
ਅੰਮ੍ਰਿਤਸਰ, 24 ਫਰਵਰੀ (ਪ੍ਰੀਤਮ ਸਿੰਘ)-ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਅੱਜ ਇਕ ਸੈਮੀਨਾਰ-ਕਮ-ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪਾਕਿਸਤਾਨ ਦੇ ਲਾਹੌਰ ਤੋਂ ਮੈਨੇਜਿੰਗ ਪਾਰਟਨਰ, ਲਰਨਿੰਗ ਪਾਥਵੇਅ ਸ੍ਰੀਮਤੀ ਬੀਨਾ ਰਜ਼ਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਆਪਣੇ ਸੰਬੋਧਨ ਵਿੱਚ ਚਰਿੱਤਰ ਨਿਰਮਾਣ ਨੂੰ ਵਿੱਦਿਆ ਦਾ ਮੁੱਖ ਮਨੋਰਥ ਦੱਸਿਆ। ਉਨ੍ਹਾਂ ਕਿਹਾ ਕਿ ਜੇਕਰ ਜਰੂਰਤ ਪਵੇ ਤਾਂ ਸਿਲੇਬਸ ਵਿੱਚ ਤਰਮੀਮ ਕਰਕੇ ਇਸ ਵਿਸ਼ੇ ਨੂੰ ਖਾਸ ਤੌਰ ‘ਤੇ ਵਿਦਿਆਰਥੀਆਂ ਨੂੰ ਪੜਾਉਣਾ ਚਾਹੀਦਾ ਹੈ।
ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਵੱਲੋਂ ਕਰਵਾਏ ਗਏ ਪ੍ਰੋਗਰਾਮ ਦੌਰਾਨ ਸ੍ਰੀਮਤੀ ਰਜ਼ਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੂਰਨ ਮਨੁੱਖ ਬਣਾਉਣ ਲਈ ਸਾਡੀ ਵਿੱਦਿਆ ਪ੍ਰਣਾਲੀ ਨੂੰ ਬਦਲਣ ਦੀ ਜਰੂਰਤ ਹੈ। ਪ੍ਰਸ਼ਨ-ਉਤਰ ਸ਼ੈਸ਼ਨ ਦੌਰਾਨ ਉਨ੍ਹਾਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਵੱਖ-ਵੱਖ ਸਵਾਲਾਂ ਦੇ ਜਵਾਬ ਵਿੱਚ ਕਿਹਾ ਕਿ ਵਿਦਿਆਰਥੀਆਂ ਵਿੱਚ ਬੋਲਣ ਅਤੇ ਸਮਝਣ ਦੀ ਸਮਰਥਾ ਨੂੰ ਉਜਾਗਰ ਕਰਨਾ ਵੀ ਵਿੱਦਿਆ ਦਾ ਮੁੱਖ ਮੰਤਵ ਹੋਣਾ ਚਾਹੀਦਾ ਹੈ। ਇਸ ਦੌਰਾਨ ਇਕ ਲੇਖ ਮੁਕਾਬਲਾ ਵੀ ਕਰਵਾਇਆ ਗਿਆ।
ਡਾ. ਬਰਾੜ ਨੇ ਸ੍ਰੀਮਤੀ ਰਜ਼ਾ ਦਾ ਸਕੂਲ ਪਹੁੰਚਣ ‘ਤੇ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਉਹ ਲਰਨਿੰਗ ਪਾਥਵੇਅ ਤੋਂ ਇਲਾਵਾ ਅਮਰੀਕਾ ਦੇ ਮੈਕਸ ਵਾਰਬੁਰਕ ਸੰਸਥਾਵਾਂ ਨਾਲ ਤਾਲਮੇਲ ਕਰਕੇ ਵਿੱਦਿਆ ਨੂੰ ਹੋਰ ਵੀ ਅੰਤਰਰਾਸ਼ਟਰੀ ਪੱਧਰ ਦਾ ਬਣਾਉਣ ਵਿੱਚ ਯਤਨਸ਼ੀਲ ਹਨ।
Punjab Post Daily Online Newspaper & Print Media