Sunday, April 5, 2026

ਕੁਲਜੀਤ ਮਾਨ ਦੀ ਕਥਾ ਪੁਸਤਕ ‘ਝੁਮਕੇ’ ਤੇ ਹੋਈ ਵਿਚਾਰ ਚਰਚਾ

PPN1104201504

ਅੰਮ੍ਰਿਤਸਰ, 11 ਅਪ੍ਰੈਲ (ਜਗਦੀਪ ਸਿੰਘ ਸੱਗੂ) – ਵਿਰਸਾ ਵਿਹਾਰ ਸੋਸਾਇਟੀ ਅਤੇ ਜਨਵਾਦੀ ਲੇਖਕ ਸੰਘ ਵੱਲੋਂ ਗਲਪਕਾਰ ਕੁਲਜੀਤ ਮਾਨ ਦੇ ਕਹਾਣੀ ਸੰਗ੍ਰਹਿ ‘ਝੁਮਕੇ’ ਅਤੇ ‘ਆਕਾਸ਼ ਗੰਗਾ’ ਲੋਕ ਅਰਪਿਤ ਕੀਤੇ ਗਏ। ਅੰਮ੍ਰਿਤਾ ਪ੍ਰੀਤਮ ਸਾਹਿਤ ਸਦਨ ਵਿੱਚ ਹੋਏ ਸੰਖੇਪ ਪਰ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਦਾ ਮੰਚ ਸੰਚਾਲਣ ਕਰਦਿਆਂ ਦੀਪ ਦਵਿੰਦਰ ਸਿੰਘ ਨੇ ਮਹਿਮਾਨ ਲੇਖਕ ਦੀਆਂ ਪੁਸਤਕਾਂ ਦੇ ਹਵਾਲੇ ਨਾਲ ਜਾਣ-ਪਹਿਚਾਣ ਕਰਵਾਉਂਦਿਆਂ ਦੱਸਿਆ ਕਿ ਚਰਚਾ ਅਧੀਨ ਕਹਾਣੀਆਂ ਪ੍ਰਵਾਸ ਹੰਢਾਉਂਦੇ ਮਨੁੱਖ ਅੰਦਰਲੇ ਹੇਰਵੇ ਅਤੇ ਪਰਿਵਾਰਕ ਰਿਸ਼ਤਿਆ ਦੀ ਟੁੱਟ-ਭੱਜ ਤੇ ਕੁੜੱਤਣਤਾ ਬਿਆਨਦੀਆਂ ਹਨ। ਡਾ. ਬਲਜੀਤ ਕੌਰ ਰਿਆੜ ਨੇ ਅਰਥ ਭਰਪੂਰ ਬਹਿਸ ਨੂੰ ਅੱਗੇ ਤੋਰਦਿਆਂ ਦੱਸਿਆ ਕਿ ਇਹ ਕਹਾਣੀਆਂ ਜਿੱਥੇ ਪ੍ਰਵਾਸੀ ਨੌਜਵਾਨ ਪੀੜ੍ਹੀ ਅਤੇ ਬਜ਼ੁਰਗ ਮਾਪਿਆਂ ਅੰਦਰ ਪਣਪਦੇ ਕੁਸੈਲੇ ਰਿਸ਼ਤਿਆਂ ਦੀ ਤੈਅ ਫਰੋਲਦੀਆਂ ਹਨ, ਉਥੇ ਪ੍ਰਵਾਸੀ ਪੰਜਾਬੀ ਸਮਾਜ ਅਤੇ ਪੱਛਮੀ ਸਮਾਜ ਅੰਦਰਲੀ ਜੀਵਨਸ਼ੈਲੀ ਵੀ ਸਾਹਮਣੇ ਲਿਆਉਂਦੀਆਂ ਹਨ। ਕੇਵਲ ਧਾਲੀਵਾਲ ਅਤੇ ਡਾ. ਊਧਮ ਸਿੰਘ ਸ਼ਾਹੀ ਨੇ ਕਿਹਾ ਕਿ ਇਸ ਕਥਾ ਪੁਸਤਕ ਦੀਆਂ ਕਹਾਣੀਆਂ ਮੁੱਖ ਤੌਰ ਤੇ ਮਾਨਵੀ ਕਾਰ-ਵਿਹਾਰ ਦੀਆਂ ਕਈ ਪਰਤਾਂ ਦੀਆਂ ਨਿਸ਼ਾਨਦੇਹੀ ਕਰਦੀਆਂ ਹਨ। ਡਾ. ਜੋਗਿੰਦਰ ਸਿੰਘ ਕੈਰੋਂ ਅਤੇ ਡਾ. ਇਕਬਾਲ ਕੌਰ ਸੌਂਧ ਨੇ ਦੱਸਿਆ ਕਿ ‘ਝੁਮਕੇ’ ਅੰਦਰਲੀਆਂ ਕਹਾਣੀਆਂ ਬਾਹਰਲੀ ਧਰਤੇ ਦੇ ਕੌੜੇ ਸੱਚ ਨੂੰ ਬਿਆਨਦੀਆਂ ਹਨ। ਡਾ. ਬਿਕਰਮ ਸਿੰਘ ਘੁੰਮਣ ਅਤੇ ਭੁਪਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਹ ਕਹਾਣੀਆਂ ਮਨੁੱਖੀ ਕਦਰਾਂ-ਕੀਮਤਾਂ ਅਤੇ ਥੁੜਿਆਂ-ਟੁੱਟਿਆਂ ਦੇ ਹੱਕ ਵਿੱਚ ਭੁਗਤਦੀਆਂ ਹਨ। ਲੇਖਕ ਕੁਲਜੀਤ ਮਾਨ ਨੇ ਆਪਣੀ ਸਿਰਜਣ ਪ੍ਰਕਿਰਿਆ ਦੇ ਹਵਾਲੇ ਨਾਲ ਪ੍ਰਵਾਸੀ ਜਨ-ਜੀਵਨ ਦੇ ਅਨੁਭਵ ਸਾਂਝੇ ਕੀਤੇ।  ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ. ਹਜ਼ਾਰਾ ਸਿੰਘ ਚੀਮਾ, ਨਿਰਮਲ ਅਰਪਣ, ਧਰਵਿੰਦਰ ਔਲਖ, ਜਗਤਾਰ ਗਿੱਲ, ਅਰਤਿੰਦਰ ਸੰਧੂ, ਪ੍ਰਿੰ: ਕੁਲਵੰਤ ਸਿੰਘ ਅਣਖੀ, ਪ੍ਰਿੰ: ਨਰੋਤਮ ਸਿੰਘ, ਗਿ: ਸੰਤੋਖ ਸਿੰਘ ਆਸਟ੍ਰੇਲੀਆ, ਜਸਬੀਰ ਝਬਾਲ, ਡਾ. ਕਸ਼ਮੀਰ ਸਿੰਘ, ਹਰਭਜਨ ਖੇਮਕਰਨੀ, ਡਾ. ਸੁਹਿੰਦਰਬੀਰ, ਲਖਬੀਰ ਸਿੰਘ ਨਜਾਮਪੁਰ, ਬਲਕਾਰ ਸਿੰਘ ਦੁਧਾਲਾ, ਹਰਜੀਤ ਸੰਧੂ, ਸੁਖਬੀਰ ਅੰਮ੍ਰਿਤਸਰੀ, ਤੇਜਿੰਦਰ ਬਾਵਾ, ਜਸਵੰਤ ਜੱਸ, ਮਨਮੋਹਨ ਢਿੱਲੋਂ, ਮਹਾਂਵੀਰ ਗਿੱਲ, ਹਰਮੀਤ ਆਰਟਿਸਟ, ਹਰੀ ਸਿੰਘ ਗਰੀਬ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜ਼ਰ ਸਨ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply