ਮਾਮਲਾ ਗੱਡੀਆਂਦੇ ਕਿਰਾਏ ਦੁੱਗਣੇ ਕਰਨ ਦਾ…………
ਪੱਟੀ, 31 ਮਾਰਚ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਪ੍ਰਾਈਵੇਟ ਸਕੂਲਾਂ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਦੀ ਕੀਤੀ ਜਾਂਦੀ ਲੁੱਟ ਦੇ ਵਿਰੁੱਧ ਲੋਕਾਂ ਦਾ ਗੁੱਸਾ ਅੱਜ ਉਸ ਸਮੇਂ ਫੁੱਟ ਪਿਆ ਜਦੋਂ ਸਥਾਨਕ ਸੈਕਰਡ ਹਾਰਟ ਕਾਂਨਵੈਂਟ ਸਕੂਲ ਠੱਕਰਪੁਰਾ ਦੇ ਬਾਹਰ ਕਿਸਾਨ ਸੰਘਰਸ਼ ਕਮੇਟੀ ਆਗੂ ਸੂਬੇਦਾਰ ਚਰਨ ਸਿੰਘ ਬੈਂਕਾਂ ਦੀ ਅਗਵਾਈ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਰੋਸ ਮੁਜਾਹਰਾ ਕਰਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ‘ਤੇ ਹਾਜਰ ਚਰਨ ਸਿੰਘ, ਕਸ਼ਮੀਰ ਸਿੰਘ, ਜਸਦੀਪ ਸਿੰਘ, ਹਰਪ੍ਰੀਤ ਕੌਰ, ਪਲਵਿੰਦਰ ਕੌਰ, ਗੁਰਸਾਹਿਬ ਸਿੰਘ, ਰਣਜੀਤ ਸਿੰਘ, ਸੁਰਜੀਤ ਸਿੰਘ, ਬਲਜਿੰਦਰ ਸਿੰਘ, ਨਰਿੰਦਰ ਸਿੰਘ, ਨਿਸ਼ਾਨ ਸਿੰਘ, ਸੁੱਚਾ ਸਿੰਘ ਆਦਿ ਨੇ ਦੱਸਿਆ ਕਿ ਸਕੂਲ ਵੱਲੋਂ ਆਏ ਸਾਲ ਦਾਖਲੇ ਅਤੇ ਫੀਸਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ ਪਰ ਅਸੀਂ ਸਭ ਕੁਝ ਜਰਦੇ ਰਹੇ ਹਾਂ ਪਰ ਹੁਣ ਸਕੂਲ ਪ੍ਰਬੰਧਕਾਂ ਦੀ ਸ਼ਹਿ ‘ਤੇ ਬੱਚਿਆਂ ਨੂੰ ਸਕੂਲ ਲਿਜਾਣ ਵਾਲੀਆਂ ਗੱਡੀਆਂ ਵਾਲਿਆਂ ਵੱਲੋਂ ਕਿਰਾਇਆ ਦੁੱਗਣਾ ਕਰ ਦਿੱਤਾ ਗਿਆ ਹੈ ਅਤੇ ਜਦੋਂ ਅਸੀਂ ਇਸ ਸਬੰਧੀ ਸਕੂਲ ਪ੍ਰਬੰਧਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਉਲਟਾ ਗੱਡੀਆਂ ਵਾਲਿਆਂ ਦਾ ਪੱਖ ਲੈਣਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਜਿੱਥੇ ਗੱਡੀਆਂ ਵਾਲੇ 500 ਤੋਂ 600 ਰੁਪਏ ਪ੍ਰਤੀ ਬੱਚਾ ਲੈਂਦੇ ਸਨ, ਹੁਣ ਇੱਕਦਮ ਇੱਕ ਹਜ਼ਾਰ ਤੋਂ ਬਾਰਾਂ ਸੌ ਰੁਪਏ ਪ੍ਰਤੀ ਬੱਚਾ ਕਰ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਕੈਰੋਂ, ਜੌੜਾ ਆਦਿ ਪਿੰਡਾਂ ਤੋਂ ਬੱਚੇ ਲਿਜਾਣ ਵਾਲੀਆਂ ਗੱਡੀਆਂ ਵਾਲੇ 8 ਸੌ ਰੁਪਏ ਕਿਰਾਇਆ ਲੈ ਰਹੇ ਹਨ ਜਦੋਂਕਿ ਪੱਟੀ ਤੋਂ ਬੱਚੇ ਲਿਜਾਣ ਵਾਲੇ ਇੱਕ ਹਜ਼ਾਰ ਤੋਂ ਬਾਰਾਂ ਸੌ ਰੁਪਏ ਪ੍ਰਤੀ ਮਹੀਨਾ ਲੈ ਰਹੇ ਹਨ ਅਤੇ ਗੱਡੀਆਂ ਵਿੱਚ ਬੱਚਿਆਂ ਦੀ ਗਿਣਤੀ ਵੀ ਨਿਰਧਾਰਿਤ ਬੱਚਿਆਂ ਤੋਂ ਲੱਗਭੱਗ ਦੁੱਗਣੀ ਹੁੰਦੀ ਹੈ।
ਵਿਦਿਆਰਥੀਆਂ ਦੇ ਮਾਪਿਆਂ ਨੇ ਕਿਹਾ ਕਿ ਜਦੋਂ ਉਹਨਾਂ ਆਪਣੇ ਤੌਰ ‘ਤੇ ਗੱਡੀ ਦਾ ਇੰਤਜ਼ਾਮ ਕਰਕੇ ਗੱਡੀ ਭੇਜਣੀ ਸ਼ੁਰੂ ਕੀਤੀ ਤਾਂ ਸਕੂਲ ਵਾਲਿਆਂ ਨੇ ਉਸ ਗੱਡੀ ਵਾਲੇ ਨੂੰ ਬੱਚੇ ਲਿਆਉਣ ਤੋਂ ਮਨ੍ਹਾਂ ਕਰ ਦਿੱਤਾ।ਉਨ੍ਹਾਂ ਕਿਹਾ ਕਿ ਜਦੋਂ ਉਨਾਂ ਇਸ ਸਬੰਧੀ ਸਕੂਲ ਦੇ ਡਾਇਰੈਕਟਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਸ ਦੁੱਗਣੇ ਕੀਤੇ ਕਿਰਾਏ ਨੂੰ ਜਾਇਜ਼ ਠਹਿਰਾਉਣਾ ਸ਼ੁਰੂ ਕਰ ਦਿੱਤਾ ਅਤੇ ਉਲਟਾ ਕਹਿ ਰਹੇ ਹਨ ਕਿ ਮਾਪਿਆਂ ਨੂੰ ਪਾਸ ਗੱਡੀਆਂ ‘ਤੇ ਹੀ ਬੱਚੇ ਭੇਜਣੇ ਪੈਣਗੇ ਨਹੀਂ ਤਾਂ ਉਹ ਆਪਣੇ ਬੱਚੇ ਸਕੂਲੋਂ ਹਟਾ ਲੈਣ।ਲੋਕਾਂ ਨੇ ਸਿੱਖਿਆ ਵਿਭਾਗ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਹੋ ਰਹੀ ਲੁੱਟ ਨੂੰ ਬੰਦ ਕਰਵਾਇਆ ਜਾਵੇ ਨਹੀਂ ਤਾਂ ਉਹ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਕਰੜਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਜਦੋਂ ਇਸ ਸਬੰਧੀ ਸਕੂਲ ਦੇ ਡਾਇਰੈਕਟਰ ਫਾਦਰ ਲਾਰੈਂਸ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨਾਂ ਵੱਲੋਂ ਪਾਸ ਗੱਡੀਆਂ ਵਾਲਿਆਂ ਨੇ ਆਪਣੇ ਟੈਕਸ ਤਾਰੇ ਹਨ ਅਤੇ ਇਹ ਗੱਡੀਆਂ ਡੀ.ਸੀ ਵੱਲੋਂ ਨਿਰਧਾਰਿਤ ਸ਼ਰਤਾਂ ਅਨੁਸਾਰ ਹਨ।