ਸਵਾ 4 ਏਕੜ ਵਿਚ 26 ਹਜਾਰ ਸਕੈਅਰ ਫੁੱਟ ਇਮਾਰਤ ਦੀ ਉਸਾਰੀ 6 ਮਹੀਨਿਆਂ ਵਿਚ ਹੋਵੇਗੀ ਮੁਕੰਮਲ

ਫਾਜ਼ਿਲਕਾ, 5 ਫਰਵਰੀ (ਵਿਨੀਤ ਅਰੋੜਾ) – ਫਾਜਿਲਕਾ ਜਿਲ੍ਹੇ ਦੇ ਵਸਨੀਕਾਂ ਲਈ ਇਹ ਵੱਡੀ ਖੁਸ਼ੀ ਵਾਲੀ ਗੱਲ ਹੈ ਕਿ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਵੱਲੋਂ ਫਾਜ਼ਿਲਕਾ ਵਾਸੀਆਂ ਲਈ ਅਤਿ ਆਧੁਨਿਕ ਨਵੇਂ ਬੱਸ ਸਟੈਂਡ ਦੀ ਉਸਾਰੀ ਲਈ ਮਨਜੂਰੀ ਦਿੰਦੇ ਹੋਏ 5 ਕਰੋੜ 48 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ਗਈ ਹੈ। ਇਸ ਵੱਕਾਰੀ ਪ੍ਰਾਜੈਕਟ ਲਈ ਹਲਕੇ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਚੋ. ਸੁਰਜੀਤ ਕੁਮਾਰ ਜਿਆਣੀ ਵੱਲੋਂ ਅਣਥੱਕ ਕੋਸ਼ਿਸਾਂ ਕੀਤੀਆਂ ਗਈਆਂ ਹਨ, ਜਿਸ ਨੂੰ ਹੁਣ ਬੂਰ ਪਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ. ਨੇ ਦੱਸਿਆ ਕਿ ਫਾਜਿਲਕਾ ਵਿਖੇ ਜਿਲ੍ਹਾ ਵਾਸੀਆਂ ਦੀ ਸਹੂਲਤਾਂ ਲਈ 4 ਏਕੜ ਰਕਬੇ ਵਿਚ ਅਤਿ ਆਧੁਨਿਕ ਬੱਸ ਸਟੈਂਡ ਦੀ ਉਸਾਰੀ ਕੀਤੀ ਜਾਵੇਗੀ।ਇਸ ਪ੍ਰਾਜੈਕਟ ਲਈ ਉਪ ਮੁੱਖ ਮੰਖ਼ਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ 5 ਕਰੋੜ 48 ਲੱਖ ਦੀ ਰਾਸ਼ੀ ਜਾਰੀ ਕੀਤੀ ਗਈ ਹੈ।ਉਨ੍ਹਾ ਦੱਸਿਆ ਕਿ ਪ੍ਰਾਜੈਕਟ ਦੀ ਉਸਾਰੀ ਪੰਜਾਬ ਮੰਡੀ ਬੋਰਡ ਵੱਲੋਂ ਕਰਵਾਈ ਜਾਵੇਗੀ ਤੇ ਇਸ ਸਬੰਧੀ ਮੰਡੀ ਬੋਰਡ ਵੱਲੋਂ ਆਨ ਲਾਈਨ ਟੈਂਡਰ ਜਾਰੀ ਕਰ ਦਿੱਤੇ ਗਏ ਹਨ ਜੋ 18 ਫਰਵਰੀ ਨੂੰ ਖੋਲੇ ਜਾਣੇ ਹਨ ਤੇ ਇਸ ਉਪਰੰਤ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ।ਉਨ੍ਹਾਂ ਦੱਸਿਆ ਕਿ ਪੁਰਾਣੇ ਬੱਸ ਸਟੈਂਡ ਵਾਲੀ ਜਗ੍ਹਾਂ ਓ.ਯੂ.ਵੀ.ਜੀ.ਐਲ. ਸਕੀਮ ਤਹਿਤ ਪੁੱਡਾ ਨੂੰ ਸੌਂਪੀ ਜਾਵੇਗੀ । ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਅੱਗੇ ਦੱਸਿਆ ਕਿ ਨਵਾ ਅਤਿ ਆਧੁਨਿਕ ਸਹੂਲਤਾਂ ਵਾਲਾ ਬੱਸ ਸਟੈਂਡ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਨਗਰ ਕੌਂਸਲ ਦੀ ਸਵਾ ਚਾਰ ਏਕੜ ਜਗ੍ਹਾਂ ਤੇ ਬਣੇਗਾ, ਜਿਸ ਦਾ ਛੱਤਿਆ ਏਰੀਆ 26 ਹਜ਼ਾਰ ਸਕੇਅਰ ਫੁੱਟ ਹੋਵੇਗਾ।ਇਸ ਵਿਚ 6 ਬੱਸ ਵੇਅ ਹੋਣਗੇ ਤੇ ਰੋਡਵੇਜ ਦੇ ਦਫ਼ਤਰ ਸਮੇਤ ਯਾਤਰੀਆਂ ਲਈ ਕੰਟੀਨ ਸਮੇਤ ਹਰ ਸਹੂਲਤ ਉਪਲੰਬਧ ਹੋਵੇਗੀ।ਉਨ੍ਹਾਂ ਕਿਹਾ ਕਿ ਇਹ ਬੱਸ ਸਟੈਂਡ ਨੂੁੰ 6 ਮਹੀਨਿਆਂ ਵਿਚ ਮੁਕੰਮਲ ਕਰਨ ਦਾ ਟੀਚਾ ਹੈ।ਉਨ੍ਹਾਂ ਦੱਸਿਆ ਕਿ ਇਹ ਬੱਸ ਸਟੈਂਡ ਨਗਰ ਕੌਂਸਲ ਫਾਜ਼ਿਲਕਾ ਦੀ ਮਲਕੀਅਤ ਹੋਵੇਗਾ ਤੇ ਇਸ ਤੋਂ ਪ੍ਰਾਪਤ ਹੋਣ ਵਾਲੀ ਆਮਦਨੀ ਨਗਰ ਕੌਂਸਲ ਦੇ ਵਿਕਾਸ ਕਾਰਜਾਂ ਤੇ ਖਰਚ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਇਸ ਅਤਿ ਆਧੁਨਿਕ ਬੱਸ ਸਟੈਂਡ ਦੇ ਮੁਕੰਮਲ ਹੋਣ ਨਾਲ ਜਿੱਥੇ ਟ੍ਰੈਫਿਕ ਸਮੱਸਿਆ ਤੋ ਨਿਜਾਤ ਮਿਲੇਗੀ ਉਥੇ ਹੀ ਲੋਕਾਂ ਨੂੰ ਆਵਾਜਾਈ ਸਬੰਧੀ ਵੱਡੀਆ ਸਹੂਲਤਾਂ ਮਿਲਣਗੀਆਂ ।
Punjab Post Daily Online Newspaper & Print Media