਮੋਢਿਆਂ ਅਤੇ ਪਿੱਠ ਦੇ ਦਰਦ ਸਮੱੱਸਿਆਵਾਂ ਦਾ ਵੀ ਮੁਲਾਂਕਣ ਕੀਤਾ ਗਿਆ।ਭਾਗੀਦਾਰਾਂ ਨੂੰ ਸੰਤੁਲਿਤ ਅਤੇ ਪੌਸ਼ਟਿਕ ਖੁਰਾਕ, ਨਿਯਮਤ ਸਰੀਰਿਕ ਕਸਰਤ ਅਤੇ ਲੋੜ ਅਨੁਸਾਰ ਪੌਸ਼ਟਿਕ ਤੱਤਾਂ ਦੇ ਪੂਰਕਾਂ ਰਾਹੀਂ ਹੱਡੀਆਂ ਦੀ ਸਿਹਤ ਬਰਕਰਾਰ ਰੱਖਣ ਬਾਰੇ ਜਾਣਕਾਰੀ ਦਿੱਤੀ ਗਈ।ਹੱਡੀਆਂ ਨੂੰ ਮਜ਼ਬੂਤ ਰੱਖਣ ਲਈ ਖੁਰਾਕ ਸਬੰਧੀ ਵਿਸ਼ੇਸ਼ ਸਲਾਹ ਵੀ ਦਿੱਤੀ ਗਈ ਅਤੇ ਭਾਗੀਦਾਰਾਂ ਨੂੰ ਖੁਰਾਕ ਚਾਰਟ ਵੀ ਵੰਡੇ ਗਏ।
Punjab Post Daily Online Newspaper & Print Media