ਅੰਮ੍ਰਿਤਸਰ, 07 ਮਾਰਚ (ਦੀਪ ਦਵਿੰਦਰ ਸਿੰਘ) – ”ਬੋਲੀ ਕਿਸੇ ਵੀ ਖਿੱਤੇ ਦੀ ਮੂਲ ਪਛਾਣ ਹੁੰਦੀ ਹੈ। ਬੋਲੀ ਦਾ ਲਿਖਤ ਰੂਪ ਹੀ ਭਾਸ਼ਾ ਅਖਵਾਉਂਦਾ ਹੈ। ਬੋਲੀ ਨੂੰ ਕਿਸੇ ਧਰਮ ਫਿਰਕੇ ਜਾਂ ਕਬੀਲੇ ਨਾਲ ਨਹੀਂ ਜੋੜਿਆ ਜਾ ਸਕਦਾ। ਪੰਜਾਬ ਵਿੱਚ ਪ੍ਰਮੁੱਖ ਤੌਰ ਤੇ ਬੋਲੀ ਜਾਣ ਵਾਲੀ ਬੋਲੀ ਪੰਜਾਬੀ ਹੈ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਰਾਖੀ ਲਈ ਆਪਣੀ ਮਾਂ ਬੋਲੀ ਪੰਜਾਬੀ ਦੀ ਸਲਾਮਤੀ ਲਈ ਜਿਥੇ ਸਮੂਹ ਪੰਜਾਬੀਆਂ ਦੀ ਜਿੰਮੇਵਾਰੀ ਬਣਦੀ ਹੈ, ਉਥੇ ਰਾਜ ਸਰਕਾਰ ਦੀ ਵੀ ਇਹ ਵੱਡੀ ਜੁੰਮੇਵਾਰੀ ਹੈ ਕਿ ਪੰਜਾਬੀ ਬੋਲੀ ਤੇ ਭਾਸ਼ਾ ਦੀ ਉਨਤੀ ਲਈ ਹਰ ਸੰਭਵ ਯਤਨ ਕਰੇ। ਪਰ ਕਈ ਸਾਲਾਂ ਤੋਂ ਪੰਜਾਬ ਸਰਕਾਰ ਵੱਲੋਂ ਵਰਤੀ ਜਾ ਰਹੀ ਅਣਗਹਿਲੀ ਕਾਰਨ ਪੰਜਾਬੀ ਭਾਸ਼ਾ ਤੇ ਬੋਲੀ ਦਾ ਭਵਿੱਖ ਧੁੰਦਲਾ ਹੁੰਦਾ ਜਾ ਰਿਹਾ ਹੈ। ਸਕੂਲਾਂ ਵਿੱਚ ਅੰਗ੍ਰੇਜ਼ੀ ਮਾਧਿਅਮ ਨੂੰ ਤਰਜੀਹ ਦਿੱਤੀ ਜਾ ਰਹੀਂ ਹੈ।ਘਰਾਂ ਵਿੱਚ ਪੰਜਾਬੀ ਬੋਲਣੀ ਸੀਮਤ ਹੁੰਦੀ ਜਾ ਰਹੀਂ ਹੈ।ਪੰਜਾਬੀ ਬੋਲੀ ਤੇ ਭਾਸ਼ਾ ਦੀ ਸਲਾਮਤੀ ਲਈ ਕੀਤੇ ਜਾ ਰਹੇ ਯਤਨ ਵਿੱਚ ਅਸੀਂ ਵੀ ਆਪਣੀ ਸ਼ਮੂਲੀਅਤ ਪਰਵਾਨ ਕਰਦੇ ਹਾਂ”। ਇਹ ਵਿਚਾਰ ਅੱਜ ਫੋਕਲੋਰ ਰਿਸਰਚ ਅਕਾਦਮੀ, ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ, ਅੱਖ਼ਰ ਕਾਵਿ ਕਬੀਲਾ, ਵਿਰਸਾ ਵਿਹਾਰ ਸੁਸਾਇਟੀ, ਇੰਟਰਨੈਸ਼ਨਲ ਹਿਊਮਨ ਰਾਈਟਸ, ਪੰਜਾਬ ਸੰਵਾਦ ਮੰਚ, ਨਾਰੀ ਚੇਤਨਾ ਮੰਚ, ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਰਣਜੀਤ ਐਵੇਨਿਊ ਅਤੇ ਹੋਰ ਸਾਹਿਤਕ ਅਤੇ ਸਭਿਆਚਾਰਕ ਸੰਸਥਾਵਾਂ ਅਤੇ ਸ਼ਖਸੀਅਤਾਂ ਵੱਲੋਂ ਮਾਂ ਬੋਲੀ ਦੇ ਹੱਕ ਵਿੱਚ ਕਰਵਾਏ ਗਏ ਸਮਾਗਮ ਅਤੇ ਮਾਰਚ ਵਿੱਚ ਉਕਤ ਸੰਸਥਾਵਾਂ ਦੇ ਆਗੂ ਸ਼ਾਇਰ ਪ੍ਰਮਿੰਦਰਜੀਤ, ਰਮੇਸ਼ ਯਾਦਵ, ਭੂਪਿੰਦਰ ਸਿੰਘ ਸੰਧੂ, ਡਾ: ਇੰਦਰਾ ਵਿਰਕ, ਡਾ: ਇਕਬਾਲ ਕੌਰ, ਡਾ. ਰਾਣੀ, ਹਰਮਿੰਦਰ ਪਾਲ ਸਿੰਘ, ਸ਼ਿਵਦੇਵ ਸਿੰਘ, ਡਾ: ਸੁਖਦੇਵ ਸਿੰਘ ਸੇਖੋਂ, ਪਰਮਜੀਤ ਸਿੰਘ ਗੰਡੀਵਿੰਡ, ਗੁਰਦੇਵ ਸਿੰਘ ਮਹਿਲਾਂਵਾਲਾ, ਰਣਜੀਵ ਰਾਜਾ, ਇੰਦਰ ਸਿੰਘ ਮਾਨ, ਸੁਮੀਤ ਸਿੰਘ, ਡਾ: ਕਸ਼ਮੀਰ ਸਿੰਘ, ਹਰਜੀਤ ਸਿੰਘ ਰਾਜਾਸਾਂਸੀ, ਤੇਜਿੰਦਰ ਬਾਵਾ, ਹਰਮਨਦੀਪ ਸਿੰਘ, ਸਤਨਾਮ ਸਿੰਘ ਪਾਖਰਪੁਰਾ, ਸੁਖਵਿੰਦਰ ਪਾਲ ਸਿੰਘ, ਸੁਖਵੰਤ ਸਿੰਘ, ਸੁਖਬੀਰ ਅੰਮ੍ਰਿਤਸਰੀ, ਡਾ: ਭੂਪਿੰਦਰ ਸਿੰਘ ਭਕਨਾ, ਡਾ: ਸੰਤ ਸੇਵਕ ਸਿੰਘ ਸਰਕਾਰੀਆ, ਗਰਪ੍ਰੀਤ ਸਿੰਘ ਸਿੱਧੂ, ਡਾ: ਉਮ ਪ੍ਰਕਾਸ਼, ਦਿਨੇਸ਼ ਭੱਲਾ, ਬਲਜੀਤ ਸਿੰਘ ਬੱਲੀ, ਲਖਬੀਰ ਸਿੰਘ ਨਿਜਾਮਪੁਰਾ, ਸੰਨੀ ਚੱਢਾ, ਬਲਬੀਰ ਸਿੰਘ ਮੂਧਲ, ਗੁਰਜਿੰਦਰ ਮਾਹਲ, ਸਵਿੰਦਰ ਸਿੰਘ ਬਿੱਟੂ, ਮਾਮਾ ਸਿੰਕਦਰ, ਸੰਨੀ ਸ਼ਰਮਾ, ਗੁਰਬਾਜ ਛੀਨਾ, ਹਰਮੀਤ ਆਰਟਿਸਟ ਆਦਿ ਨੇ ਪ੍ਰਗਟ ਕੀਤੇ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਅਧਿਆਪਕਾਂ ਨੇ ਸਿਰਕਤ ਕਰਕੇ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਡਟਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਉਹ ਮਾਣ ਨਾਲ ਪੰਜਾਬੀ ਬੋਲਣ, ਪੰਜਾਬੀ ਲਿਖਣ ਅਤੇ ਪੰਜਾਬੀ ਕਹਾਉਣ। ਇਸ ਮੌਕੇ ਸਤਇੰਦਰ ਸਿੰਘ ਅਤੇ ਹੋਰਾਂ ਨੇ ਗੀਤ ਪੇਸ਼ ਕੀਤੇ ਅਤੇ ਹਾਜ਼ਰੀਨ ਨੇ ਉੱਚੀ ਆਵਾਜ਼ ਵਿੱਚ ਨਾਹਰੇ ਬੁਲੰਦ ਕਰਕੇ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਗੱਲ ਕੀਤੀ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media