
ਘੁਮਾਣ (ਗੁਰਦਾਸਪੁਰ), 5 ਅਪ੍ਰੈਲ (ਨਰਿੰਦਰ ਬਰਨਾਲ) – ਇਤਿਹਾਸਕ ਕਸਬਾ ਘੁਮਾਣ ਵਿਖੇ ਹੋ ਰਹੇ ਤਿੰਨ ਰੋਜ਼ਾ 88ਵੇਂ ਆਖਿਲ ਭਾਰਤੀ ਸਾਹਿਤ ਸੰਮੇਲਨ ਦੇ ਸਮਾਪਤੀ ਸਮਾਰੋਹ ਮੌਕੇ ‘ਆਧੁਨਿਕ ਤਕਨੀਕ ਅਤੇ ਪ੍ਰਿੰਟ ਸਾਹਿਤ ਦੇ ਭਵਿੱਖ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਡਾ. ਕੇਸ਼ਵ ਦੇਸ਼ਮੁੱਖ ਨੇ ਕੀਤੀ। ਇਸ ਮੌਕੇ ਸ਼੍ਰੀਪ੍ਰਾਦ ਅਪਰਾਜਿਤ, ਨਰੇਂਦਰ ਲਾਂਜੇਵਾਂਰ, ਮਾਧਵਰਾਜੇ ਚੋਸਾਲਕਰ, ਮਹਿੰਦਰ ਮੁੰਜਾਲ ਅਤੇ ਮਹਾਰਾਸ਼ਟਰ ਤੋਂ ਆਏ ਪੱਤਵੰਤੇ ਵੀ ਹਾਜ਼ਰ ਸਨ।
ਡਾ. ਦੇਸ਼ਮੁੱਖ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਆਧੁਨਿਕ ਮੁਕਾਬਲੇ ਦੇ ਯੁੱਗ ਵਿੱਚ ਨੌਜਵਾਨ ਪੀੜੀ ਨੇ ਕਿਤਾਬਾਂ ਅਤੇ ਸਾਹਿਤ ਪੜ੍ਹਨਾ ਘੱਟ ਕਰ ਦਿੱਤਾ ਹੈ ਅਤੇ ਕੰਪਿਊਟਰ, ਮੋਬਾਇਲ ‘ਤੇ ਵਟਸਐਪ ਤੇ ਐਸ.ਐਮ.ਐਸ ਦੀ ਜਿਆਦਾ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੰਪਿਊਟਰ, ਮੋਬਾਇਲ ‘ਤੇ ਐਸ.ਐਮ.ਐਸ. ਦੀ ਵਰਤੋਂ ਕਰਨ ਦੇ ਨਾਲ ਨਾਲ ਨੌਜਵਾਨਾਂ ਨੂੰ ਸਾਹਿਤ ਅਤੇ ਕਿਤਾਬਾਂ ਪੜ੍ਹਨੀਆਂ ਅਤੇ ਲਿਖਣੀਆਂ ਵੀ ਚਾਹੀਦੀਆਂ ਹਨ। ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਆਧੁਨਿਕ ਤਕਨੀਕਾਂ ਦੀ ਵਰਤੋਂ ਦੇ ਫਾਇਦੇ ਅਤੇ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਕਿਤਾਬਾਂ ਅਤੇ ਸਾਹਿਤ ਵੀ ਪੜ੍ਹਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਅਸੀਂ ਅਧੁਨਿਕ ਤਕਨੀਕਾਂ ਦਾ ਲੋੜ ਤੋਂ ਵੱਧ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ ਤਾਂ ਕਿਤਾਬਾਂ ਅਤੇ ਸਾਹਿਤ ਦਾ ਭਵਿੱਖ ਖਤਰੇ ਵਿੱਚ ਪੈ ਜਾਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿੱਚ ਆਧੁਨਿਕ ਤਕਨੀਕਾਂ ਦੇ ਨਾਲ ਨਾਲ ਕਿਤਾਬਾਂ ਅਤੇ ਸਾਹਿਤ ਪੜ੍ਹਨ ਅਤੇ ਲਿਖਣ ਦੀ ਰੂਚੀ ਪੈਦਾ ਕਰਨ ਦੀ ਜ਼ਰੂਰਤ ਹੈ।
Punjab Post Daily Online Newspaper & Print Media