Tuesday, April 7, 2026

50 ਪ੍ਰਤੀਸ਼ਤ ਨੰਬਰ ਲੈਣ ਵਾਲੇ ਅੰਮ੍ਰਿਤਧਾਰੀ ਵਿਦਿਆਰਥੀ ਨੂੰ ਮਿਲੇਗੀ ਟਿਊਸ਼ਨ ਫੀਸ ਵਿੱਚ ਰਿਆਇਤ ਰਾਣਾ

PPN1602201510
ਨਵੀਂ ਦਿੱਲੀ, 16 ਫਰਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ-ਅਧੀਨ ਚਲ ਰਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ ਪੜ੍ਹ ਰਹੇ ਅੰਮ੍ਰਿਤਧਾਰੀ ਬਚਿਆਂ ਨੂੰ ਟਿਊਸ਼ਨ ਫੀਸ ਵਿੱਚ ਦਿੱਤੀ ਜਾ ਰਹੀ ਰਿਆਇਤ, 2015-2016 ਦੇ ਵਰ੍ਹੇ ਲਈ ਜਾਰੀ ਰੱਖਣ ਦੇ ਸੰਬੰਧ ਵਿੱਚ ਵਿਚਾਰ ਕਰਨ ਲਈ ਇਕ ਜ਼ਰੂਰੀ ਬੈਠਕ ਸ. ਪਰਮਜੀਤ ਸਿੰਘ ਰਾਣਾ, ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਦੀ ਪ੍ਰਧਾਨਗੀ ਹੇਠ ਹੋਈ। ਬੈਠਕ ਵਿੱਚ ਸ. ਰਾਣਾ ਤੋਂ ਇਲਾਵਾ ਸ. ਕੁਲਮੋਹਨ ਸਿੰਘ, ਸ. ਚਰਨਜੀਤ ਸਿੰਘ, ਡਾ. ਆਰ ਕੋਹਲੀ ਅਤੇ ਵਿਸ਼ੇਸ਼ ਸਦੇ ਤੇ ਸ. ਕੁਲਵੰਤ ਸਿੰਘ ਬਾਠ ਆਦਿ ਮੁਖੀ ਸ਼ਾਮਲ ਹੋਏ। ਬੈਠਕ ਤੋਂ ਬਾਅਦ ਸ. ਪਰਮਜੀਤ ਸਿੰਘ ਰਾਣਾ ਨੇ ਦਸਿਆ ਇਸ ਬੈਠਕ ਵਿੱਚ ਅੰਮ੍ਰਿਤਧਾਰੀ ਬਚਿਆਂ ਨੂੰ ਟਿਊਸ਼ਨ ਫੀਸ ਵਿੱਚ ਦਿੱਤੀ ਜਾ ਰਹੀ ਰਿਆਇਤ ਦੀ ਯੋਜਨਾ ਪੁਰ ਵਿਚਾਰ-ਵਟਾਂਦਰਾ ਕਰਨ ਉਪਰੰਤ ਫੈਸਲਾ ਕੀਤਾ ਗਿਆ ਕਿ ਅਗਸਤ ਦੇ ਪਹਿਲੇ ਹਫਤੇ ਲਈ ਜਾਣ ਵਾਲੀ ਧਾਰਮਿਕ ਪ੍ਰੀਖਿਆ ਦੇ ਸਿਲੇਬਸ ਅਤੇ ਪ੍ਰੀਖਿਆ ਨਾਲ ਸੰਬੰਧਤ ਸਾਰੇ ਵੇਰਵਿਆਂ ਸਹਿਤ ਪੂਰੀ ਜਾਣਕਾਰੀ ਤੀਸਰੀ ਤੋਂ ਬਾਰ੍ਹਵੀਂ ਜਮਾਤ ਤਕ ਦੇ ਬਚਿਆਂ ਨੂੰ 23 ਫਰਵਰੀ ਤੋਂ ਪਹਿਲਾਂ ਉਪਲਬੱਧ ਕਰਵਾ ਦਿੱਤੀ ਜਏ।
ਉਨ੍ਹਾਂ ਦੱਸਿਆ ਕਿ ਬੈਠਕ ਵਿੱਚ ਇਹ ਫੈਸਲਾ ਵੀ ਕੀਤਾ ਗਿਆ ਕਿ ਧਾਰਮਿਕ ਪ੍ਰੀਖਿਆ ਦੇ ਪੇਪਰ, 80 ਨੰਬਰਾਂ ਦਾ ਲਿਖਤੀ ਅਤੇ 20 ਨੰਬਰਾਂ ਦਾ ਜ਼ਬਾਨੀ, ਪੇਪਰ ਹੋਣਗੇ, ਜਿਨ੍ਹਾਂ ਵਿਚੋਂ 50 ਪ੍ਰਤੀਸ਼ਤ ਨੰਬਰ ਲੈਣ ਵਾਲਾ ਅੰਮ੍ਰਿਤਧਾਰੀ ਵਿਦਿਆਰਥੀ ਹੀ ਟਿਊਸ਼ਨ ਫੀਸ ਵਿੱਚ ਰਿਆਇਤ ਦਾ ਲਾਭ ਪ੍ਰਾਪਤ ਕਰਨ ਦਾ ਅਧਿਕਾਰੀ ਹੋਵੇਗਾ। ਇਸ ਪ੍ਰੀਖਿਆ ਵਿੱਚ ਜੋ ਵਿਦਿਆਰਥੀ ਇਹ ਟੀਚਾ ਪ੍ਰਾਪਤ ਕਰਨ ਵਿੱਚ ਸਫਲ ਨਹੀਂ ਹੋਣਗੇ, ਉਨ੍ਹਾਂ ਨੂੰ 2015-2016 ਦੇ ਵਰ੍ਹੇ ਵਿੱਚ ਦੋਬਾਰਾ ਪ੍ਰੀਖਿਆ ਵਿੱਚ ਸ਼ਾਮਲ ਹੋਣ ਦੀ ਅਗਿਆ ਨਹੀਂ ਹੋਵੇਗੀ। ਉਨ੍ਹਾਂ ਦਸਿਆ ਕਿ ਬੈਠਕ ਵਿੱਚ ਸਰਬ-ਸੰਮਤੀ ਨਾਲ ਕੀਤੇ ਗਏ ਇੱਕ ਹੋਰ ਫੈਸਲੇ ਅਨੁਸਾਰ ਟਿਊਸ਼ਨ ਫੀਸ ਵਿੱਚ ਰਿਆਇਤ ਦਾ ਲਾਭ ਕੇਵਲ ਉਨ੍ਹਾਂ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਹੀ ਮਿਲ ਸਕੇਗਾ, ਜਿਨ੍ਹਾਂ ਦੇ ਮਾਪਿਆਂ ਦੀ ਸਾਲਾਨਾ ਆਮਦਨ ਦੋ ਲੱਖ ਜਾਂ ਇਸਤੋਂ ਘਟ ਹੈ। ਇਹ ਵੀ ਸਪਸ਼ਟ ਕੀਤਾ ਗਿਆ ਕਿ ਰਿਆਇਤ ਕੇਵਲ ਟਿਊਸ਼ਨ ਫੀਸ ਵਿੱਚ ਹੀ ਦਿੱਤੀ ਜਾਇਗੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply