
ਅੰਮ੍ਰਿਤਸਰ, 15 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੀ ਪੋਲੀਟੀਕਲ ਸਾਇੰਸ ਸੁਸਾਇਟੀ ਅਤੇ ਰੋਟਾਰੈਕਟ ਕਲੱਬ ਵੱਲੋਂ ਸਾਂਝੇ ਤੌਰ ’ਤੇ “ਪੱਛਮੀ ਏਸ਼ੀਆ ਦੇ ਸੰਕਟ ਨੂੰ ਸਮਝਣਾ” ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ ਕਰਵਾਏ ਗਏ ਪ੍ਰੋਗਰਾਮ ਮੌਕੇ ਸਾਬਕਾ ਭਾਰਤੀ ਵਿਦੇਸ਼ ਸੇਵਾ (ਆਈ.ਐੱਫ.ਐੱਸ) ਅਧਿਕਾਰੀ ਅਤੇ ਰਾਜਦੂਤ ਨਵਦੀਪ ਸੂਰੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ, ਜਿਨ੍ਹਾਂ ਨੂੰ ਪੱਛਮੀ ਏਸ਼ੀਆ ’ਚ ਕੂਟਨੀਤਕ ਸੇਵਾਵਾਂ ਦਾ ਲੰਮਾ ਤਜ਼ਰਬਾ ਹੈ।
ਡਾ. ਰੰਧਾਵਾ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਵਿਸ਼ਵ ਸ਼ਾਂਤੀ ਲਈ ਯਤਨ ਕਰਨ ਵਾਸਤੇ ਪੱਛਮੀ ਏਸ਼ੀਆ ਦੇ ਮੌਜ਼ੂਦਾ ਹਾਲਾਤ ਅਤੇ ਉਥੋਂ ਦੇ ਸੰਕਟ ਨੂੰ ਸਮਝਣਾ ਬੇਹੱਦ ਜ਼ਰੂਰ ੀ ਹੈ। ਨਵਦੀਪ ਸੂਰੀ ਨੇ ਪੱਛਮੀ ਏਸ਼ੀਆ ’ਚ ਚੱਲ ਰਹੇ ਸੰਕਟ, ਖ਼ਾਸ ਕਰਕੇ ਈਰਾਨ ਯੁੱਧ ਦਾ ਵਿਸ਼ਲੇਸ਼ਣ ਕਰਦਿਆਂ ਇਸ ਸੰਘਰਸ਼ ਨਾਲ ਜੁੜੇ ਗੁੰਝਲਦਾਰ ਰਾਜਨੀਤਿਕ ਪਹਿਲੂਆਂ ਸਬੰਧੀ ਵਿਸਥਾਰ ਨਾਲ ਚਾਨਣਾ ਪਾਇਆ।ਉਨ੍ਹਾਂ ਨੇ ਇਸ ਦੇ ਵਿਸ਼ਵ ਪੱਧਰ ’ਤੇ ਪੈਣ ਵਾਲੇ ਦੂਰਗਾਮੀ ਪ੍ਰਭਾਵਾਂ, ਖ਼ਾਸ ਤੌਰ ’ਤੇ ਮਹਿੰਗਾਈ, ਊਰਜਾ ਬਾਜ਼ਾਰਾਂ ਅਤੇ ਵਿਸ਼ਵ ਅਰਥਵਿਵਸਥਾ ’ਤੇ ਪੈਣ ਵਾਲੇ ਅਸਰਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।ਉਨ੍ਹਾਂ ਨੇ ਇਜ਼ਰਾਈਲ-ਫਲਸਤੀਨ ਸੰਘਰਸ਼ ਦੇ ਇਤਿਹਾਸਕ ਪਿਛੋਕੜ ਸਬੰਧੀ ਚਰਚਾ ਕਰਦਿਆਂ ਇਸ ਖੇਤਰ ’ਚ ਲੰਮੇ ਸਮੇਂ ਤੋਂ ਚੱਲ ਰਹੇ ਤਣਾਅ ਦੇ ਰਾਜਨੀਤਿਕ ਅਤੇ ਇਤਿਹਾਸਕ ਕਾਰਨਾਂ ਨੂੰ ਸਪੱੱਸ਼ਟ ਕੀਤਾ।ਇਸ ਤੋਂ ਪਹਿਲਾਂ ਵਿਭਾਗ ਮੁਖੀ ਅਤੇ ਕਾਲਜ ਰਜਿਸਟਰਾਰ ਡਾ. ਦਵਿੰਦਰ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ।ਭਾਸ਼ਣ ਉਪਰੰਤ ਵਿਚਾਰ-ਵਟਾਂਦਰਾ ਸੈਸ਼ਨ ਵੀ ਕਰਵਾਇਆ ਗਿਆ, ਜਿਸ ’ਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਸਵਾਲ ਪੁੱਛੇ।ਪ੍ਰੋਗਰਾਮ ਦੌਰਾਨ ਡੀਨ ਆਰਟਸ ਐਂਡ ਹਿਊਮੈਨਿਟੀਜ਼ ਪ੍ਰੋ. ਜਸਪ੍ਰੀਤ ਕੌਰ ਨੇ ਧੰਨਵਾਦ ਕੀਤਾ।ਕਾਲਜ ਰੋਟਾਰੈਕਟ ਕਲੱਬ ਇੰਚਾਰਜ ਡਾ. ਗੁਰਵੇਲ ਸਿੰਘ ਮੱਲ੍ਹੀ ਨੇ ਸੈਸ਼ਨ ਦੀ ਕਾਰਵਾਈ ਦਾ ਸੰਚਾਲਨ ਕੀਤਾ।ਪੋਲੀਟੀਕਲ ਸਾਇੰਸ ਸੁਸਾਇਟੀ ਦੇ ਸਹਿ-ਕਨਵੀਨਰ ਡਾ. ਹਰਬਿਲਾਸ ਸਿੰਘ ਰੰਧਾਵਾ ਨੇ ਕਿਹਾ ਕਿ ਆਰਟਸ ਐਂਡ ਹਿਊਮੈਨਿਟੀਜ਼ ਵਿਭਾਗ ਦੇ ਲਗਭਗ 200 ਵਿਦਿਆਰਥੀਆਂ ਨੇ ਇਸ ਸੈਸ਼ਨ ’ਚ ਹਿੱਸਾ ਲਿਆ।
ਇਸ ਮੌਕੇ ਗੁਰਜੀਤ ਸਿੰਘ ਸੇਖੋਂ, ਗੁਰਪ੍ਰੀਤ ਬੱਲ, ਅਮਨਦੀਪ ਸੇਖੋਂ, ਕਮਲ ਉੱਪਲ, ਇੰਦੂ ਅਰੋੜਾ, ਡਾ. ਜਸਵਿੰਦਰ ਕੌਰ, ਡਾ. ਤਮਿੰਦਰ ਸਿੰਘ ਭਾਟੀਆ, ਡਾ. ਸੁਖਜੀਤ ਸਿੰਘ, ਡਾ. ਦਵਿੰਦਰ ਕੌਰ ਸਮੇਤ ਹੋਰ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।
Punjab Post Daily Online Newspaper & Print Media