ਬਹਾਦਰ ਅਧਿਆਪਕ ਵੱਲੋਂ ਕੀਤੇ ਕੰਮ ‘ਤੇ ਸਾਰੇ ਪੰਜਾਬ ਨੂੰ ਮਾਣ ਹੋਣਾ ਚਾਹੀਦਾ ਹੈ- ਸੁਨੀਲ ਜਾਖੜ
ਫਾਜਿਲਕਾ, 10 ਮਾਰਚ (ਵਿਨੀਤ ਅਰੋੜਾ) – ਬਹਾਦਰ ਅਧਿਆਪਕ ਸੰਦੀਪ ਨਾਰੰਗ ਵੱਲੋਂ ਕੀਤਾ ਗਿਆ ਕੰਮ ਇਕ ਬੇਹੱਦ ਸ਼ਲਾਘਾਯੋਗ ਕੰਮ ਹੈ, ਜਿਸ ਤੇ ਇਕੱਲੇ ਫਾਜ਼ਿਲਕਾ ਨੂੰ ਹੀ ਨਹੀਂ ਸਗੋਂ ਸਾਰੇ ਪੰਜਾਬ ਨੂੰ ਮਾਣ ਹੋਣਾ ਚਾਹੀਦਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਅਤੇ ਅਬੋਹਰ ਦੇ ਵਿਧਾਇਕ ਸੁਨੀਲ ਜਾਖੜ ਨੇ ਸ਼ਹੀਦ ਸੰਦੀਪ ਨਾਰੰਗ ਦੇ ਘਰ ਉਨ੍ਹਾਂ ਦੇ ਮਾਤਾ ਪਿਤਾ ਤੇ ਹੋਰ ਰਿਸ਼ਤੇਦਾਰਾਂ ਨਾਲ ਅਫਸੋਸ ਜ਼ਾਹਿਰ ਕਰਦਿਆਂ ਕੀਤਾ।
ਸ਼੍ਰੀ ਜਾਖੜ ਨੇ ਕਿਹਾ ਕਿ ਸਵ: ਸ਼ਹੀਦ ਨਾਰੰਗ ਵੱਲੋਂ ਦਿਤੀ ਗਈ ਸ਼ਹੀਦੀ ਅਜਾਈ ਨਹੀਂ ਜਾਣੀ ਚਾਹੀਦੀ, ਸਗੋਂ ਸਮੂਹਿਕ ਤੌਰ ਤੇ ਰਾਜਨੀਤਿਕ ਸੋਚ ਤੋਂ ਉਪਰ ਉਠ ਕੇ ਉਸ ਦੀ ਬਹਾਦਰੀ ਤੇ ਪਿਛੇ ਪਰਿਵਾਰ ਨੂੰ ਹਰ ਤਰਾਂ ਦੇ ਆਰਥਿਕ ਤੇ ਸਮਾਜਿਕ ਸਹਿਯੋਗ ਦਾ ਪੂਰਾ ਸੁਚੱਜਾ ਉਪਰਾਲਾ ਕਰਨਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਦੇ ਮਾਤਾ ਪਿਤਾ ਦਾ ਬਾਕੀ ਦਾ ਜੀਵਨ ਸੁਖਾਲਾ ਹੋ ਸਕੇ। ਸ਼੍ਰੀ ਜਾਖੜ ਨੇ ਕਿਹਾ ਸ਼ਹੀਦ ਨਾਰੰਗ ਦੀ ਪਤਨੀ ਤੇ ਉਸ ਦੇ ਭਰਾ ਨੂੰ ਸਰਕਾਰੀ ਨੌਕਰੀ ਦਿਤੀ ਜਾਣੀ ਚਾਹੀਦੀ ਹੈ ਤੇ ਇਸ ਦੇ ਨਾਲ ਹੀ ਉਸ ‘ਤੇ ਸਭ ਦੇ ਸਹਿਯੋਗ ਨਾਲ ਹੋਇਆ ਖਰਚ ਦੇ ਰੀਅੰਬਰਸਮੈਂਟ ਬਿੱਲ ਸਿਖਿਆ ਤੇ ਸਿਹਤ ਵਿਭਾਗ ਵੱਲੋਂ ਪਾਸ ਕੀਤੇ ਜਾਣ। ਇਸ ਬਾਰੇ ਉਨ੍ਹਾਂ ਵੱਲੋਂ ਵੀ ਸਿਹਤ ਮੰਤਰੀ ਪੰਜਾਬ ਸੁਰਜੀਤ ਕੁਮਾਰ ਜਿਆਣੀ ਨਾਲ ਨਿੱਜੀ ਤੌਰ ਤੇ ਗੱਲ ਕੀਤੀ ਜਾਵੇਗੀ। ਉਨ੍ਹਾਂ ਪੁਲਸੀਆ ਕਾਰਵਾਈ ਤੇ ਸਵਾਲੀਆ ਨਿਸ਼ਾਨ ਲਗਾਉਂਦਿਆਂ ਕਿਹਾ ਕਿ 22 ਦਿਨ ਬੀਤ ਜਾਣ ‘ਤੇ ਪੁਲਸ ਵੱਲੋਂ ਕਾਰਵਾਈ ਨੂੰ ਅੱਗੇ ਨਹੀਂ ਵਧਾਇਆ ਜੋਕਿ ਸ਼ਰਮਨਾਕ ਗੱਲ ਹੈ।ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਪੰਜਾਬ ਸਮੇਤ ਖਾਸਕਰ ਜਿਲ੍ਹੇ ਵਿਚ ਕਾਨੂੰਨ ਵਿਵਸਥਾ ਦਾ ਬਹੁਤ ਬੁਰਾ ਹਾਲ ਹੈ।
ਸਵ: ਨਾਰੰਗ ਦੀ ਸ਼ਹੀਦੀ ਬਾਰੇ ਉਨ੍ਹਾਂ ਕਿਹਾ ਕਿ ਉਸ ਦੀ ਬਹਾਦਰੀ ਤੇ ਸਮੂਹਿਕ ਮਿਹਨਤ ਨਾਲ ਪੰਜਾਬ ਸਰਕਾਰ ਵੱਲੋਂ ਬਹਾਦਰੀ ਐਵਾਰਡ ਦਿਵਾਉਣਾ ਚਾਹੀਦਾ ਹੈ ਤੇ ਇਸ ਲਈ ਪੰਜਾਬ ਸਰਕਾਰ ਨੂੰ ਉਸ ਦੀ ਬਹਾਦਰੀ ਬਦਲੇ ਸਨਮਾਨ ਦੇਣ ਦੇ ਨਾਲ-ਨਾਲ ਨੈਸ਼ਨਲ ਅਵਾਰਡ ਦਿਵਾਉਣ ਦਾ ਉਪਰਾਲਾ ਵੀ ਕਰਨਾ ਚਾਹੀਦਾ ਹੈ ਤਾਂ ਜੋ ਇਹ ਸ਼ਹੀਦੀ ਇਕ ਸਰਕਾਰੀ ਸਨਮਾਨ ਬਣ ਸਕੇ।ਉਨ੍ਹਾਂ ਸਵ. ਨਾਰੰਗ ਦੀ ਸ਼ਹੀਦੀ ਤੇ ਵੱਖ-ਵੱਖ ਅਧਿਆਪਕ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਅਪੀਲ ਤੇ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਉਹ ਹਰ ਤਰਾਂ ਦਾ ਸਹਿਯੋਗ ਕਰਨਗੇ ਅਤੇ ਵਿਧਾਨ ਸਭਾ ਸ਼ੈਸ਼ਨ ਵਿਚ ਵੀ ਇਸ ਪੂਰੇ ਸਹਿਯੋਗ ਸੰਬੰਧੀ ਆਵਾਜ ਉਠਾਉਣਗੇ।ਇਸ ਮੌਕੇ ਉਨ੍ਹਾਂ ਦੇ ਨਾਲ ਨਾਲ ਫਾਜ਼ਿਲਕਾ ਤੋਂ ਕਾਂਗਰਸੀ ਆਗੂ ਰੰਜਮ ਕਾਮਰਾ, ਬਾਬੂ ਬਾਜਵਾ, ਰਾਜੂ ਨਾਰੰਗ, ਰਵੀ ਰਿਣਵਾ, ਸੰਜੀਵ ਸਚਦੇਵਾ ਤੋਂ ਇਲਾਵਾ ਹੋਰ ਕਾਂਗਰਸੀ ਆਗੂ ਤੇ ਸ਼ਹਿਰ ਦੇ ਸਮਾਜਿਕ ਤੇ ਧਾਰਮਿਕ ਤੇ ਸਿਖਿਅਕ ਸੰਸਥਾਵਾਂ ਦੇ ਆਹੁਦੇਦਾਰ ਹਾਜ਼ਰ ਸਨ।
Punjab Post Daily Online Newspaper & Print Media