Saturday, April 25, 2026

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਜਲ ਦਿਵਸ ਮਨਾਇਆ

ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੀ ਸਮੱਸਿਆ ਅਤੇ ਪ੍ਰਬੰਧਨ ਵਿਸ਼ੇ ‘ਤੇ ਵਿਸ਼ੇਸ਼ ਸੈਮੀਨਾਰ

PPN2603201503
ਬਠਿੰਡਾ, 26 ਮਾਰਚ (ਅਵਤਾਰ ਸਿੰਘ ਕੈਂਥ) : ਅੰਤਰਰਾਸ਼ਟਰੀ ਜਲ ਦਿਵਸ ਮੌਕੇ, ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਖੇਤੀਬਾੜੀ ਕਾਲਜ ਵੱਲੋਂ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੀ ਸਮੱਸਿਆ ਅਤੇ ਉਸਦੇ ਸਹੀ ਪ੍ਰਬੰਧਨ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਨਛੱਤਰ ਸਿੰਘ ਮੱਲ੍ਹੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉੱਘੇ ਜਲ ਪ੍ਰਬੰਧਕ ਅਤੇ ਚਿੰਤਕ, ਡਾ. ਗੁਰਦੇਵ ਸਿੰਘ ਹੀਰਾ (ਰਿਟਾ. ਐਡੀਸ਼ਨਲ ਡਾਇਰੈਕਟਰ ਰਿਸਰਚ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ) ਨੇ ਮੁੱਖ ਬੁਲਾਰੇ ਵਜੋਂ ਕੁੰਜੀਵਤ ਭਾਸ਼ਣ ਸਰੋਤਿਆਂ ਦੇ ਸਨਮੁੱਖ ਕੀਤਾ। ਖੇਤੀਬਾੜੀ ਕਾਲਜ ਦੇ ਡੀਨ ਡਾ. ਅਜਮੇਰ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਸਮੇਤ ਸਮੂਹ ਸਰੋਤਿਆਂ ਨੂੰ ‘ਜੀ ਆਇਆਂ’ ਆਖਿਆ। ਡਾ. ਹੀਰਾ ਹੁਰਾਂ ਨੇ ਆਪਣੇ ਭਾਸ਼ਣ ਵਿਚ ਮੁੱਢਲੇ ਪੰਜਾਬ ਦੀ ਪਾਣੀ ਦੀ ਵੰਡ, ਨਹਿਰਾਂ ਦਾ ਵਿਕਾਸ ਅਤੇ ਅਜੋਕੇ ਪੰਜਾਬ ਵਿਚ ਪਾਣੀ ਦੀ ਮੂੰਹ ਬੋਲਦੀ ਤਸਵੀਰ ਬਿਆਨ ਕੀਤੀ। ਉਨ੍ਹਾਂ ਦੱਖਣ-ਪੱਛਮੀ ਪੰਜਾਬ ਦੇ ਕੁੱਝ ਜਿਲ੍ਹੇ ਜੋ ਕਿ ਸੇਮ ਦਾ ਸ਼ਿਕਾਰ ਹੋਏ ਹਨ, ਬਾਰੇ ਵਿਸਥਾਰ ਨਾਲ ਦੱਸਿਆ ਅਤੇ ਵੱਖ-ਵੱਖ ਸ੍ਰੋਤਾਂ ਦੇ ਅੰਕੜੇ ਦਿਖਾਉਂਦੇ ਹੋਏ ਇਸ ਤੋਂ ਛੁਟਕਾਰਾ ਪਾਉਣ ਦੇ ਹੱਲ ਵੀ ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰ ਸਰੋਤਿਆਂ ਨਾਲ ਸਾਂਝੇ ਕੀਤੇ। ਉਪਰੋਕਤ ਦੱਸੇ ਖੇਤਰ ਵਿਚ ਫਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਪ੍ਰਮੁੱਖ ਹਨ। ਇਸ ਤੋਂ ਛੁੱਟ ਡਾ. ਹੀਰਾ ਨੇ ਸਬ-ਸਰਫੇਸ ਟਿਊਬਵੈੱਲ ਵਿਧੀ ਕਿਸਾਨ ਵੀਰਾਂ ਨੂੰ ਅਪਣਾਉਣ ਲਈ ਅਪੀਲ ਕੀਤੀ, ਜਿਸ ਸਦਕਾ ਸੇਮ ਦੀ ਮਾਰ ਤੋਂ ਬਹੁਤ ਹੱਦ ਤੱਕ ਬਚਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਾਟਰ ਪ੍ਰੀਜ਼ਰਵੇਸ਼ਨ ਐਕਟ 2008 ਦੇ ਪਾਸ ਹੋਣ ਪਿੱਛੇ ਡਾ. ਗੁਰਦੇਵ ਸਿੰਘ ਹੀਰਾ ਦਾ ਬਹੁਤ ਵੱਡਾ ਯੋਗਦਾਨ ਹੈ, ਜਿਸ ਸਦਕਾ ਪਾਣੀ ਮਾਮਲਿਆਂ ਵਿਚ ਪੰਜਾਬ ਨੂੰ ਕੁੱਝ ਰਾਹਤ ਮਿਲਦੀ ਮਹਿਸੂਸ ਹੋ ਰਹੀ ਹੈ। ਇਸਦੇ ਨਾਲ-ਨਾਲ ਡਾ. ਹੀਰਾ ਨੇ ਪਾਣੀ ਦੀ ਜਿਆਦਾ ਖਪਤ ਹੋਣ ਕਾਰਨ ਝੋਨੇ ਦੀ ਫਸਲ ਦੀ ਅਗੇਤੀ ਬਿਜਾਈ ਨੂੰ ਵੀ ਨੁਕਸਾਨਦੇਹ ਦੱਸਿਆ। ਇਸਦੇ ਉਲਟ ਅੱਧ ਜੂਨ ਤੋਂ ਬਾਅਦ ਕੀਤੀ ਝੋਨੇ ਦੀ ਬਿਜਾਈ ਨਾਲ ਪਾਣੀ ਦੀ ਕਾਫੀ ਬੱਚਤ ਹੁੰਦੀ ਹੈ। ਇਸ ਅਮਲ ਦੇ ਨਤੀਜੇ ਵਜੋਂ ਪਿਛਲੇ ਸਾਲਾਂ ਦੌਰਾਨ ਧਰਤੀ ਹੇਠਲੇ ਪਾਣੀ ਦੇ ਪੱਧਰ ਵਿਚ ਬਹੁਤ ਸੁਧਾਰ ਹੋਇਆ ਹੈ। ਮੁੱਖ ਮਹਿਮਾਨ ਡਾ. ਨਛੱਤਰ ਸਿੰਘ ਮੱਲ੍ਹੀ, ਉਪ ਕੁਲਪਤੀ, ਗੁਰੂ ਕਾਸ਼ੀ ਯੂਨੀਵਰਸਿਟੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸੂਬਾਈ ਸਰਕਾਰਾਂ, ਖੇਤੀਬਾੜੀ ਯੂਨੀਵਰਸਿਟੀਆਂ ਅਤੇ ਕਿਸਾਨ ਜੇਕਰ ਇਕਜੁੱਟ ਹੋ ਕੇ ਤੁਰਨ ਤਾਂ ਹੀ ਪਾਣੀ ਦੀ ਮੁਸ਼ਕਿਲ ਦਾ ਕੋਈ ਹੱਲ ਕੀਤਾ ਜਾ ਸਕਦਾ ਹੈ। ਜਿਸ ਨਾਲ ਸੇਮ ਅਤੇ ਸੋਕੇ ਵਰਗੀਆਂ ਸਮੱਸਿਅਵਾਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਡਾ. ਹੀਰਾ ਦਾ ਸਪੱਸ਼ਟ ਸ਼ਬਦਾਵਲੀ ਵਿਚ ਕੰਪਿਊਟਰ ਪ੍ਰਸਤੁਤੀਕਰਨ ਦੇ ਜ਼ਰੀਏ ਪਾਣੀ ਦੀ ਸਮੱਸਿਆ ਦੇ ਪੇਚੀਦਾ ਵਿਸ਼ੇ ‘ਤੇ ਪੰਜਾਬ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਦੀ ਤਸਵੀਰ ਪੇਸ਼ ਕਰਨ ਸੰਬੰਧੀ ਧੰਨਵਾਦ ਵੀ ਕੀਤਾ। ਸਮੁੱਚੇ ਤੌਰ ਤੇ ਇਹ ਸੈਮੀਨਾਰ ਖੇਤੀਬਾੜੀ ਵਿਸ਼ੇ ਦੇ ਵਿਦਿਆਰਥੀਆਂ ਅਤੇ ਅਧਿਆਪਕ ਸਰੋਤਿਆਂ ਲਈ ਬਹੁਤ ਲਾਹੇਵੰਦ ਹੋ ਨਿੱਬੜਿਆ, ਜਿਹੜੇ ਕਿ ਇਨ੍ਹਾਂ ਨਵੀਨ ਤਕਨੀਕਾਂ ਨੂੰ ਆਪਣੀ ਖੇਤੀਯੋਗ ਜ਼ਮੀਨ ‘ਤੇ ਅਪਨਾਉਣਗੇ। ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਖੇਤੀਬਾੜੀ ਵਿਭਾਗ ਦੇ ਪ੍ਰੋ. ਡਾ. ਜਗਦੇਵ ਸਿੰਘ ਬਰਾੜ ਨੇ ਕੀਤਾ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ, ਡਾ. ਧਰੁਵ ਰਾਜ ਗੋਦਾਰਾ ਨੇ ਬੁਲਾਰੇ ਅਤੇ ਸਰੋਤਿਆਂ ਸਭ ਦਾ ਧੰਨਵਾਦ ਕੀਤਾ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply